ਨਵੇਂ ਰੌਜ਼ ਹਿਲ ਹਸਪਤਾਲ ਵਾਸਤੇ ਆਖਿਰਕਾਰ ਸਥਾਨ ਹੋਇਆ ਫਾਈਨਲ

ਨਿਊ ਸਾਊਥ ਵੇਲਜ਼ ਦੇ ਸਿਹਤ ਮੰਤਰੀ ਬਰੈਡ ਹੈਜ਼ਰਡ ਨੇ ਜਾਣਕਾਰੀ ਦਿੰਦਿਆਂ ਦੱਸਿਆ ਹੈ ਕਿ ਸਰਕਾਰ ਵੱਲੋਂ 300 ਮਿਲੀਅਨ ਡਾਲਰਾਂ ਦੀ ਲਾਗਤਾ ਨਾਲ ਬਣਾਏ ਜਾਣ ਵਾਲੇ ਰੌਜ਼ ਹਿਲ ਹਸਪਤਾਲ ਵਾਸਤੇ ਆਖਿਰਕਾਰ ਸਥਾਨ ਫਾਈਨਲ ਕਰ ਲਿਆ ਗਿਆ ਹੈ ਅਤੇ ਇਹ ਹਸਪਤਾਲ ਹੁਣ ਵਿੰਡਸਰ ਰੋਡ ਦੇ ਨਾਰਥ-ਈਸਟਰਨ ਪਾਸੇ ਬਣਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਇਹ ਸਥਾਨ ਕਮਰਸ਼ਿਅਲ ਸੜਕ ਦੇ ਨਜ਼ਦੀਕ ਹੀ ਪੈਂਦੀ ਹੈ ਤਾਂ ਇੱਥੋਂ ਬਹੁਤ ਸਾਰੇ ਲਿੰਕ ਪੱਛਮੀ ਸਿਡਨੀ ਦੀ ਵੱਧ ਰਹੀ ਆਬਾਦੀ ਨਾਲ ਜੁੜਦੇ ਹਨ ਅਤੇ ਲੋਕਾਂ ਨੂੰ ਆਵਾਜਾਈ ਲਈ ਸੋਖ ਹੋਣਾ ਲਾਜ਼ਮੀ ਹੈ।
ਉਨ੍ਹਾਂ ਇਹ ਵੀ ਦੱਸਿਆ ਕਿ ਇਸ ਸਥਾਨ ਦੀ ਭਾਲ ਵਿੱਚ ਸਰਕਾਰ ਦੇ ਨਾਲ ਨਾਲ ਸਿਹਤ ਅਧਿਕਾਰੀ ਅਤੇ ਸਥਾਨਕ ਭਾਈਚਾਰਕ ਲੋਕ ਵੀ ਸ਼ਿੱਦਤ ਨਾਲ ਲੱਗੇ ਸਨ ਅਤੇ ਹਰ ਕੋਈ ਅਜਿਹੀ ਥਾਂ ਨੂੰ ਲੋਚਦਾ ਸੀ ਜਿੱਥੇ ਕਿ ਇਸ ਹਸਪਤਾਲ ਦੇ ਬਣਨ ਨਾਲ ਵੱਧ ਤੋਂ ਵੱਧ ਲੋਕਾਂ ਨੂੰ ਇਸ ਦਾ ਸਿੱਧੇ ਅਤੇ ਅਸਿੱਧੇ ਰੂਪ ਵਿੱਚ ਫਾਇਦਾ ਮਿਲ ਸਕੇ। ਇਹ ਥਾਂ ਪਹਿਲਾਂ ਐਲਾਨੀ ਗਈ ਥਾਂ ਨਾਲੋਂ ਬਿਹਤਰ ਹੈ ਅਤੇ ਜ਼ਿਆਦਾ ਲੋਕਾਂ ਦੀ ਪਹੁੰਚ ਅੰਦਰ ਹੈ।
ਰਿਵਰਸਟੋਨ ਤੋਂ ਐਮ.ਪੀ. ਕੈਵਿਨ ਕੋਨੋਲੀ ਨੇ ਕਿਹਾ ਕਿ ਇਸ ਸਥਾਨ ਨੂੰ ਚੁਣ ਕੇ ਸਰਕਾਰ ਨੇ ਬਹੁਤ ਵਧੀਆ ਫੈਸਲਾ ਲਿਆ ਹੈ ਅਤੇ ਇਸ ਨਾਲ ਆਉਣ ਵਾਲੀਆਂ ਕਈ ਪੀੜ੍ਹੀਆਂ ਨੂੰ ਇਸ ਦਾ ਲਾਭ ਮਿਲਦਾ ਰਹੇਗਾ।
