ਨਿਊ ਸਾਊਥ ਵੇਲਜ਼ ਸਰਕਾਰ ਵੱਲੋਂ ਬਜ਼ੁਰਗਾਂ ਦੀ ਮਦਦ ਲਈ ਹੋਰ ਗ੍ਰਾਂਟਾਂ ਦਾ ਐਲਾਨ

ਬਜ਼ੁਰਗਾਂ ਦੀਆਂ ਸੇਵਾਵਾਂ ਪ੍ਰਤੀ ਵਿਭਾਗਾਂ ਦੇ ਕਾਰਜਕਾਰੀ ਮੰਤਰੀ ਸ੍ਰੀ ਜਿਓਫ ਲੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਹੈ ਕਿ ਨਿਊ ਸਾਊਥ ਵੇਲਜ਼ ਸਰਕਾਰ ਨੇ ਇੱਕ ਬਜ਼ੁਰਗਾਂ ਦੀ ਮਦਦ ਲਈ ਇੱਕ ਹੋਰ ਕਦਮ ਪੁੱਟਦਿਆਂ 200,000 ਡਾਲਰਾਂ ਦੇ ਫੰਡ ਜਾਰੀ ਕੀਤੇ ਹਨ। ਇਨ੍ਹਾਂ ਫੰਡਾਂ ਰਾਹੀਂ ਹਰ ਰਾਜ ਦੀ ਹਰ ਇੱਕ ਕਾਂਸਲ ਨੂੰ 10,000 ਡਾਲਰਾਂ ਤੱਕ ਦੀ ਗ੍ਰਾਂਟ ਦਿੱਤੀ ਜਾਵੇਗੀ ਜਿਸ ਨਾਲ ਕਿ ਆਉਣ ਵਾਲੇ ਅਪ੍ਰੈਲ ਦੇ ਮਹੀਨੇ ਵਿੱਚ 13 ਤੋਂ 21 ਤਾਰੀਖ ਤੱਕ ਮਨਾਏ ਜਾਣ ਵਾਲੇ ਬਜ਼ੁਰਗਾਂ ਦੇ ਫੈਸਟੀਵਲ ਦੌਰਾਨ ਕੋਵਿਡ ਸੇਫ ਪ੍ਰੋਗਰਾਮ ਅਤੇ ਹੋਰ ਮਨੋਰੰਜਨ ਦੇ ਪ੍ਰੋਗਰਾਮ ਕੀਤੇ ਜਾਣਗੇ। ਉਨ੍ਹਾਂ ਕਿਹਾ ਕਿ ਬੀਤਿਆ ਸਾਲ ਬਹੁਤ ਜ਼ਿਆਦਾ ਮੁਸ਼ੱਕਤ, ਡਰ-ਭੈਅ ਵਾਲਾ ਅਤੇ ਮੁਸ਼ਕਲਾਂ ਭਰਿਆ ਸੀ ਅਤੇ ਕਿਉਂਕਿ ਸਰਕਾਰ ਹਰ ਇੱਕ ਨਾਗਰਿਕ ਦੀ ਵਿਸ਼ੇਸ਼ਤਾ ਨੂੰ ਸਰਵਉਚਤਾ ਦਿੰਦੀ ਹੈ ਤਾਂ ਇਸ ਵਾਸਤੇ ਬਜ਼ੁਰਗਾਂ ਲਈ ਵੀ ਅਜਿਹੇ ਪ੍ਰੋਗਰਾਮ ਉਲੀਕੇ ਜਾਂਦੇ ਹਨ ਤਾਂ ਜੋ ਉਹ ਸਰੀਰਿਕ ਤੌਰ ਤੇ ਚੁਸਤ ਦਰੁਸਤ ਰਹਿਣ ਦੇ ਨਾਲ ਨਾਲ ਮਾਨਸਿਕ ਤੌਰ ਤੇ ਵੀ ਉਚ ਕੋਟੀ ਵਿੱਚ ਰਹਿ ਸਕਣ। 