ਤਸਮਾਨੀਆ ਪਾਰਲੀਮੈਂਟ ਵਿੱਚ ਫੈਡਰਲ ਲਿਬਰਲ ਸਟਾਫ ਮੈਂਬਰ ਦਾ ਅਸਤੀਫ਼ਾ -ਲਗੇ ਸਨ ਗ੍ਰੀਨਜ਼ ਪਾਰਟੀ ਦੀ ਮਹਿਲਾ ਨੇਤਾ ਪ੍ਰਤੀ ਅਪਸ਼ਬਦਾਂ ਦੇ ਇਲਜ਼ਾਮ

(ਐਸ.ਬੀ.ਐਸ. ਦੀ ਖ਼ਬਰ ਮੁਤਾਬਿਕ) ਆਸਟ੍ਰੇਲੀਆ ਅੰਦਰ ਹੁਣ ਮਹਿਲਾਵਾਂ ਆਪਣੇ ਪ੍ਰਤੀ ਹੋਈ ਬੇਇਜ਼ਤੀ ਦੇ ਬਦਲੇ ਦਿਨ ਪ੍ਰਤੀ ਦਿਨ ਉਨ੍ਹਾਂ ਲੋਕਾਂ ਕੋਲੋਂ ਗਿਣ ਗਿਣ ਕੇ ਲੈਣ ਲੱਗੀਆਂ ਹਨ ਜਿਨ੍ਹਾਂ ਨੇ ਕਦੇ ਨਾ ਕਦੇ ਉਨ੍ਹਾਂ ਦੀ ਸ਼ਾਨ ਦੇ ਖ਼ਿਲਾਫ਼ ਬਦਜ਼ੁਬਾਨੀ, ਬਦਸਲੂਕੀ ਆਦਿ ਦੀਆਂ ਕਾਰਵਾਈਆਂ ਕੀਤੀਆਂ ਸਨ ਅਤੇ ਇਸ ਪ੍ਰਤੀ ਹੁਣ ਮਹਿਲਾਵਾਂ ਨੇ ਸ਼ਰੇਆਮ ਅਜਿਹੇ ਕਾਰਕੂਨਾਂ ਦੇ ਖ਼ਿਲਾਫ਼ ਲਾਮਬੰਧੀ ਕਰਕੇ ਪ੍ਰਦਰਸ਼ਨ ਵੀ ਸ਼ੁਰੂ ਕੀਤੇ ਹੋਏ ਹਨ। ਇਸੇ ਦੇ ਚਲਦਿਆਂ ਹੁਣ ਤਸਮਾਨੀਆ ਰਾਜ ਅੰਦਰ ਗ੍ਰੀਨ ਪਾਰਟੀ ਦੇ ਉਘੇ ਅਤੇ ਸੀਨੀਅਰ ਨੇਤਾ ਕੈਸੀ ਓ ਕੋਨੋਰ ਨੇ ਸ਼ਿਕਾਇਤ ਕੀਤੀ ਸੀ ਕਿ ਫੈਡਰਲ ਲਿਬਰਲ ਸਟਾਫ ਮੈਂਬਰ ਐਂਡ੍ਰਿਊ ਹਜਸਨ ਨੇ 2019 ਵਿੱਚ ਉਨ੍ਹਾਂ ਪ੍ਰਤੀ ਮਾੜੀ ਸ਼ਬਦਾਵਲੀ ਦੀ ਵਰਤੋਂ ਕਰਕੇ ਉਨ੍ਹਾਂ ਦੀ ਬੇਇਜ਼ਤੀ ਕੀਤੀ ਸੀ ਅਤੇ ਇਸ ਵਾਸਤੇ ਹੁਣ ਹਜਸਨ ਨੂੰ ਆਪਣੇ ਮੌਜੂਦਾ ਅਹੁਦੇ (ਵਧੀਕ ਖ਼ਜ਼ਾਨਚੀ ਮਾਈਕਲ ਸੁਕਾਰ ਦਾ ਸਲਾਹਕਾਰ) ਤੋਂ ਅਸਤੀਫ਼ਾ ਦੇਣਾ ਪਿਆ ਹੈ।
