ਨਿਊ ਸਾਊਥ ਵੇਲਜ਼ ਵਿੱਚ ਵਪਾਰਕ ਕੰਮਾਂ ਕਾਜਾਂ ਲਈ ਮਹਿਲਾਵਾਂ ਲਈ ਨਿ-ਸ਼ੁਲਕ ਸਿਖਲਾਈ

ਹੁਨਰ ਅਤੇ ਟੈਰਿਟਰੀ ਐਜੁਕੇਸ਼ਨ ਸਬੰਧੀ ਵਿਭਾਗਾਂ ਦੇ ਮੰਤਰੀ ਜਿਊਫ ਲੀ ਨੇ ਇੱਕ ਐਲਾਨਨਾਮੇ ਰਾਹੀਂ ਦੱਸਿਆ ਹੈ ਕਿ ਰਾਜ ਵਿੱਚ ਮਹਿਲਾਵਾਂ ਨੂੰ ਵਪਾਰਕ ਗਤੀਵਿਧੀਆਂ ਵਿੱਚ ਹਿੱਸੇਦਾਰ ਬਣਾਉਣ ਵਾਸਤੇ, ਰਾਜ ਸਰਕਾਰ ਵੱਲੋਂ ਬਿਨ੍ਹਾਂ ਕਿਸੇ ਫੀਸ ਆਦਿ ਦੇ ਮੁਫ਼ਤ ਵਿੱਚ ਸਿਖਲਾਈ ਮੁਹੱਈਆ ਕਰਵਾਈ ਜਾ ਰਹੀ ਹੈ। ਇਸ ਵਾਸਤੇ ਰਾਜ ਸਰਕਾਰ ਵੱਲੋਂ 3,000 ਦੇ ਕਰੀਬ ਮਹਿਲਾਵਾਂ ਨੂੰ ਇਸ ਯੋਜਨਾ ਦਾ ਲਾਭ ਪ੍ਰਾਪਤ ਕਰਵਾਇਆ ਜਾਵੇਗਾ ਤਾਂ ਕਿ ਉਹ ਉਸਾਰੀਆਂ, ਉਤਪਾਦਨਾਂ, ਇੰਜਨੀਅਰਿੰਗ, ਟ੍ਰਾਂਸਪੋਰਟ ਅਤੇ ਲੋਜਿਸਟਿਕਸ ਆਦਿ ਵਰਗੇ ਖੇਤਰਾਂ ਵਿੱਚ ਆਪਣਾ ਪੂਰਨ ਯੋਗਦਾਨ ਪਾ ਸਕਣ ਅਤੇ ਉਹ ਵੀ ਪੂਰਨ ਤੌਰ ਉਪਰ ਸਿਖਲਾਈ ਪ੍ਰਾਪਤ ਕਰਕੇ।
ਇਸ ਵਾਸਤੇ ਅਜਿਹੀਆਂ ਮਹਿਲਾਵਾਂ ਜਿਨ੍ਹਾਂ ਦੀ ਉਪਰ 16 ਤੋਂ 24 ਸਾਲ ਤੱਕ ਹੈ ਅਤੇ ਉਹ ਜਾਬਸੀਕਰ ਦੀ ਸ਼੍ਰੇਣੀ ਵਿੱਚ ਆਉਂਦੀਆਂ ਹਨ, ਬੇਰੌਜ਼ਗਾਰੀ ਦੇ ਜੋਖਮ ਦੀ ਹੱਦ ਤੇ ਖੜ੍ਹੀਆਂ ਹਨ ਅਤੇ ਜਾਂ ਫੇਰ ਕਾਮਨਵੈਲਥ ਸਹੂਲਤਾਂ ਦੀਆਂ ਧਾਰਨੀ ਹਨ, ਉਕਤ ਟ੍ਰੇਨਿੰਗ ਪ੍ਰੋਗਰਾਮ ਵਿੱਚ ਆਪਣੀ ਯੋਗਤਾ ਸਿੱਧ ਕਰ ਸਕਦੀਆਂ ਹਨ ਅਤੇ ਸਿਖਲਾਈ ਦਾ ਹਿੱਸਾ ਬਣ ਸਕਦੀਆਂ ਹਨ।
