ਪੰਜਾਬ ਦੇ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਜਿਨ੍ਹਾਂ ਕੋਲ ਕਰ ਤੇ ਆਬਕਾਰੀ ਵਿਭਾਗ ਦਾ ਚਾਰਜ ਵੀ ਹੈ, ਵੱਲੋਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਦੇ ਜੀਵਨ ਤੇ ਕੁਰਬਾਨੀ ‘ਤੇ ਅਧਾਰਿਤ 3 ਡੀ ਐਨੀਮੇਸ਼ਨ ਫਿਲਮ ‘ਚਾਰ ਸਾਹਿਬਜ਼ਾਦੇ’ ਨੂੰ ਕਰ ਮੁਕਤ ਕਰਨ ਦਾ ਐਲਾਨ ਕੀਤਾ ਹੈ। ਇਸ ਸਬੰਧੀ ਫ਼ੈਸਲੇ ਪਿੱਛੋਂ ਬਾਦਲ ਨੇ ਕਿਹਾ ਹੈ ਕਿ ਇਹ ਫਿਲਮ ਸਾਡੀ ਅਜੋਕੀ ਪੀੜ੍ਹੀ ਨੂੰ ਗੁਰੂ ਸਾਹਿਬ ਤੇ ਉਨ੍ਹਾਂ ਦੇ ਚਾਰਾਂ ਸਾਹਿਬਜ਼ਾਦਿਆਂ ਵੱਲੋਂ ਦੇਸ਼ ਤੇ ਧਰਮ ਦੀ ਰਾਖੀ ਲਈ ਕੀਤੀ ਕੁਰਬਾਨੀ ਬਾਰੇ ਜਾਣੂੰ ਕਰਵਾ ਰਹੀ ਹੈ। ਉਨ੍ਹਾਂ ਕਿਹਾ ਕਿ ਅਕਾਲੀ ਦਲ ਤੇ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਵੱਲੋਂ ਸਮਾਜਿਕ ਤੇ ਧਾਰਮਿਕ ਸੁਨੇਹਾ ਦਿੰਦਿਆਂ ਫ਼ਿਲਮਾਂ ਨੂੰ ਉਤਸ਼ਾਹਿਤ ਕਰਨ ਲਈ ਹਮੇਸ਼ਾਂ ਯਤਨ ਕੀਤੇ ਗਏ ਹਨ। ਬਾਦਲ ਵੱਲੋਂ ਕਰ ਤੇ ਆਬਕਾਰੀ ਵਿਭਾਗ ਦੇ ਕਮਿਸ਼ਨਰ ਨੂੰ ਇਸ ਸਬੰਧੀ ਤੁਰੰਤ ਨੋਟੀਫ਼ਿਕੇਸ਼ਨ ਜਾਰੀ ਕਰਨ ਲਈ ਹੁਕਮ ਦਿੱਤੇ ਗਏ ਹਨ।