ਐਡਵਰਡ ਮੈਕਹਗ ਨੂੰ ਦੇਸ਼ ਨਿਕਾਲੇ ਲਈ ਇੱਕ ਵਾਰ ਫੇਰ ਤੋਂ ਸੋਚੋ -ਅਦਾਲਤ

(ਐਸ.ਬੀ.ਐਸ.) 52 ਸਾਲਾਂ ਦੇ ਐਡਵਰਕ ਮੈਕਹਗ ਜੋ ਕਿ ਆਪਣੇ ਸੱਤ ਬੱਚਿਆਂ ਵਾਲੇ ਭਰੇ ਪੂਰੇ ਪਰਿਵਾਰ ਦਾ ਮੈਂਬਰ ਹੈ ਅਤੇ ਆਸਟ੍ਰੇਲੀਆਈ ਪਾਸਪੋਰਟ ਧਾਰਕ ਵੀ ਹੈ, ਨੂੰ ਜਦੋਂ ਆਸਟ੍ਰੇਲੀਆਈ ਇਮੀਗ੍ਰੇਸ਼ਨ ਵਿਭਾਗ ਨੇ ਕਿਹਾ ਕਿ ਉਹ ਆਸਟ੍ਰੇਲੀਆਈ ਨਾਗਰਿਕ ਹੀ ਨਹੀਂ ਹੈ ਅਤੇ ਉਸਨੂੰ ਦੇਸ਼ ਛੱਡ ਕੇ ਨਿਊਜ਼ੀਲੈਂਡ ਵਾਪਿਸ ਜਾਣਾ ਪਵੇਗਾ ਤਾਂ ਉਸ ਦੀ ਹੈਰਾਨਗੀ ਦੀ ਕੋਈ ਹੱਦ ਹੀ ਨਾ ਰਹੀ ਕਿਉਂਕਿ ਆਸਟ੍ਰੇਲੀਆਈ ਪਾਸਪੋਰਟ ਹੋਣ ਦੇ ਨਾਤੇ ਉਹ ਇਹੀ ਸਮਝ ਰਿਹਾ ਸੀ ਕਿ ਉਹ ਵੀ ਆਸਟ੍ਰੇਲੀਆਈ ਨਾਗਰਿਕ ਹੀ ਹੈ। ਬੀਤੇ ਕੱਲ੍ਹ ਵੀਰਵਾਰ ਨੂੰ ਫੈਡਰਲ ਅਦਾਲਤ ਨੇ ਇਮੀਗ੍ਰੇਸ਼ਨ ਮੰਤਰੀ ਐਲਨ ਟਗ ਨੂੰ ਉਕਤ ਦੇ ਮਾਮਲੇ ਵਿੱਚ ਮੁੜ ਤੋਂ ਵਿਚਾਰ ਕਰਨ ਦੀ ਤਾਕੀਦ ਕੀਤੀ ਹੈ। ਜ਼ਿਕਰਯੋਗ ਹੈ ਕਿ ਸ੍ਰੀ ਮੈਕਹਗ ਕੂਕ ਟਾਪੂਆਂ ਉਪਰ 1968 ਵਿੱਚ ਜੰਮਿਆ ਪਲਿਆ ਸੀ ਅਤੇ ਜਦੋਂ ਉਹ ਛੇ ਸਾਲਾਂ ਦਾ ਸੀ ਤਾਂ ਉਸਨੂੰ ਇੱਕ ਆਸਟ੍ਰੇਲੀਆਈ ਪਰਿਵਾਰ ਨੇ ਗੋਦ ਲੈ ਲਿਆ ਅਤੇ ਫੇਰ ਉਸਦਾ ਸਾਰਾ ਬਚਪਨ ਟੂ-ਵੂੰਬਾ (ਕੁਈਨਜ਼ਲੈਂਡ) ਵਿੱਚ ਹੀ ਬੀਤਿਆ ਅਤੇ ਇੱਥੇ ਹੀ ਉਸਦਾ ਜਨਮ ਰਜਿਸਟਰਡ ਵੀ ਕਰਵਾਇਆ ਗਿਆ। 