ਜੱਗੀ ਕੁੱਸਾ ਦੀ ਕਹਾਣੀ ਤੇ ਬਣੀ “ਰਹਿਮਤ” ਫ਼ਿਲਮ ਤਿਆਰ

jaggikussarehmat
“ਪੁਰਜਾ ਪੁਰਜਾ ਕਟਿ ਮਰੈ” ਅਤੇ “ਸੱਜਰੀ ਪੈੜ ਦਾ ਰੇਤਾ” ਵਰਗੇ ਚਰਚਿਤ ਨਾਵਲ ਲਿਖ ਕੇ ਪੰਜਾਬੀ ਨਾਵਲਕਾਰੀ ਖੇਤਰ ਵਿਚ ਧੁੰਮ ਪਾਉਣ ਵਾਲਾ ਸੰਸਾਰ ਪ੍ਰਸਿੱਧ ਨਾਵਲਕਾਰ ਸ਼ਿਵਚਰਨ ਜੱਗੀ ਕੁੱਸਾ ਹੁਣ ਫ਼ਿਲਮਾਂ ਵੱਲ ਨੂੰ ਮੁੜਿਆ ਹੈ। ਉਸ ਦੀ ਕਹਾਣੀ “ਮੜ੍ਹੀਆਂ ਤੇ ਬਲਦੇ ਦੀਵੇ” ਤੇ ਬਣਾਈ ਗਈ ਲਘੂ ਫ਼ਿਲਮ “ਰਹਿਮਤ” ਰਿਲੀਜ਼ ਹੋਣ ਲਈ ਬਿਲਕੁਲ ਤਿਆਰ ਹੈ। ਇਹ ਫ਼ਿਲਮ ਇੱਕ ਓਸ ਨਾਸਤਿਕ ਬੰਦੇ ਦੀ ਕਹਾਣੀ ਹੈ, ਜੋ ਰੱਬ ਦੀ ਹੋਂਦ ਤੋਂ ਹੀ ਮੁਨੱਕਰ ਹੈ, ਫ਼ਿਰ ਉਹ ਰੱਬ ਨੂੰ ਕਿਸ ਤਰ੍ਹਾਂ ਮੰਨਣ ਲੱਗਦਾ ਹੈ, ਬਹੁਤ ਦਿਲਚਸਪ ਕਹਾਣੀ ਹੈ।
ਇਸ ਫ਼ਿਲਮ ਨੂੰ ਕੈਨੇਡਾ ਵਸਦੇ ਪੰਜਾਬੀ ਪ੍ਰਵਾਸੀ ਬਲਰਾਜ ਬਰਾੜ ਨੇ ਪ੍ਰੋਡਿਊਸ ਕੀਤਾ ਹੈ ਅਤੇ ਹਰਪ੍ਰੀਤ ਬਾਹੜੇ ਵੱਲੋਂ ਡਾਇਰੈਕਟ ਕੀਤਾ ਗਿਆ ਹੈ। ਸਹਾਇਕ ਡਾਇਰੈਕਟਰ ਮਨਿੰਦਰ ਮੋਗਾ ਹੈ। ਉਪਰੋਕਤ ਫ਼ਿਲਮ ਦਾ ਸੰਗੀਤ ਗੁਰਸ਼ੇਰ ਚਾਨਾ ਨੇ ਦਿੱਤਾ ਹੈ ਤੇ ਆਰਟ ਡਾਇਰੈਕਟਰ ਕੁਦਰਤ ਬਜਾਜ ਹੈ। ਇੱਥੇ ਇਹ ਗੱਲ ਵਰਨਣਯੋਗ ਹੈ ਕਿ ਸ਼ਿਵਚਰਨ ਜੱਗੀ ਕੁੱਸਾ ਦੀ ਕਹਾਣੀ Ḕਤੇ ਰਿਲੀਜ਼ ਹੋਣ ਵਾਲੀ ਇਹ ਦੂਜੀ ਫ਼ਿਲਮ ਹੈ। ਇਸ ਤੋਂ ਪਹਿਲਾਂ ਉਸ ਦੇ ਵਿਅੰਗ ਤੇ ਫ਼ਿਲਮ ਡਾਇਰੈਕਟਰ ਲਵਲੀ ਸ਼ਰਮਾਂ ਅਤੇ ਮੈਡਮ ਕੁਲਵੰਤ ਇੱਕ ਕਮੇਡੀ ਫ਼ਿਲਮ “ਸੱਘੇ ਦਾ ਸਵੰਬਰ” ਵੀ ਬਣਾ ਕੇ ਰਿਲੀਜ਼ ਕਰ ਚੁੱਕੇ ਹਨ। ਲਵਲੀ ਸ਼ਰਮਾਂ ਅਤੇ ਮੈਡਮ ਕੁਲਵੰਤ ਦੀ ਹੀ ਡਾਇਰੈਕਸ਼ਨ ਹੇਠ ਜੱਗੀ ਕੁੱਸਾ ਦੀ ਇੱਕ ਹੋਰ ਫ਼ਿਲਮ “ਸੂਲੀ ਚੜ੍ਹਿਆ ਚੰਦਰਮਾਂ” ਵੀ ਲੱਗਪੱਗ ਤਿਆਰ ਹੋ ਚੁੱਕੀ ਹੈ ਅਤੇ ਉਸ ਦੀਆਂ ਲਿਖੀਆਂ ਕੁਝ ਐਕਸ਼ਨ ਫ਼ਿਲਮਾਂ ਨੇੜਲੇ ਭਵਿੱਖ ਵਿਚ ਦੁਨੀਆਂ ਭਰ ਦੇ ਸਿਨੇਮਾਂ ਘਰਾਂ ਦਾ ਸ਼ਿੰਗਾਰ ਬਣਗੀਆਂ।

(ਰਜਿੰਦਰ ਰਿਖੀ)