ਹੁਣ ਵੱਜੇਗਾ ‘ਯਾਰਾਨਾ’ ਦਾ ਹਰ ਗਾਣਾ

001a ਪੰਜਾਬ ਨੇ ਉਂਜ ਤਾਂ ਕਈ ਖਿਡਾਰੀ ਵੱਖ-ਵੱਖ ਖੇਡਾਂ ਨੂੰ ਦਿੱਤੇ ਹਨ। ਪਰ ਇੱਕ ਵਾਰ ਫ਼ੇਰ ਪੰਜਾਬ ਵਿਚ ਖੇਡਾਂ ਨੂੰ ਪ੍ਰਫੁੱਲਤ ਕਰਨ ਲਈ ਪੰਜਾਬੀ ਸਿਨੇਮਾ ਇੱਕ ਹੋਰ ਪਹਿਲ ਕਰਨ ਜਾ ਰਿਹਾ ਹੈ। ਇਸ ਵਾਰ ਪਰਦੇ ‘ਤੇ ਆ ਰਹੀ ਹੈ ਪੰਜਾਬੀ ਫ਼ਿਲਮ ‘ਯਾਰਾਨਾ’, ਜਿਹੜੀ ਕਿ ਪ੍ਰੋਡਕਸ਼ਨ ਹੈ ਸੁਖਬੀਰ ਸੰਧਰ ਫ਼ਿਲਮਜ਼ ਪ੍ਰਾਈਵੇਟ ਲਿਮਿਟੇਡ ਦੀ ਅਤੇ ਸਹਿਯੋਗ ਦਿੱਤਾ ਹੈ ਕਰੀਨਾ ਫ਼ਿਲਮਜ਼ ਨੇ। 24 ਅਪ੍ਰੈਲ ਨੂੰ ਰਿਲੀਜ਼ ਹੋਣ ਜਾ ਰਹੀ ਇਸ ਫ਼ਿਲਮ ਨੂੰ ਪੇਸ਼ ਕਰ ਰਹੀ ਹੈ ਟਿੱਪਸ ਫ਼ਿਲਮਜ਼ ਅਤੇ ਇਸ ਵਿਚ ਫੁੱਟਬਾਲ ਨੂੰ ਕੇਂਦ੍ਰਤ ਕਰਦਿਆਂ ਕਹਾਣੀ ਲਿਖੀ ਗਈ ਹੈ। ਯੁਵਰਾਜ ਹੰਸ, ਗੀਤਾ ਜੈਲਦਾਰ, ਗੈਵੀ ਚਹਿਲ, ਯੁਵਿਕਾ ਚੌਧਰੀ, ਕਸ਼ਿਸ਼ ਸਿੰਘ, ਰੁਪਾਲੀ ਸੂਦ, ਯਸ਼ਪਾਲ ਸ਼ਰਮਾ, ਡਾਲੀ ਮਿਨਹਾਸ ਅਤੇ ਪੁਨੀਤ ਇੱਸਰ ਮੁੱਖ ਕਿਰਦਾਰ ਨਿਭਾਅ ਰਹੇ ਹਨ। ਫ਼ਿਲਮ ਨੂੰ ਪ੍ਰੋਡਿਊਸ ਕੀਤਾ ਹੈ ਸੁਖਬੀਰ ਸੰਧਰ ਅਤੇ ਰੰਜਨਾ ਕੈਂਟ ਨੇ, ਕੋ ਪ੍ਰੋਡਿਊਸਰ ਹਨ, ਰਮਨ ਭੰਡਾਰੀ ਅਤੇ ਰਵੀ ਸਿੰਘ ਦਿਓਲ ਹਨ ਫ਼ਿਲਮ ਦੇ ਐਸੋਸੀਏਟ ਪ੍ਰੋਡਿਊਸਰ। ਫ਼ਿਲਮ ਕਹਾਣੀ, ਪਟਕਥਾ ਅਤੇ ਨਿਰਦੇਸ਼ਨਾ ਸੰਭਾਲੀ ਹੈ ਰਣਬੀਰ ਪੁਸ਼ਪ ਨੇ।
