
(ਐਸ.ਬੀ.ਐਸ. ਦੀ ਖ਼ਬਰ ਮੁਤਾਬਿਕ) ਬੇਸ਼ੱਕ ਪਰਥ ਵਿੱਚ ਇੱਕ ਹੋਟਲ ਕੁਆਰਨਟੀਨ ਨਾਲ ਸਬੰਧਤ ਕਰਮਚਾਰੀ ਦਾ ਕਰੋਨਾ ਟੈਸਟ ਪਾਜ਼ਿਟਿਵ ਆਇਆ ਹੈ ਪਰੰਤੂ ਇਸ ਦੇ ਬਾਵਜੂਦ ਵੀ ਕੈਨਬਰਾ ਵਿੱਚ ਹੋਣ ਵਾਲੇ ਕੱਲ੍ਹ (ਮੰਗਲਵਾਰ) ਦੇ ਤਿੰਨ ਰੋਜ਼ਾ ਪਾਰਲੀਮਾਨੀ ਸੈਸ਼ਨ ਵਿੱਚ ਭਾਗ ਲੈਣ ਵਾਸਤੇ ਪੱਛਮੀ ਆਸਟ੍ਰੇਲੀਆ ਦੇ ਫੈਡਰਲ ਸਰਕਾਰ ਦੇ ਐਮ.ਪੀਆਂ ਨੂੰ ਕੁਆਰਨਟੀਨ ਤੋਂ ਛੋਟ ਦਿੱਤੀ ਗਈ ਹੈ ਅਤੇ ਆਉਣ ਵਾਲੇ ਪਾਰਲੀਮਾਨੀ ਸੈਸ਼ਨ ਵਿੱਚ ਪਹਿਲੀ ਸਿਟਿੰਗ ਵਿੱਚ ਭਾਗ ਲੈਣ ਦੀ ਇਜਾਜ਼ਤ ਦਿੱਤੀ ਗਈ ਹੈ। ਏ.ਸੀ.ਟੀ. ਦੇ ਸਿਹਤ ਅਧਿਕਾਰੀਆਂ ਨੇ ਇਸ ਖ਼ਬਰ ਦਾ ਖੁਲਾਸਾ ਅੱਜ ਹੀ ਕੀਤਾ ਹੈ। ਜ਼ਿਕਰਯੋਗ ਹੈ ਕਿ ਪਰਥ ਵਿਚਲੇ ਹੋਟਲ ਕੁਆਰਨਟੀਨ ਨਾਲ ਸਬੰਧਤ ਇੱਕ ਵਰਕਰ ਦੇ ਕਰੋਨਾ ਪਾਜ਼ਿਟਿਵ ਹੋਣ ਕਾਰਨ ਪੰਜ ਦਿਨਾਂ ਦਾ ਲਾਕਡਾਉਨ ਲਗਾਇਆ ਗਿਆ ਹੈ ਅਤੇ ਐਮ.ਪੀਆਂ ਦੇ ਇਸ ਗਰੁੱਪ ਨੂੰ ਘਰਾਂ ਅੰਦਰ ਆਈਸੋਲੇਟ ਵੀ ਕੀਤਾ ਗਿਆ ਸੀ। ਜ਼ਿਕਰਯੋਗ ਇਹ ਵੀ ਹੈ ਕਿ ਪੱਛਮੀ ਆਸਟ੍ਰੇਲੀਆ ਤੋਂ ਫਲਾਈਟਾਂ ਰਾਹੀਂ ਜਿਹੜੇ ਹੋਰ ਯਾਤਰੀ ਜਨਵਰੀ 25 ਤੋਂ ਬਾਅਦ ਆ ਰਹੇ ਹਨ ਉਨ੍ਹਾਂ ਨੂੰ ਕੁਆਰਨਟੀਨ ਵਿੱਚ ਰਹਿਣਾ ਪੈ ਰਿਹਾ ਹੈ ਪਰੰਤੂ ਫੈਡਰਲ ਐਮ.ਪੀਆਂ ਨੂੰ ਇਸ ਤੋਂ ਛੋਟ ਦੇ ਦਿੱਤੀ ਗਈ ਹੈ ਅਤੇ ਇਸ ਦਾ ਕਾਰਨ ਹਾਲ ਦੀ ਘੜੀ ਤਾਂ ਸਮਝ ਤੋਂ ਬਾਹਰ ਹੈ। ਵਿਰੋਧੀ ਧਿਰਾਂ ਵੱਲੋਂ ਇਸ ਬਾਬਤ ਸਰਕਾਰ ਦੇ ਦੋਹਰੇ ਮਾਪਦੰਢਾਂ ਦੀ ਆਲੋਚਨਾ ਹੋਣੀ ਵੀ ਸ਼ੁਰੂ ਹੋ ਗਈ ਹੈ ਪਰੰਤੂ ਸਿਹਤ ਅਧਿਕਾਰੀ ਡਾ. ਕੋਲਮੈਨ ਨੇ ਕਿਸੇ ਕਿਸਮ ਦੇ ਦੋਹਰੇ ਮਾਪਦੰਢਾਂ ਤੋਂ ਕੋਰਾ ਇਨਕਾਰ ਕੀਤਾ ਹੈ। ਉਨ੍ਹਾਂ ਕਿਹਾ ਕਿ ਆਉਣ ਵਾਲੇ ਐਮ.ਪੀਆਂ ਦੇ ਕਰੋਨਾ ਟੈਸਟ ਕੀਤੇ ਗਏ ਹਨ ਅਤੇ ਉਨ੍ਹਾਂ ਦੇ ਨਤੀਜੇ ਨੈਗੇਟਿਵ ਆਏ ਹਨ ਅਤੇ ਇਸ ਵਿੱਚ ਕਿਸੇ ਕਿਸਮ ਦਾ ਕੋਈ ਵੀ ਦੋਹਰਾਪਣ ਨਹੀਂ ਹੈ।