ਪੰਜਾਬੀ ਫ਼ਿਲਮ ਸਨਅਤ ‘ਚ ਨਵਾਂ ਇਤਿਹਾਸ ਸਿਰਜੇਗੀ ਫ਼ਿਲਮ ‘ਡਬਲ ਦੀ ਟ੍ਰਬਲ’

double-de-trouble
Îਮੌਜੂਦਾ ਦੌਰ ‘ਚ ਬਣਨ ਵਾਲੀਆਂ ਪੰਜਾਬੀ ਫ਼ਿਲਮਾਂ ਦਰਸ਼ਕਾਂ ਨੂੰ ਮਿਆਰੀ ਤੇ ਸਾਫ-ਸੁਥਰਾ ਮੰਨੋਰੰਜਨ ਮੁਹੱਈਆ ਕਰਵਾਉਣ ਲਈ ਵਚਨਬੱਧ ਹੈ ਤੇ ਅੱਜ-ਕੱਲ• ਜ਼ਿਆਦਾਤਰ ਕਾਮੇਡੀ ‘ਤੇ ਆਧਾਰਿਤ ਫ਼ਿਲਮਾਂ ਹੀ ਬਣ ਰਹੀਆਂ ਹਨ ਜੋ ਕਿ ਦਰਸ਼ਕਾਂ ਨੂੰ ਸਿਨੇਮਾ ਤੱਕ ਲੈ ਕੇ ਆਉਣ ਤੇ ਪੰਜਾਬੀ ਫ਼ਿਲਮ ਸਨਅਤ ਨੂੰ ਹੋਰ ਉੱਚਾ ਚੁੱਕਣ ਲਈ ਆਪਣਾ ਯੋਗਦਾਨ ਪਾ ਰਹੀਆਂ ਹਨ। ਇਸੇ ਹੀ ਕੜੀ ਤਹਿਤ ‘ਕੈਰੀ ਆਨ ਜੱਟਾ’, ‘ਲੱਕੀ ਦੀ ਅਨਲੱਕੀ ਸਟੋਰੀ’ ਤੇ ‘ਭਾਜੀ ਇਨ ਪ੍ਰੋਬਲਮ’ ਵਰਗੀਆਂ ਕਾਮੇਡੀ ‘ਤੇ ਅਧਾਰਿਤ ਫ਼ਿਲਮਾਂ ਦਾ ਨਿਰਦੇਸ਼ਨ ਕਰ ਚੁੱਕੇ ਪੰਜਾਬੀ ਸਿਨੇਮਾ ਦੇ ਸੂਝਵਾਨ ਤੇ ਹੋਣਹਾਰ ਨਿਰਦੇਸ਼ਕ ਸਮੀਪ ਕੰਗ ਆਪਣੀ ਅਗਲੀ ਫਿਲਮ ‘ਡਬਲ ਦੀ ਟ੍ਰਬਲ’ ਰਾਹੀਂ ਪੰਜਾਬੀ ਫ਼ਿਲਮ ਸਨਅਤ ਲਈ ਨਵੀਂਆਂ ਆਸ਼ਾਵਾਂ ਲੈ ਕੇ ਆਏ ਹਨ।
ਬਾਲੀਵੁੱਡ ਦੇ ਚਰਚਿਤ ‘ਮੁਕਤਾ ਆਰਟਸ’ ਦੇ ਬੈਨਰ ਹੇਠ ਬਣੀ ਫ਼ਿਲਮ ‘ਡਬਲ ਦੀ ਟ੍ਰਬਲ’ ਦੇ ਨਿਰਮਾਤਾ ਬਾਲੀਵੁੱਡ ਦੇ ਉੱਘੇ ਸ਼ੋਅਮੈਨ ਸੁਭਾਸ਼ ਘਈ ਤੇ ਉਨ•ਾਂ ਦੇ ਭਰਾ ਅਸ਼ੋਕ ਘਈ ਹਨ। ਜ਼ਿਕਰਯੋਗ ਹੈ ਕਿ ਸੁਭਾਸ਼ ਘਈ ਆਪਣੇ ਘਰੇਲੂ ਬੈਨਰ ‘ਮੁਕਤਾ ਆਰਟਸ’ ਦੇ ਜ਼ਰੀਏ ਬਾਲੀਵੁੱਡ ਦੀਆਂ ਕਈ ਹਿੱਟ ਫਿਲਮਾਂ ਦਰਸ਼ਕਾਂ ਦੀ ਝੋਲੀ ਪਾ ਚੁੱਕੇ ਹਨ। ਫ਼ਿਲਮ ਦੇ ਸਹਾਇਕ ਨਿਰਮਾਤਾ ‘ਚ ਕੈਨੀ ਛਾਬੜਾ ਦਾ ਨਾਮ ਜੁੜਿਆ ਹੈ।
ਫ਼ਿਲਮ ਨਿਰਮਾਤਾ ਦਾ ਕਹਿਣਾ ਹੈ ਕਿ ਇਹ ਫ਼ਿਲਮ ਪੰਜਾਬੀ ਸਿਨੇਮਾ ਜਗਤ ਲਈ ਨਵੇਂ  ਕੀਰਤੀਮਾਨ ਸਥਾਪਿਤ ਕਰੇਗੀ, ਕਿਉਂਕਿ ਇਸ ਫ਼ਿਲਮ ‘ਚ ਬਾਲੀਵੁੱਡ ਦੇ ਹੀਮੈਨ ਕਹਾਏ ਜਾਣ ਵਾਲੇ ਧਰਮਿੰਦਰ ਦਿਓਲ ਪਹਿਲੀ ਵਾਰ ਪੰਜਾਬੀ ਫ਼ਿਲਮ ‘ਚ ਫੂੱਲ-ਫਲੈਸ਼ ਐਕਟਿੰਗ ਕਰਦੇ ਨਜ਼ਰ ਆਉਣਗੇ। ਹੋਰ ਉਤਸੁਕਤਾ ਵਾਲੀ ਗੱਲ ਇਹ ਹੋਵੇਗੀ ਕਿ ਉਹ ਫ਼ਿਲਮ ਵਿੱਚ ਡਬਲ ਰੋਲ ‘ਚ ਹਨ। ਆਪਣੇ ਇਸ ਕਿਰਦਾਰ ਨੂੰ ਨਿਭਾ ਕੇ ਉਹ ਬਹੁਤ ਖੁਸ਼ ਹਨ। ਫ਼ਿਲਮ ‘ਚ ਉਹ ਇੱਕ ਵਕੀਲ ਦੇ ਰੂਪ ‘ਚ ਨਜ਼ਰ ਆਉਣਗੇ ਤੇ ਉਨ•ਾਂ ਨਾਲ ਗਾਇਕ ਤੇ ਅਦਾਕਾਰ ਗਿੱਪੀ ਗਰੇਵਾਲ ਉਨ•ਾਂ ਦੇ  ਪੁੱਤਰ ਦਾ ਰੋਲ ਅਦਾ ਕਰ ਰਹੇ ਹਨ। ਗਿੱਪੀ ਗਰੇਵਾਲ ਵੀ ਇਸ ਫ਼ਿਲਮ ਵਿੱਚ ਦੋਹਰੀ ਭੂਮਿਕਾ ‘ਚ ਹਨ।