ਸ਼ੁੱਕਰਵਾਰ ਨੂੰ ਫ਼ਿਲਮ ਦੇ ਸੰਗੀਤ ਰਿਲੀਜ਼ ਦੇ ਲਈ ਟੀਮ ਦੇ ਮੈਂਬਰ ਜਲੰਧਰ ਪੁੱਜੇ। ਸੰਗੀਤ ਦਿੱਤਾ ਹੈ ਗੁਰਮੀਤ ਸਿੰਘ ਨੇ, ਜਿਹੜੇ ਕਿ ਪਿਛਲੀ ਕਈ ਪੰਜਾਬੀ ਫ਼ਿਲਮਾਂ ਵਿਚ ਬਿਹਤਰੀਨ ਸੰਗੀਤ ਕੰਪੋਜ਼ ਕਰਕੇ ਨਾਮਣਾ ਖੱਟ ਚੁੱਕੇ ਹਨ। ਕੁਲ ਅੱਠ ਗੀਤਾਂ ਵਿਚੋਂ ਤਿੰਨ ਗੀਤ ਗੁਰਚਰਣ ਸਿੰਘ ਅਤੇ ਇੱਕ ਗੀਤ ਮਨੋਜ ਨਇਨ ਨੇ ਵੀ ਕੰਪੋਜ ਕੀਤਾ ਹੈ। ਬੋਲ ਲਿਖਣ ਵਿਚ ਆਪਣੀ ਕਲਮ ਦਾ ਕਮਾਲ ਵਿਖਾਇਆ ਹੈ ਰਣਬੀਰ ਪੁਸ਼ਪ ਅਤੇ ਬਚਨ ਬੇਦਿਲ ਬਡਰੁੱਖਾਂ ਨੇ। ਮੁੱਖ ਅਦਾਕਾਰ ਯੁਵਰਾਜ ਹੰਸ ਅਤੇ ਗੀਤਾ ਜੈਲਦਾਰ ਨੇ ਆਪਣੀ ਆਵਾਜ਼ ਨਾਲ ਇਨ੍ਹਾਂ ਗੀਤਾਂ ਨੂੰ ਸਜਾਇਆ ਹੈ। ਇੱਕ-ਇੱਕ ਗੀਤ ਦਲੇਰ ਮਹਿੰਦੀ ਅਤੇ ਤੋਚੀ ਰਾਇਨਾ ਨੇ ਵੀ ਗਾਇਆ ਹੈ।
ਇਸ ਮੌਕੇ ਪ੍ਰੋਡਿਊਸਰ ਸੁਖਬੀਰ ਅਤੇ ਰੰਜਨਾ ਦਾ ਕਹਿਣਾ ਸੀ ਕਿ ਸਾਡੇ ਮੁੱਖ ਅਦਾਕਾਰ ਅੱਜ ਦੀ ਪੀੜ੍ਹੀ ਲਈ ਪ੍ਰੇਰਣਾ ਦਾ ਸਰੋਤ ਹਨ। ਇਸੇ ਲਈ ਅਸੀਂ ਅਜਿਹੀਆਂ ਸਖ਼ਸ਼ੀਅਤਾਂ ਨੂੰ ਦਰਸ਼ਕਾਂ ਤੱਕ ਲੈ ਕੇ ਆਉਣਾ ਚਾਹੁੰਦੇ ਸੀ, ਜਿਸ ਨਾਲ ਫ਼ਿਲਮ ਦੇ ਸਹੀ ਸੁਨੇਹੇ ਦਰਸ਼ਕਾਂ ਤੱਕ ਪੁੱਜ ਸਕਣ। ਕਿਉਂਕਿ ਸਾਡੇ ਅਦਾਕਾਰ ਮੰਨੇ-ਪ੍ਰਮੰਨੇ ਗਾਇਕ ਵੀ ਹਨ, ਇਸੇ ਲਈ ਇਹ ਸਾਡੇ ਲਈ ਸੋਨੇ ‘ਤੇ ਸੁਹਾਗੇ ਜਿਹਾ ਹੀ ਕੁਝ ਸੀ। ਫ਼ਿਲਮ ਦਾ ਸੰਗੀਤ ਬਿਹਤਰੀਨ ਹੈ ਅਤੇ ਛੇਤੀ ਹੀ ਨੌਜਵਾਨਾਂ ਦੀ ਜੁਬਾਨੀ ਚੜ੍ਹ ਜਾਵੇਗਾ।
ਕੋ-ਪ੍ਰੋਡਿਊਸਰ ਰਮਨ ਭੰਡਾਰੀ ਅਤੇ ਐਸੋਸੀਏਟ ਪ੍ਰੋਡਿਊਸਰ ਰਵੀ ਦਿਓਲ ਦਾ ਮੰਨਣਾ ਹੈ ਕਿ ਫ਼ਿਲਮ ਬਣਾਉਣਾ ਸੁਮੇਲ ‘ਤੇ ਅਧਾਰਤ ਹੁੰਦਾ ਹੈ। ਅਸੀਂ ਠੀਕ ਉਹੋ ਜਿਹਾ ਕੀਤਾ ਅਤੇ ਪ੍ਰੋਜੈਕਟ ਦੇ ਨਾਲ ਅੱਗੇ ਵਧੇ। ਡਾਇਰੈਕਟਰ ਰਣਬੀਰ ਪੁਸ਼ਪ ਨੇ ਦੱਸਿਆ ਕਿ ਉਨ੍ਹਾਂ ਨੇ ਇਹ ਕਹਾਣੀ ਪੰਜਾਬ ਦੇ ਨੌਜਵਾਨਾਂ ਨੂੰ ਜਹਿਨ ਵਿਚ ਰੱਖਦਿਆਂ ਲਿਖੀ ਸੀ ਅਤੇ ਸਾਰੇ ਅਦਾਕਾਰਾਂ ਨੇ ਆਪਣਾ ਸੌ ਫ਼ੀਸਦੀ ਯੋਗਦਾਨ ਪਾ ਕੇ ਵਿਖਾਇਆ। ਫ਼ਿਲਮ ਦਾ ਸੰਗੀਤ ਕਹਾਣੀ ਨੂੰ ਅੱਗੇ ਤੋਰਦਾ ਹੈ ਅਤੇ ਫ਼ਿਲਮ ਦਾ ਇੱਕ ਅਹਿਮ ਹਿੱਸਾ ਹੈ।
ਯੁਵਰਾਜ, ਗੀਤਾ ਅਤੇ ਗੈਵੀ ਨੇ ਦੱਸਿਆ ਕਿ ਫ਼ਿਲਮ ਦੇ ਗੀਤ ਲੋਕਾਂ ਦਾ ਮਨ ਮੋਹ ਲੈਣਗੇ। ਗੀਤਾਂ ਦੀ ਮੈਲੋਡੀ ਤਾਂ ਬਿਹਤਰੀਨ ਹੈ ਹੀ, ਨਾਲ ਹੀ ਕੋਰਿਓਗ੍ਰਾਫ਼ੀ ਅਤੇ ਸਿਨੇਮਾਟੋਗ੍ਰਾਫੀ ਵੀ ਵੇਖਣ ਲਾਇਕ ਹੈ। ਡਾਇਰੈਕਟਰ ਸਾਹਿਬ ਆਪ ਇੱਕ ਬਿਹਤਰੀਨ ਲੇਖਕ ਹਨ, ਇਸੇ ਲਈ ਉਨ੍ਹਾਂ ਨੇ ਸਾਨੂੰ ਤਿਨਾਂ ਦੇ ਕਿਰਦਾਰ ਨੂੰ ਬਾਖੂਬੀ ਇਨ੍ਹਾਂ ਗੀਤਾਂ ਦੇ ਲੀਰਿਕਸ ਨਾਲ ਜੋੜਿਆ ਹੈ। ਫ਼ਿਲਮ ਵੇਖਣ ਤੋਂ ਬਾਅਦ ਨੌਜਵਾਨਾਂ ਦਾ ਰੁਝੇਵਾਂ ਫੁੱਟਬਾਲ ਵੱਲ ਜਰੂਰ ਮੁੜੇਗਾ।

Install Punjabi Akhbar App

Install
×