ਇਸੇ ਤਰ੍ਹਾਂ ਕਾਸਲ ਹਿਸ ਤੋਂ ਐਮ.ਪੀ. ਰੇਅ ਵਿਲੀਅਮਜ਼ ਨੇ ਕਿਹਾ ਕਿ ਇਸ ਹਸਪਤਾਲ ਦੇ ਬਣਨ ਨਾਲ ਰੌਜ਼ ਹਿਲ ਅਤੇ ਵੈਸਟਰਨ ਸਿਡਨੀ ਦੇ ਲੋਕਾਂ ਨੂੰ ਸਿੱਧੇ ਤੌਰ ਤੇ ਫਾਇਦਾ ਹੋਵੇਗਾ ਕਿਉਂਕਿ ਇਹ ਦੋਹਾਂ ਸਥਾਨਾਂ ਨੂੰ ਸਿਡਨੀ ਮੈਟਰੋ ਨਾਲ ਜੋੜਦਾ ਹੈ ਅਤੇ ਇਹ ਜਿੱਥੇ ਰੌਜ਼ ਹਿਲ ਦੇ ਐਨ ਵਿਚਕਾਰ ਪੈਂਦਾ ਹੈ ਉਥੇ ਹੀ ਸਿਡਨੀ ਮੈਟਰੋ ਸਟੇਸ਼ਨ ਦੇ ਵੀ ਬਹੁਤ ਜ਼ਿਆਦਾ ਨਜ਼ਦੀਕ ਪੈਂਦਾ ਹੈ। ਉਨ੍ਹਾਂ ਇਹ ਵੀ ਕਿਹਾ ਕਿ ਚੰਗੀ ਸੜਕ ਪਰਿਵਹਨ ਦੀ ਹਾਲਤ ਮਹਿਜ਼ ਮਰੀਜ਼ਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਲਈ ਹੀ ਵਧੀਆ ਸਾਬਿਤ ਨਹੀਂ ਹੁੰਦੀ ਸਗੋਂ ਸਟਾਫ ਅਤੇ ਹੋਰ ਹਜ਼ਾਰਾਂ ਹੀ ਅਜਿਹੇ ਲੋਕਾਂ ਲਈ ਵੀ ਜ਼ਰੂਰੀ ਹੁੰਦੀ ਹੈ ਜਿਨ੍ਹਾਂ ਦੀ ਕਿ ਅਜਿਹੇ ਪ੍ਰਾਜੈਕਟਾਂ ਲਈ ਬਹੁਤ ਜ਼ਿਆਦਾ ਲੋੜ ਹੁੰਦੀ ਹੈ ਅਤੇ ਸਮਾਂ ਪੈਣ ਤੇ ਇਹ ਲੋਕ ਅਜਿਹੀਆਂ ਸਹੂਲਤਾਂ ਕਾਰਨ ਆਪਣਾ ਵਧੀਆ ਰੋਲ ਸੇਵਾਵਾਂ ਨੂੰ ਪ੍ਰਦਾਨ ਕਰਣ ਵਿੱਚ ਨਿਭਾਉ਼ਂਦੇ ਹਨ।
ਜ਼ਿਕਰਯੋਗ ਹੈ ਕਿ ਇਸ ਸਥਾਨ ਉਪਰ ਹੁਣ ਨਵੇਂ ਹਸਪਤਾਲ ਦੀ ਉਸਾਰੀ ਮਾਰਚ 2023 ਤੱਕ ਸ਼ੁਰੂ ਹੋ ਜਾਵੇਗੀ ਅਤੇ ਇਹ ਪ੍ਰਾਜੈਕਟ ਰਾਜ ਸਰਕਾਰ ਦੇ 10.7 ਬਿਲੀਅਨ ਵਾਲੇ ਪ੍ਰਾਜੈਕਟ ਦਾ ਹੀ ਹਿੱਸਾ ਹੈ ਜੋ ਕਿ ਬੀਤੇ ਚਾਰ ਸਾਲਾਂ ਤੋਂ ਸਰਕਾਰ ਜਨਤਕ ਸਿਹਤ ਭਲਾਈ ਲਈ ਖਰਚ ਕਰ ਰਹੀ ਹੈ ਅਤੇ ਇਸ ਬਾਬਤ ਬੁਨਿਆਦੀ ਢਾਂਚੇ ਖੜ੍ਹੇ ਕਰ ਰਹੀ ਹੈ। ਸਾਲ 2011 ਤੋਂ ਲੈ ਕੇ ਹੁਣ ਤੱਕ ਰਾਜ ਸਰਕਾਰ ਨੇ ਅਜਿਹੇ 150 ਪ੍ਰਾਜੈਕਟਾਂ ਨੂੰ ਸਿਰੇ ਚਾੜ੍ਹਿਆ ਹੈ ਅਤੇ ਜਨਤਕ ਸੇਵਾਵਾਂ ਲਈ ਪ੍ਰਦਾਨ ਕੀਤਾ ਹੈ।

Install Punjabi Akhbar App

Install
×