ਫ਼ਿਲਮ ਦੀ ਕਹਾਣੀ ਤੇ ਸਕਰੀਨਪਲੇਅ ਨਿਰਦੇਸ਼ਕ ਸਮੀਪ ਕੰਗ ਨੇ ਲਿਖੇ ਹਨ। ਫ਼ਿਲਮ ਬਾਰੇ ਜਦੋਂ ਉਨ•ਾਂ ਨਾਲ ਗੱਲ ਕੀਤੀ ਗਈ ਤਾਂ ਉਨ•ਾਂ ਨੇ ਕਿਹਾ ਕਿ ਫ਼ਿਲਮ ਦੀ ਕਹਾਣੀ ਸ਼ੈਕਸ਼ਪੀਅਰ ਦੇ ਨਾਵਲ ‘ਏ ਕਾਮੇਡੀ ਆਫ ਏਰਰ’ ‘ਤੇ ਅਧਾਰਿਤ ਹੈ। ਫ਼ਿਲਮ ਦੇ ਸੰਵਾਦ ਨਰੇਸ਼ ਕਥੂਰੀਆ ਨੇ ਲਿਖੇ ਹਨ ਜੋਂ ਪਹਿਲਾਂ ਵੀ ਕਈ ਪੰਜਾਬੀ ਫ਼ਿਲਮਾਂ ਦੇ ਸੰਵਾਦ ਲਿਖ ਚੁੱਕੇ ਹਨ। ਫ਼ਿਲਮ ‘ਚ ਬਾਲੀਵੁੱਡ ਅਦਾਕਾਰ ਧਰਮਿੰਦਰ ਦਿਓਲ  ਅਜੀਤ ਤੇ ਮਨਜੀਤ ਨਾਮ ਦੇ ਦੋਹਰੇ ਕਿਰਦਾਰ ਨਿਭਾ ਰਹੇ ਹਨ। ਉਨ•ਾਂ ਨਾਲ ਹੀ ਗਿੱਪੀ ਗਰੇਵਾਲ ਵੀ ਦੋਹਰੇ ਕਿਰਦਾਰ ਫਤਿਹ ਅਤੇ ਏਕਮ ਰਾਹੀਂ ਦਰਸ਼ਕਾਂ ਦੇ ਰੂ-ਬ-ਰੂ ਹੋਣਗੇ। ਜੇਕਰ ਫ਼ਿਲਮ ਦੀ ਕਹਾਣੀ ‘ਤੇ ਝਾਤ ਮਾਰੀ ਜਾਵੇ ਤਾਂ ਇਹ ਇਕ ਪਿੰਡ ‘ਚ ਰਹਿੰਦੇ ਅਜੀਤ ਤੇ ਉਸਦੇ ਪੁੱਤਰ ਫਤਿਹ ਦੀ ਕਹਾਣੀ ਹੈ ਜੋ ਦੋਵੇਂ ਪੇਸ਼ੇ ਵਜੋਂ ਵਕੀਲ ਹਨ ਤੇ ਫ਼ਿਲਮ ‘ਚ ਅਜੀਤ ਅਤੇ ਫਤਿਹ ਦੇ ਅੱਗੋਂ ਜੁੜਵਾਂ ਮਨਜੀਤ ਤੇ ਏਕਮ ਵੀ ਹਨ। ਫ਼ਿਲਮ ‘ਚ ਫਤਿਹ ਦਾ ਪਿਆਰ ਹਰਲੀਨ ਨਾਲ ਹੁੰਦਾ ਹੈ।
ਫ਼ਿਲਮ ‘ਚ ਅਜੀਤ ਤੇ ਮਨਜੀਤ ਦੇ ਡਬਲ ਰੋਲ ਨੂੰ ਲੈ ਕੇ ਕਿੰਝ ਉਲਝਣਾਂ ਪੈਦਾ ਹੁੰਦੀਆਂ ਹਨ ? ਤੇ ਹਰ ਸੀਨ ‘ਚ ਕਿਵੇਂ ਹਾਸਾ ਉਭਰਦਾ ਹੈ ? ਡਬਲ ਰੋਲ ਦਾ ਭੇਤ ਖੁੱਲਦਾ ਹੈ ਜਾਂ ਨਹੀਂ ? ਇਹ ਸਭ ਕੁਝ ਤਾਂ ਫ਼ਿਲਮ ਦੇਖਣ ਤੋਂ ਬਾਅਦ ਹੀ ਪਤਾ ਲੱਗੇਗਾ। ਫ਼ਿਲਮ ਕਾਮੇਡੀ ਭਰਪੂਰ ਹੈ। ਧਰਮਿੰਦਰ ਦਿਓਲ ਜਿਨ•ਾਂ ਬਾਲੀਵੁੱਡ ‘ਚ ਪੰਜ ਦਹਾਕਿਆਂ ਤੋਂ ਵੀ ਵੱਧ ਦਾ ਸਮਾਂ ਤੈਅ ਕੀਤਾ ਹੈ, ਇਸ ਫ਼ਿਲਮ ਦੇ ਜਿੰਦ-ਜਾਨ ਹਨ। ਜੇਕਰ ਫ਼ਿਲਮ ਦੀ ਬਾਕੀ ਸਟਾਰਕਾਸਟ ਦੀ ਗੱਲ ਕਰੀਏ ਤਾਂ ਉਹ ਵੀ ਬਾਲੀਵੁੱਡ ਦੇ ਹੰਢੇ ਹੋਏ ਕਲਾਕਾਰ ਹਨ ਜਿਨ•ਾਂ ‘ਚ ਪੂਨਮ ਢਿੱਲੋਂ, ਮਨੀਸ਼ਾ ਲਾਂਭਾ ,ਕੁਲਰਾਜ ਰੰਧਾਵਾ ,ਰਾਗਿਨੀ ਖੰਨਾ, ਗੁਰਪ੍ਰੀਤ ਘੁੱਗੀ, ਬੀ.ਐੱਨ ਸ਼ਰਮਾ, ਕਰਮਜੀਤ ਅਨਮੋਲ ਆਦਿ ਦੇ ਨਾਮ ਸ਼ਾਮਲ ਹਨ। ਕੁਲ ਮਿਲਾ ਕੇ ਇਹ ਇਕ ਪਰਿਵਾਰਕ ਤੇ ਮਨੋਰੰਜਨ ਭਰਪੂਰ ਫ਼ਿਲਮ ਦੱਸੀ ਜਾ ਰਹੀ ਹੈ। ਫ਼ਿਲਮ ਦੀ ਸ਼ੂਟਿੰਗ ਚੰਡੀਗੜ•, ਮੁਹਾਲੀ, ਜ਼ੀਰਕਪੁਰ ਤੇ ਮੁੰਬਈ ‘ਚ ਕੀਤੀ ਗਈ ਹੈ। ਫ਼ਿਲਮ ਦੇ ਐਕਸ਼ਨ ਡਾਇਰੈਕਟਰ ਮੋਹਨ ਬਗੜ ਹਨ, ਕੈਮਰਾਮੈਨ ਕਬੀਰ ਲਾਲ ਦੁਆਰਾ ਫ਼ਿਲਮਾਏ ਸੀਨ ਬਾਲੀਵੁੱਡ ਵਰਗੀ ਫ਼ਿਲਮ ਦਾ ਨਜ਼ਾਰਾ ਦੇਣਗੇ।
ਕਿਸੇ ਵੀ ਫ਼ਿਲਮ ਦਾ ਸੰੰਗੀਤ ਫ਼ਿਲਮ ਦੀ ਰੀੜ ਦੀ ਹੱਡੀ ਹੁੰਦਾ ਹੈ ਇਸ ਲਈ ਗੀਤ-ਸੰਗੀਤ ਦਾ ਖਾਸ ਧਿਆਨ ਰੱਖਿਆ ਗਿਆ ਹੈ। ਫ਼ਿਲਮ ਨੂੰ ਲਾਜਵਾਬ ਸੰਗੀਤ ਉੱਘੇ ਸੰਗੀਤਕਾਰ ਜਤਿੰਦਰ ਸ਼ਾਹ, ਰਾਹਤ ਫਤਿਹ ਅਲੀ ਖਾਨ, ਮੀਤ ਬ੍ਰਦਰਜ਼ ,ਅਨਜਾਣ, ਪੋਪਸੀ ਤੇ ਪਾਵ ਧਰੀਆ ਨੇ ਦਿੱਤਾ ਹੈ। ਫ਼ਿਲਮ ਦਾ ਸੰਗੀਤ ਸਮੀਪ ਕੰਗ ਦੀਆਂ ਪਹਿਲੀਆਂ ਫ਼ਿਲਮਾਂ ਨਾਲੋਂ ਵੱਖਰਾ ਤੇ ਕੁਝ ਹੱਟ ਕੇ ਹੋਵੇਗਾ। ਇਨ•ਾਂ ਗਾਣਿਆਂ ਨੂੰ ਕਲਮਬੱਧ ਬਾਲੀਵੁੱਡ/ਪਾਲੀਵੁੱਡ ਦੇ ਗੀਤਕਾਰ ਕੁਮਾਰ ,ਜਗਦੇਵ ਮਾਨ, ਹੈਪੀ ਤੇ ਬੀਤ ਬਲਜੀਤ ਹੁਰਾਂ ਨੇ ਕੀਤਾ ਹੈ । ਫ਼ਿਲਮ ‘ਚ ਕੁੱਲ 5 ਗੀਤ ਹਨ। ਟਾਈਟਲ ਟਰੈਕ ਨੂੰ ਆਵਾਜ਼ ਰਣਜੀਤ ਬਾਵਾ ਤੇ ਫ਼ਿਲਮ ਦੇ ਸਹਾਇਕ ਨਿਰਮਾਤਾ ਕੈਨੀ ਛਾਬੜਾ ਨੇ ਦਿੱਤੀ ਹੈ। ਉਨ•ਾਂ ਇਸ ਗੱਲ ‘ਤੇ ਖੁਸ਼ੀ ਪ੍ਰਗਟਾਈ ਹੈ ਕਿ ਜਿੱਥੇ ਉਹ ਇਸ ਫ਼ਿਲਮ ਦੇ ਸਹਾਇਕ ਨਿਰਮਾਤਾ ਹਨ ਉੱਥੇ ਫ਼ਿਲਮ ਦਾ ਟਾਈਟਲ ਟਰੈਕ ਰਣਜੀਤ ਬਾਵਾ ਨਾਲ ਗਾਉਣਾ ਮੇਰੇ ਲਈ ਮਾਣ ਵਾਲੀ ਗੱਲ ਹੈ। ਇਹ ਉਨ•ਾਂ ਦਾ ਪਹਿਲਾਂ ਡੈਬਿਊ ਹੈ। ਇਸ ਤੋਂ ਇਲਾਵਾ ਹੋਰਨਾਂ ਗਾਣਿਆਂ ਨੂੰ ਆਵਾਜ਼ ਗਿੱਪੀ ਗਰੇਵਾਲ, ਜ਼ੈਜ਼ੀ ਬੀ, ਰਾਹਤ ਫਤਿਹ ਅਲੀ ਖਾਨ ਤੇ ਖੂਸ਼ਬੂ ਗਰੇਵਾਲ ਨੇ ਦਿੱਤੀ ਹੈ।
ਕਹਾਣੀ , ਸੰਗੀਤ, ਸਕਰੀਨਪਲੇਅ ਤੇ ਕੁਆਲਟੀ ਪੱਖੋਂ ਫ਼ਿਲਮ ਪਰਿਪੱਕ ਦੱਸੀ ਜਾ ਰਹੀ ਹੈ। ਨਿਰਦੇਸ਼ਕ ਸਮੀਪ ਕੰਗ ਨੇ ਜਿੱਥੇ ਤਨਦੇਹੀ ਨਾਲ ਮਿਹਨਤ ਕਰਕੇ ਇਸ ਫ਼ਿਲਮ ਨੂੰ ਬਣਾਇਆ ਹੈ ਉੱਥੇ ਫ਼ਿਲਮ ਦੀ ਬਾਕੀ ਟੀਮ ਨੇ ਵੀ ਆਪਣੀ ਜੀਅ-ਜਾਨ ਲਗਾ ਕੇ ਫ਼ਿਲਮ ਨੂੰ ਸਾਰਥਕ ਬਣਾਉਣ ‘ਚ ਭਰਪੂਰ ਰੋਲ ਅਦਾ ਕੀਤਾ ਹੈ। ਕੁੱਲ ਮਿਲਾ ਕੇ ਕਾਮੇਡੀ ਤੇ ਮਿਆਰੀ ਮੰਨੋਰੰਜਨ ਦਾ ਦਾਅਵਾ ਕਰਦੀ ਇਹ ਫ਼ਿਲਮ ਜ਼ਰੂਰ ਪੰਜਾਬੀ ਫ਼ਿਲਮ ਸਨਅਤ ਨੂੰ ਅੰਤਰ-ਰਾਸ਼ਟਰੀ ਮੁਕਾਮ ਤੱਕ ਪਹੁੰਚਾਉਣ ਦੀ ਹਾਣੀ ਬਣੇਗੀ। ਪੰਜਾਬੀ ਸਿਨੇਮਾ ‘ਚ ਨਵਾਂ ਕੀਰਤੀਮਾਨ ਸਥਾਪਿਤ ਕਰਨ ਜਾ ਰਹੀ ਇਸ ਫ਼ਿਲਮ ਨੂੰ ਦਰਸ਼ਕ ਜ਼ਰੂਰ ਸਾਲਾਂ ਬੱਧੀ ਯਾਦ ਰੱਖਣਗੇ।
ਫ਼ਿਲਮ ਦਰਸ਼ਕਾਂ ਨੂੰ ਪਸੰਦ ਆਉਂਦੀ ਹੈ ਜਾਂ ਨਹੀਂ? ਫ਼ਿਲਮ ‘ਚ ਕਾਮੇਡੀ ਦੀ ਤਕੜੀ ਖੁਰਾਕ ਹੈ ਜਾਂ ਨਹੀਂ? ਬਾਲੀਵੁੱਡ ਦੇ ਹੀਮੈਨ ਧਰਮਿੰਦਰ ਦਿਓਲ ਦਰਸ਼ਕਾਂ ਦੇ ਦਿਲਾਂ ‘ਚ ਘਰ ਬਣਾ ਪਾਉਂਦੇ ਹਨ ਜਾਂ ਨਹੀਂ? ਨਿਰਦੇਸ਼ਕ ਸਮੀਪ ਕੰਗ ਦੀ ਮਿਹਨਤ ਰੰਗ ਲਿਆਉਂਦੀ ਹੈ ਜਾਂ ਨਹੀਂ? ਇਹ ਸਭ ਕੁਝ ਤਾਂ ਆਉਂਦੀ 29 ਅਗਸਤ ਨੂੰ ਫ਼ਿਲਮ ਦੇਖਣ ਤੋਂ ਬਾਅਦ ਹੀ ਪਤਾ ਲੱਗੇਗਾ। ਮੌਜੂਦਾ ਸਮੇਂ ‘ਚ ਫ਼ਿਲਮ ਦਾ ਪ੍ਰਚਾਰ ਕੌਮਾਂਤਰੀ ਪੱਧਰ ‘ਤੇ ਜਾਰੀ ਹੈ। ਪੂਰੇ ਪੰਜਾਬ ‘ਚ ਫ਼ਿਲਮ ਦਾ ਪ੍ਰਚਾਰ ਵੱਡੇ ਪੱਧਰ ਤੇ ਕੀਤਾ ਜਾਵੇਗਾ।

Install Punjabi Akhbar App

Install
×