ਉਨ੍ਹਾਂ ਇਹ ਵੀ ਕਿਹਾ ਕਿ ਸਮੁੱਚੇ ਟ੍ਰੇਡਾਂ ਦੀ ਸਿਖਲਾਈ ਵਿੱਚ ਮਹਿਲਾਵਾਂ ਦਾ ਹਿੱਸਾ ਲੱਗਭੱਗ 8.9% ਹੈ ਜਦੋਂ ਕਿ ਇਮਾਰਤ ਉਸਾਰੀ ਵਿੱਚ ਇਹ ਹਿੱਸਾ ਮਹਿਜ਼ 2.1% ਹੀ ਹੈ ਅਤੇ ਹੁਣ ਮਹਿਲਾਵਾਂ ਨੂੰ ਇਸ ਖੇਤਰ ਵਿੱਚ ਵੀ ਜ਼ੋਰ ਆਜ਼ਮਾਇਸ਼ ਦਾ ਮੌਕਾ ਪ੍ਰਦਾਨ ਕੀਤਾ ਜਾ ਰਿਹਾ ਹੈ।
ਉਨ੍ਹਾਂ ਇਹ ਵੀ ਕਿਹਾ ਕਿ ਰਾਜ ਅੰਦਰ ਚੱਲ ਰਹੇ ਨਵ ਨਿਰਮਾਣ ਆਦਿ ਦੇ ਕੰਮਾਂ ਜਿਨ੍ਹਾਂ ਵਿੱਚ ਕਿ ਸੜਕ ਅਤੇ ਹੋਰ ਬੁਨਿਆਦੀ ਢਾਂਚਿਆਂ ਦਾ ਨਵ-ਨਿਰਮਾਣ ਸ਼ਾਮਿਲ ਹੈ ਅਤੇ ਇਸਤੋਂ ਇਲਾਵਾ ਪੱਛਮੀ ਸਿਡਨੀ ਏਅਰਪੋਰਟ, ਅਤੇ ਹੋਰ ਵੀ ਕਈ ਅਜਿਹੇ ਕਾਰਜ ਚਲਾਏ ਜਾ ਰਹੇ ਹਨ, ਵਾਸਤੇ ਮਾਹਿਰਾਂ ਦੀ ਜ਼ਰੂਰਤ ਹੈ ਅਤੇ ਮਹਿਲਾਵਾਂ ਨੂੰ ਵੀ ਚਾਹੀਦਾ ਹੈ ਕਿ ਉਹ ਇਨ੍ਹਾਂ ਖੇਤਰਾਂ ਵਿੱਚ ਅੱਗੇ ਆਉਣ।
ਜਾਬ ਟ੍ਰੇਨਰ ਅਧੀਨ ਉਸਾਰੀ ਦੇ ਕੰਮਾਂ ਲਈ 154 ਪੂਰੇ ਸਮੇਂ ਦੀ ਪੜ੍ਹਾਈ ਲਿਖਾਈ (full-qualifications) ਅਤੇ 408 ਪਾਰਟ ਟਾਈਮ ਦੇ ਸਾਧਨ ਮੁਹੱਈਆ ਕਰਵਾਏ ਜਾ ਰਹੇ ਹਨ। ਮਹਿਲਾਵਾਂ ਦੇ ਕਲਿਆਣ ਵਾਲੇ ਵਿਭਾਗਾਂ ਦੇ ਮੰਤਰੀ ਬਰੋਨੀ ਟੇਲਰ ਦਾ ਕਹਿਣਾ ਹੈ ਕਿ ਇਸ ਨਾਲ ਮਹਿਲਾਵਾਂ ਨੂੰ ਪੂਰਨ ਲਾਭ ਹੀ ਹੋਵੇਗਾ ਅਤੇ ਇਸ ਵਾਸਤੇ ਮਹਿਲਾਵਾਂ ਨੂੰ ਵੱਧ ਚੜ੍ਹ ਕੇ ਹਿੱਸਾ ਲੈਣ ਲਈ ਅੱਗੇ ਆਉਣਾ ਚਾਹੀਦਾ ਹੈ।
ਜ਼ਿਆਦਾ ਜਾਣਕਾਰੀ ਲਈ https://education.nsw.gov.au/skills-nsw/built-for-women ਉਪਰ ਵਿਜ਼ਿਟ ਕੀਤਾ ਜਾ ਸਕਦਾ ਹੈ ਅਤੇ 13 28 11 ਉਪਰ ਕਾਲ ਵੀ ਕੀਤੀ ਜਾ ਸਕਦੀ ਹੈ।

Install Punjabi Akhbar App

Install
×