ਨਿਹੰਗਾਂ ਅਤੇ ਸਤਿਕਾਰ ਕਮੇਟੀ ਦਰਮਿਆਨ ਖੂਨੀ ਝੜਪਾਂ ਪੰਥ ਲਈ ਨਮੋਸ਼ੀ : ਪੰਥਕ ਤਾਲਮੇਲ ਸੰਗਠਨ

panthak-talmel-committee
ਸਿੱਖ ਸੰਸਥਾਵਾਂ ਅਤੇ ਸ਼ਖ਼ਸੀਅਤਾਂ ਦੇ ਸਾਂਝੇ ਮੰਚ ਪੰਥਕ ਤਾਲਮੇਲ ਸੰਗਠਨ ਦੇ ਕਨਵੀਨਰ ਗਿਆਨੀ ਕੇਵਲ ਸਿੰਘ ਸਾਬਕਾ ਜਥੇਦਾਰ ਤਖਤ ਸ੍ਰੀ ਦਮਦਮਾ ਸਾਹਿਬ ਅਤੇ ਕੋਰ ਕਮੇਟੀ ਨੇ ਅੰਮ੍ਰਿਤਸਰ ਵਿਖੇ ਤਰਨਾ ਦਲ ਨਿਹੰਗ ਸਿੰਘ ਬਾਬਾ ਬਕਾਲਾ ਅਤੇ ਸਤਿਕਾਰ ਕਮੇਟੀ ਦਰਮਿਆਨ ਹੋਈਆਂ ਖ਼ੂਨੀ ਝੜਪਾਂ’ਤੇ ਗਹਿਰੀ ਚਿੰਤਾ ਦਾ ਪ੍ਰਗਟਾਵਾ ਕੀਤਾ ਹੈ। ਉਹਨਾਂ ਕਿਹਾ ਕਿ ਐਸੀਆਂ ਘਟਨਾਵਾਂ ਨਾਲ ਪੰਥ ਦੇ ਪੱਲੇ ਨਮੋਸ਼ੀ ਪੈਂਦੀ ਹੈ ਅਤੇ ਜਹਾਂ ਜਹਾਂ ਖ਼ਾਲਸਾ ਜੀ ਸਾਹਿਬ ਤਹਾਂ ਤਹਾਂ ਰੱਛਿਆ ਰਿਆਇਤ ਸਿਧਾਂਤ ਦੀ ਉਲੰਘਣਾ ਹੁੰਦੀ ਹੈ। ਹਰ ਸੰਸਥਾ ਤੇ ਸੰਪਰਦਾ ਨੂੰ ਇਹ ਮੰਨ ਕੇ ਚੱਲਣਾ ਚਾਹੀਦਾ ਹੈ ਕਿ ਖ਼ਾਲਸਾ ਪੰਥ ਪਾਰਬ੍ਰਹਮ ਦਾ ਪੰਥ ਹੈ। ਆਪ ਵੀ ਪਰਮੇਸ਼ਰ ਦੇ ਭਉ ਤੇ ਭਾਉ ਵਿਚ ਰਹਿਣਾ ਹੈ ਅਤੇ ਦੂਸਰਿਆਂ ਨੂੰ ਪਰਮੇਸ਼ਰ ਨਾਲ ਜੋੜਨਾ ਹੈ। ਝੂਠੇ ਸਗਲ ਪਸਾਰੇ ਵਿਚ ਗਵਾਚਣ ਤੋਂ ਅਤੇ ਤਬਾਹ ਹੋਣ ਤੋਂ ਬਚਣਾ ਹੈ। ਗੁਰਸਿੱਖੀ ਗੰਗਾ ਕਾ ਨੀਰ ਹੈ। ਸੰਸਥਾਵਾਂ ਤੇ ਸੰਪਰਦਾਵਾਂ ਰੂਪੀ ਨਦੀਆਂ-ਨਾਲੇ ਜੇ ਗੰਗਾ ਵਿਚ ਆ ਮਿਲਣ ਤਾਂ ਇਹ ਗੰਗਾ ਇਨ੍ਹਾਂ ਸਾਰਿਆਂ ਨੂੰ ਸਹਿਜ ਹੀ ਅਥਾਹ ਸਾਗਰ ਪਰਮੇਸ਼ਰ ਵੱਲ ਲੈ ਜਾਵੇਗੀ।
ਪੰਥਕ ਤਾਲਮੇਲ ਸੰਗਠਨ ਅਪੀਲ ਕਰਦਾ ਹੈ ਕਿ ਸ਼ੋਸ਼ਲ ਮੀਡੀਆਂ ਦੀ ਵਰਤੋਂ ਗੁਣਾਂ ਦੀ ਸਾਂਝ ਲਈ ਕਰ ਕੇ ਵਿਸ਼ਵ-ਵਿਆਪੀ ਚੁਣੌਤੀਆਂ ਨੂੰ ਸਰ ਕਰਨ ਵੱਲ ਕਦਮ ਚੁੱਕੇ ਜਾਣ। ਨਾ ਕਿ ਵਿਚਾਰਕ ਵਖਰੇਵਿਆਂ ਅਤੇ ਸੇਵਾ ਕਾਰਜ ਕਰਨ ਦੇ ਢੰਗਾਂ ਦੀ ਭਿੰਨਤਾ ਨੂੰ ਆਧਾਰ ਬਣਾ ਕੇ ਤਕਰਾਰ ਪੈਦਾ ਕੀਤੇ ਜਾਣ। ਤਾਜ਼ਾ ਵਾਪਰੇ ਘਟਨਾਕ੍ਰਮ ਵਿਚ ਜੋ ਪਰਚੇ ਦਰਜ ਹੋਣ ਦੀ ਪਿਰਤ ਪਈ ਹੈ ਇਸ ਨਾਲ ਹੋਰ ਕਟਾਖ਼ਸ਼ ਵਧੇਗੀ। ਜੋ ਕਿ ਪੰਥ ਦੇ ਹਿਤ ਵਿਚ ਨਹੀਂ ਹੈ। ਧੜ੍ਹੇਬੰਦੀ ਤੋਂ ਉੱਪਰ ਉੱਠ ਕੇ ਆਪੋ ਆਪਣੀ ਗਲਤੀ ਨੂੰ ਗੁਰੂ ਗ੍ਰੰਥ ਸਾਹਿਬ ਅੱਗੇ ਸਵੀਕਾਰ ਕਰ ਕੇ ਭਾਈਚਾਰਕ ਸਾਂਝ ਪੈਦਾ ਕਰਨ ਲਈ ਉਚੇਚਾ ਯਤਨ ਹੀ ਸਭ ਦੇ ਹਿਤ ਵਿਚ ਹਨ।

Install Punjabi Akhbar App

Install
×