ਨਿਊ ਸਾਊਥ ਵੇਲਜ਼ ਅੰਦਰ ਫੀਸ ਮੁਕਤ ਕੋਰਸਾਂ ਦੀ ਭਰਮਾਰ

ਰਾਜ ਸਰਕਾਰ ਨੇ ਜਨਹਿਤ ਵਿੱਚ ਫੈਸਲਾ ਲੈਂਦਿਆਂ ਐਲਾਨ ਕੀਤਾ ਹੈ ਕਿ ਸਕੂਲਾਂ ਵਿੱਚੋਂ ਪੜ੍ਹਾਈ ਕਰਕੇ ਨਿਕਲਣ ਵਾਲੇ ਵਿਦਿਆਰਥੀਆਂ ਲਈ ਜਾਂ ਹੋਰ ਨੌਜੁਆਨਾਂ ਅਤੇ ਕੰਮ ਧੰਦਿਆਂ ਦੀ ਤਲਾਸ਼ ਵਿੱਚ ਵਿਚਰ ਰਹੇ ਲੋਕਾਂ ਵਾਸਤੇ ਸੈਂਕੜਿਆਂ ਦੀ ਤਾਦਾਦ ਅੰਦਰ ਅਜਿਹੇ ਕੋਰਸ ਸਿਖਲਾਈ ਲਈ ਸ਼ੁਰੂ ਕੀਤੇ ਗਏ ਹਨ ਜਿਨ੍ਹਾਂ ਲਈ ਕੋਈ ਵੀ ਕਿਸੇ ਕਿਸਮ ਦੀ ਫੀਸ ਨਹੀਂ ਦੇਣੀ ਪੈਂਦੀ ਅਤੇ ਇਹ ਬਿਲਕੁਲ ਹੀ ਮੁਫਤ ਹਨ। ਪ੍ਰੀਮੀਅਰ ਗਲੈਡੀਜ਼ ਬਰਜਿਕਲੀਅਨ ਨੇ ਦੱਸਿਆ ਇਸ ਕੰਮ ਵਾਸਤੇ ਸਰਕਾਰ ਨੇ ਪਹਿਲਾਂ ਤੋਂ ਹੀ 320 ਮਿਲੀਅਨ ਡਾਲਰਾਂ ਦੇ ਨਿਵੇਸ਼ ਕੀਤਾ ਹੈ ਅਤੇ ਇਸੇ ਦਾ ਨਤੀਜਾ ਹੈ ਕਿ ਇਸ ਸਮੇਂ ਰਾਜ ਅੰਦਰ ਘੱਟੋ ਘੱਟ 100,000 ਅਜਿਹੀਆਂ ਥਾਵਾਂ ਹੋਣਗੀਆਂ ਜਿੱਥੇ ਕਿ ਅਜਿਹੇ ਕੋਰਸ ਕਰਵਾਏ ਜਾ ਸਕਣਗੇ। ਇਨਾ੍ਹਂ ਕੋਰਸਾਂ ਨੂੰ ਕਰ ਕੇ ਲੋਕ ਆਪਣੇ ਆਪ ਨੂੰ ਅਪਗ੍ਰੇਡ ਕਰ ਸਕਦੇ ਹਨ, ਨਵੀਆਂ ਯੋਗਤਾਵਾਂ ਹਾਸਿਲ ਕਰ ਸਕਦੇ ਹਨ, ਮਾਰਕਿਟਿੰਗ ਦੇ ਨਵੇਂ ਢੰਗ ਤਰੀਕੇ ਅਪਣਾ ਸਕਦੇ ਹਨ ਅਤੇ ਆਪਣਾ ਜੀਵਨ ਯਾਪਨ ਸਹੀ ਢੰਗ ਨਾਲ ਕਰਕੇ ਰਾਜ ਦੀ ਅਰਥ-ਵਿਵਸਥਾ ਵਿੱਚ ਵੀ ਆਪਣਾ ਯੋਗਦਾਨ ਪਾ ਸਕਦੇ ਹਨ। ਸਕਿਲ ਅਤੇ ਟੈਰਿਟਰੀ ਐਜੁਕੇਸ਼ਨ ਮੰਤਰੀ ਸ੍ਰੀ ਜਿਓਫ ਲੀ ਅਨੁਸਾਰ ਅਜਿਹੇ ਕੋਰਸ -ਏਜਡ ਕੇਅਰ, ਨਰਸਿੰਗ, ਵਪਾਰ, ਆਈ.