ਸ੍ਰੀਮਤੀ ਓ ਕੋਨੋਰ ਨੇ ਕਿਹਾ ਕਿ ਉਕਤ ਵਾਕਿਆ ਉਦੋਂ ਵਾਪਰਿਆ ਸੀ ਜਦੋਂ ਉਹ 2019 ਵਿੱਚ ਇੱਕ ਇੰਟਰਵਿਊ ਵਿੱਚ ਮਸ਼ਰੂਫ ਸਨ ਤਾਂ ਉਨ੍ਹਾਂ ਦੇ ਮੀਡੀਆ ਸਲਾਹਕਾਰ ਨੇ ਆ ਕੇ ਉਨ੍ਹਾਂ ਨੂੰ ਦੱਸਿਆ ਸੀ ਕਿ ਹਜਸਨ -ਜੋ ਕਿ ਉਸ ਸਮੇਂ ਸਾਬਕਾ ਤਸਮਾਨੀਆ ਦੇ ਪ੍ਰੀਮੀਅਰ ਵਿਡ ਹੋਜਮੈਨ ਲਈ ਕੰਮ ਕਰਦੇ ਸਨ, ਨੇ ਉਨ੍ਹਾਂ ਪ੍ਰਤੀ ਅਜਿਹੇ ਸ਼ਬਦ ਵਰਤੇ ਹਨ ਅਤੇ ਉਸਨੇ ਇੱਕ ਵਿਸਤਾਰ ਨੋਟ ਵੀ ਇਸ ਉਪਰ ਤਿਆਰ ਕੀਤਾ ਸੀ।
ਉਨ੍ਹਾਂ ਵੱਲੋਂ ਸ਼ਿਕਾਇਤ ਕਰਨ ਉਪਰ ਪ੍ਰੀਮੀਆਰ ਦੇ ਵਿਭਾਗ ਨੇ ਕਾਰਵਾਈ ਕਰਦਿਆਂ ਇੱਕ ਪੜਤਾਲ ਕੀਤੀ ਜਿਸ ਵਿੱਚ ਕਿ ਮੌਕੇ ਦੇ ਗਵਾਹਾਂ ਵੱਲੋਂ ਇਹ ਬਿਆਨ ਲਏ ਗਏ, ਜਾਂ ਦਿਵਾਏ ਗਏ ਕਿ ਸ੍ਰੀ ਹਜਸਨ ਨੇ ਅਜਿਹਾ ਕੁੱਝ ਵੀ ਨਹੀਂ ਕਿਆ ਤੇ ਸ੍ਰੀਮਤੀ ਓ ਕੋਨੋਰ ਨੂੰ ਗਲਤ ਫਹਿਮੀ ਹੋਈ ਹੈ ਅਤੇ ਇੱਕ ਮਹਿਲਾ ਦੀ ਸ਼ਿਕਾਇਤ ਨੂੰ ਮਰਦ ਪ੍ਰਧਾਨ ਅਮਲੇ ਨੇ ਝੂਠਾ ਕਰਾਰ ਦੇ ਦਿੱਤਾ।
ਉਨ੍ਹਾਂ ਕਿਹਾ ਕਿ ਹੁਣ ਉਹ ਜਨਤਕ ਅਦਾਲਤ ਵਿੱਚ ਹਨ ਅਤੇ ਆਪ-ਬੀਤੀ ਦੱਸਣ ਵਿੱਚ ਗੁਰੇਜ਼ ਇਸ ਲਈ ਨਹੀਂ ਕਰ ਰਹੇ ਕਿਉਂਕਿ ਉਹ ਚਾਹੁੰਦੇ ਹਨ ਕਿ ਲੋਕਾਂ ਦੇ ਸਮਾਜਿਕ ਵਰਤੀਰਿਆਂ ਅੰਦਰ ਪੂਰਨ ਬਦਲਾਅ ਆਵੇ ਅਤੇ ਅੱਗੇ ਤੋਂ ਕੋਈ ਵੀ ਅਜਿਹਾ ਸ਼ਖ਼ਸ ਜੋ ਕਿ ਮਹਿਲਾਵਾਂ ਪ੍ਰਤੀ ਅਭੱਧਰ ਵਿਵਹਾਰ ਕਰਦਾ ਹੈ ਤਾਂ ਉਹ ਬਚਣਾ ਨਹੀਂ ਚਾਹੀਦਾ ਅਤੇ ਕਾਨੂੰਨਨ ਉਸਨੂੰ ਸਜ਼ਾ ਮਿਲਣੀ ਚਾਹੀਦੀ ਹੈ।

Install Punjabi Akhbar App

Install
×