2021 ਦੇ ਇਸ ਪ੍ਰੋਗਰਾਮ ਤਹਿਤ ਜ਼ਿਆਦਾ ਤੋਂ ਜ਼ਿਆਦਾ ਬਜ਼ੁਰਗਾਂ ਨੂੰ ਅਤੇ ਉਹ ਵੀ ਦੂਰ ਦੁਰਾਡੇ ਖੇਤਰਾਂ ਅਦਿ ਵਿੱਚੋਂ ਵੀ, ਇਸ ਨਾਲ ਜੋੜਿਆ ਜਾਵੇਗਾ ਅਤੇ ਇਸ ਵਾਸਤੇ ਆਨਲਾਈਨ ਪ੍ਰਕਿਰਿਆ ਵੀ ਸ਼ੁਰੂ ਕੀਤੀ ਜਾ ਰਹੀ ਹੈ। ਇਸ ਵਿੱਚ ਅਲੱਗ ਅਲੱਗ ਖੇਤਰਾਂ ਦੇ ਨਾਲ ਨਾਲ ਅਲੱਗ ਅਲੱਗ ਨਸਲਾਂ, ਭਾਸ਼ਾਵਾਂ ਅਤੇ ਸਭਿਆਚਾਰ ਦੇ ਬਜ਼ੁਰਗ ਲੋਕ ਸ਼ਾਮਿਲ ਹੋਣਗੇ ਅਤੇ ਕਲ਼ਾ, ਖੇਡਾਂ, ਸੰਗੀਤ, ਤਕਨਾਲੋਜੀ, ਮਨੋਰੰਜਨ ਅਤੇ ਸਿਹਤ ਆਦਿ ਨਾਲ ਭਰਪੂਰ ‘ਵਿਲੱਖਣਤਾ ਵਿੱਚ ਏਕਤਾ ਦਾ ਪ੍ਰਤੀਕ’ ਇਸ ਪ੍ਰੋਗਰਾਮ ਨੂੰ ਪੂਰੀ ਤਰ੍ਹਾਂ ਨਾਲ ਹੀ ਸੁਹਿਰਦ ਅਤੇ ਉਪਯੋਗੀ ਬਣਾਉਣ ਦੀ ਚੇਸ਼ਟਾ ਰਹੇਗੀ। ਜ਼ਿਕਰਯੋਗ ਹੈ ਕਿ ਇਹ ਪ੍ਰੋਗਰਾਮ ਬੀਤੇ 63 ਸਾਲਾਂ ਤੋਂ ਚਲਦਾ ਆ ਰਿਹਾ ਹੈ ਅਤੇ ਇਸਨੂੰ, ਸੰਸਾਰ ਦੇ ਦੱਖਣੀ ਖੇਤਰਾਂ ਅੰਦਰ -ਇੱਕ ਵਿਲੱਖਣ ਅਤੇ ਸਭ ਤੋਂ ਵੱਡੇ ਫੈਸਟੀਵਲ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ। ਇਸ ਗ੍ਰਾਂਟ ਵਾਸਤੇ ਅਰਜ਼ੀਆਂ ਮੰਗੀਆਂ ਜਾ ਰਹੀਆਂ ਹਨ ਅਤੇ ਆਖਰੀ ਤਾਰੀਖ 4 ਫਰਵਰੀ, 2021 ਦੀ ਨਿਯਤ ਕੀਤੀ ਗਈ ਹੈ। ਅਰਜ਼ੀਆਂ ਵਾਸਤੇ https://www.seniorsfestival.nsw.gov.au/events/nsw-seniors-festival-grants ਉਪਰ ਵਿਜ਼ਿਟ ਕੀਤਾ ਜਾ ਸਕਦਾ ਹੈ।

Install Punjabi Akhbar App

Install
×