ਟੀ., ਭਾਈਚਾਰਕ ਸੇਵਾਵਾਂ (community services), ਆਂਕੜੇ ਅਤੇ ਅਕਾਊਂਟਿੰਗ ਖੇਤਰ ਆਦਿ ਵਿੱਚ ਨਵੀਆਂ ਮੁਹਾਰਤਾਂ ਹਾਸਿਲ ਕਰਨ ਲਈ ਕਰਵਾਏ ਜਾਂਦੇ ਹਨ। ਉਨ੍ਹਾਂ ਇਹ ਵੀ ਕਿਹਾ ਕਿ ਉਕਤ ਪ੍ਰੋਗਰਾਮ ਅਧੀਨ ਕਰਵਾਏ ਜਾਂਦੇ ਕੋਰਸ ਮਹਿਜ਼ ਅਪਡੇਸ਼ਨ ਹੀ ਨਹੀਂ ਹਨ ਸਗੋਂ ਸਿੱਧਾ ਸਾਧਾ ਇਨ੍ਹਾਂ ਨਾਲ ਲੋਕਾਂ ਦੀ ਜ਼ਿੰਦਗੀ ਅਤੇ ਵਪਾਰ ਨੂੰ ਉਚਾ ਚੁੱਕਣ ਵਿੱਚ ਸਹੀ ਅਰਥਾਂ ਨਾਲ ਮਦਦ ਵੀ ਮਿਲ ਰਹੀ ਹੈ। ਰਾਜ ਦੀ ਸਿੱਖਿਆ ਮੰਤਰੀ ਸਾਰਾਹ ਮਿਸ਼ੈਲ ਨੇ ਇਸ ਦੀ ਪ੍ਰਸ਼ੰਸਾ ਕਰਦਿਆਂ ਕਿਹਾ ਕਿ ਸਕੁਲਾਂ ਦੇ ਬੱਚੇ 12ਵੀਂ ਪਾਸ ਕਰਨ ਮਗਰੋਂ ਹਾਲੇ ਵਿਚਾਰ ਅਧੀਨ ਹੀ ਹੁੰਦੇ ਹਨ ਕਿ ਆਖਿਰ ਉਨ੍ਹਾਂ ਨੇ ਕਰਨਾ ਕੀ ਹੈ ਤਾਂ ਅਜਿਹੇ ਕੋਰਸ ਉਨ੍ਹਾਂ ਨੂੰ ਇਕਦਮ ਸਹੀ ਰਾਹਾਂ ਉਪਰ ਤੁਰਨ ਦੀਆਂ ਹਦਾਇਤਾਂ ਦਿੰਦੇ ਹਨ ਤਾਂ ਜੋ ਉਹ ਛੇਤੀ ਤੋਂ ਛੇਤੀ ਆਪਣੇ ਕੰਮ-ਧੰਦਿਆਂ ਵੱਲ ਉਤਸਾਹਿਤ ਹੋਣ ਅਤੇ ਆਪਣੇ ਟੀਚਿਆਂ ਨੂੰ ਮਿੱਥਣ ਅਤੇ ਪ੍ਰਾਪਤ ਕਰਨ ਵਿੱਚ ਥੋੜ੍ਹੀ ਜਿੰਨੀ ਵੀ ਦੇਰ ਨਾ ਲਗਾਉਣ। ਗਰਮੀਆਂ ਦੇ ਅਜਿਹੇ ਕੋਰਸਾਂ ਅੰਦਰ ਖੇਤੀਬਾੜੀ, ਉਸਾਰੀਆਂ ਨਾਲ ਸਬੰਧਤ ਕੰਮ-ਧੰਦੇ, ਵਸਤੂਆਂ ਅਤੇ ਹੋਰ ਚੀਜ਼ਾਂ ਦੀ ਸਾਂਭ ਸੰਭਾਲ ਨਾਲ ਸਬੰਧਤ ਰੌਜ਼ਗਾਰ, ਸਿਹਤ ਸੰਭਾਲ ਨਾਲ ਸਬੰਧਤ ਕੰਮ, ਇੰਜਨੀਅਰਿੰਗ, ਡਾਟਾ ਕੋਡਿੰਗ, ਕਮਿਊਨਿਕੇਸ਼ਨ ਅਤੇ ਡਿਜੀਟਲ ਦੀ ਦੁਨੀਆ ਵਿੱਚ ਆਪਣਾ ਭਵਿੱਖ ਸੁਰੱਖਿਅਤ ਕਰਨ ਵਿੱਚ ਸਹਾਈ ਹੁੰਦੇ ਹਨ।

Install Punjabi Akhbar App

Install
×