2013 ਤੱਕ ਤਾਂ ਉਕਤ ਨੂੰ ਪਤਾ ਹੀ ਨਹੀਂ ਸੀ ਕਿ ਉਸਨੂੰ ਗੋਦ ਲਿਆ ਗਿਆ ਸੀ ਅਤੇ ਜਦੋਂ ਉਸਨੂੰ ਪਤ ਲੱਗਾ ਤਾਂ ਉਹ ਇੱਕ ਭਰੇ ਪੂਰੇ ਪਰਿਵਾਰ ਦਾ ਮੁਖੀ ਬਣ ਚੁਕਿਆ ਸੀ ਜਿਸ ਵਿੱਚ ਕਿ ਉਸਦੇ ਸੱਤ ਬੱਚੇ ਅਤੇ ਅੱਗੇ ਉਨਾ੍ਹਂ ਦੇ ਪਰਿਵਾਰ ਵੀ ਸ਼ਾਮਿਲ ਹਨ। ਅਸਲ ਗੱਲ ਉਦੋਂ ਵਿਗੜੀ ਜਦੋਂ ਕਿ ਉਸ ਦੀ ਕਿਸੇ ਨਾਲ ਲੜਾਈ ਹੋ ਗਈ ਅਤੇ ਉਕਤ ਨੇ ਦੂਸਰੇ ਵਿਅਕਤੀ ਨੂੰ ਜਾਨ ਤੋਂ ਮਾਰਨ ਦੀ ਧਮਕੀ ਦੇ ਦਿੱਤੀ। ਇਸ ਕਾਰਨ ਉਸਨੂੰ 9 ਮਹੀਨਿਆਂ ਦੀ ਜੇਲ੍ਹ ਹੋ ਗਈ। ਅਤੇ ਇਸ ਸਜ਼ਾ ਦੌਰਾਨ ਉਸਦਾ ਪਾਸਪੋਰਟ ਉਸਦੇ ਮਾੜੇ ਚਰਿੱਤਰ ਨੂੰ ਦਰਸਾਉਂਦਿਆਂ ਧਾਰਾ 501 ਦੇ ਤਹਿਤ ਕੈਂਸਲ ਕਰ ਦਿੱਤਾ ਗਿਆ। ਸਬੰਧਤ ਅਧਿਕਾਰੀਆਂ ਮੁਤਾਬਿਕ ਕਿਉਂਕਿ ਉਕਤ ਗੋਦ ਲਿਆ ਗਿਆ ਸੀ ਅਤੇ ਉਸਨੇ ਕਦੇ ਵੀ ਆਸਟ੍ਰੇਲੀਆਈ ਨਾਗਰਿਕਤਾ ਵਾਸਤੇ ਅਪਲਾਈ ਕੀਤਾ ਹੀ ਨਹੀਂ ਸਗੋਂ ਉਸ ਦਾ ਪਾਸਪੋਰਟ ਵੀ ‘ਐਬਸੋਰਬਡ ਪਰਸਨ ਵੀਜ਼ਾ’ ਦੇ ਤਹਿਤ ਹੀ ਸੀ ਅਤੇ ਕਿਉਂਕਿ ਗੋਦ ਲਏ ਹੋਇਆਂ ਦੀ ਆਟੋਮੈਟਿਕ ਸਿਟਿਜ਼ਨਸ਼ਿਪ ਦਾ ਕਾਨੂੰਨ 1984 ਵਿੱਚ ਖਤਮ ਕਰ ਦਿੱਤਾ ਗਿਆ ਸੀ -ਇਸ ਲਈ ਉਕਤ ਨੂੰ ਡਿਪੋਰਟ ਕੀਤਾ ਗਿਆ ਹੈ। ਜਸਟਿਸ ਸਟੀਵਰਟ ਐਂਡਰਸਨ ਨੇ ਇਸ ਮਾਮਲੇ ਨੂੰ ਗੰਭੀਰਤਾ ਨਾਲ ਲੈਂਦਿਆਂ ਹੋਇਆਂ ਇਮੀਗ੍ਰੇਸ਼ਨ ਮੰਤਰੀ ਨੂੰ ਇਸਨੂੰ ਮੁੜ ਤੋਂ ਵਿਚਾਰਨ ਦੀ ਤਾਕੀਦ ਕੀਤੀ ਹੈ। ਸ੍ਰੀ ਮੈਕਹਗ ਨੂੰ ਇਸ ਵੇਲੇ ਮੈਲਬੋਰਨ ਇਮੀਗ੍ਰੇਸ਼ਨ ਟਰਾਂਜਿਟ ਵਿਭਾਗ ਵਿੱਚ ਡਿਟੇਨ ਕਰਕੇ ਰੱਖਿਆ ਗਿਆ ਹੈ।

Install Punjabi Akhbar App

Install
×