ਫੈਡਰਲ ਦੇ ਬਾਹਰੀ ਦੇਸ਼ਾਂ ਦੇ ਮਾਮਲਿਆਂ ਵਿੱਚ ਅਖ਼ਤਿਆਰ ਵਾਲੇ ਬਿਲ ਨੂੰ ਮਨਜ਼ੂਰੀ -ਵਿਕਟੋਰੀਆ ਦੀ ਚੀਨ ਨਾਲ ਬੈਨਟ ਅਤੇ ਰੋਡ ਡੀਲ ਨੂੰ ਜੋਖਮ

(ਐਸ.ਬੀ.ਐਸ. ਦੀ ਖ਼ਬਰ ਮੁਤਾਬਿਕ) ਰਾਸ਼ਟਰੀ ਸੁਰੱਖਿਆ ਦੇ ਮੱਦੇਨਜ਼ਰ, ਆਸਟ੍ਰੇਲੀਆਈ ਸਰਕਾਰ ਨੇ ਬਾਹਰੀ ਦੇਸ਼ਾਂ ਦੇ ਮਾਮਲਿਆਂ ਨਾਲ ਰਾਜਾਂ ਅਤੇ ਯੂਨੀਵਰਸਿਟੀਆਂ ਦੀਆਂ ਕਾਰਵਾਈਆਂ ਉਪਰ ਆਪਣਾ ਸਿੱਧਾ ਦਖਲ ਅਤੇ ਮਨਜ਼ੂਰੀ ਦੇਣ ਵਾਲਾ ਬਿਲ ਪਾਰਲੀਮੈਂਟ ਵਿੱਚ ਪਾਸ ਕਰਵਾ ਲਿਆ ਹੈ ਅਤੇ ਇਸ ਨਾਲ ਸਿੱਧਾ ਸਿੱਧਾ ਅਸਰ ਵਿਕਟੋਰੀਆ ਦੀ ਬੈਲਟ ਅਤੇ ਰੋਡ ਵਾਲੀ ਹੋ ਰਹੀ ਚੀਨ ਦੇ ਇਕਰਾਰ ਉਪਰ ਪੈ ਸਕਦਾ ਹੈ ਅਤੇ ਇਸ ਡੀਲ ਉਪਰ ਕਈ ਤਰ੍ਹਾਂ ਦੇ ਜੋਖਮ ਖੜ੍ਹੇ ਹੋ ਸਕਦੇ ਹਨ। ਖ਼ਜ਼ਾਨਾ ਮੰਤਰੀ ਨੇ ਇਸ ਬਾਰੇ ਸਪਸ਼ਟ ਕਰਦਿਆਂ ਕਿਹਾ ਕਿ ਵਿਕਟੋਰੀਆ ਦੀ ਉਕਤ ਡੀਲ ਨਾਲ ਨਾ ਤਾਂ ਉਹ ਪਹਿਲਾਂ ਹੀ ਇਤਫ਼ਾਕ ਰੱਖਦੇ ਸਨ ਅਤੇ ਨਾ ਹੀ ਹੁਣ ਅਤੇ ਇਸੇ ਵਾਸਤੇ ਰਾਸ਼ਟਰੀ ਸੁਰੱਖਿਆ ਅਤੇ ਅੰਤਰ-ਰਾਸ਼ਟਰੀ ਮਾਮਲਿਆਂ ਦੇ ਮੱਦੇਨਜ਼ਰ ਇਹ ਬਿਲ ਪਾਸ ਕੀਤਾ ਗਿਆ ਹੈ। ਇਸ ਦੇ ਤਹਿਤ ਫੈਡਰਲ ਸਰਕਾਰ ਜਲਦੀ ਹੀ ਅਜਿਹੇ ਹੱਕ ਰਾਖਵੇਂ ਕਰ ਲਵੇਗੀ ਜਿਸ ਨਾਲ ਕਿ ਕਿਸੇ ਵੀ ਅਜਿਹੇ ਇਕਰਾਰ ਨਾਮੇ (ਅੰਤਰ-ਰਾਸ਼ਟਰੀ) ਵਿੱਚ ਸਿੱਧਾ ਦਖ਼ਲ ਦੇ ਸਕਦੀ ਹੈ ਜਿਹੜਾ ਕਿ ਰਾਜਾਂ, ਟੈਰਿਟਰੀਆਂ, ਕਾਂਸਲਾਂ ਆਦਿ ਦੇ ਨਾਲ ਨਾਲ ਨਿਜੀ ਯੂਨੀਵਰਸਿਟੀਆਂ ਦੀਆਂ ਡੀਲਾਂ ਨਾਲ ਸਬੰਧਤ ਹੁੰਦਾ ਹੈ ਜੋ ਕਿ ਬਾਹਰਲੇ ਕਿਸੇ ਵੀ ਦੇਸ਼ ਆਦਿ ਨਾਲ ਕੀਤੀਆਂ ਜਾਂਦੀਆਂ ਹਨ ਅਤੇ ਇਸ ਵਾਸਤੇ ਅਜਿਹੇ ਇਕਰਾਰਨਾਮਿਆਂ ਤਹਿਤ, ਦੇਸ਼ ਹਿਤ ਲਈ ਕੌਮੀ ਸਰਕਾਰ ਦੀ ਹਾਮੀ ਅਤੇ ਮਨਜ਼ੂਰੀ ਲਾਜ਼ਮੀ ਬਣ ਜਾਂਦੀ ਹੈ। ਬਾਹਰੀ ਰਾਜਾਂ ਦੇ ਮਾਮਲਿਆਂ ਦੇ ਮੰਤਰੀ ਇਸ ਦੀ ਪੜਤਾਲ ਕਰਨਗੇ ਕਿ ਅਜਿਹੇ ਇਕਰਾਰ ਕੌਮੀ ਪੱਧਰ ਦੇ ਹਿਤਾਂ ਲਈ ਹਨ ਅਤੇ ਕਿਸੇ ਕਿਸਮ ਦੀ ਦੇਸ਼ ਦੀ ਫੋਰਨ ਪਾਲਿਸੀ ਦੇ ਖ਼ਿਲਾਫ਼ ਨਹੀਂ ਜਾਂਦੇ ਅਤੇ ਹਰ ਪੈਮਾਨੇ ਵਿੱਚ ਸਹੀ ਉਤਰਦੇ ਹਨ। ਜ਼ਿਕਰਯੋਗ ਹੈ ਕਿ ਚੀਨ ਨੇ ਆਸਟ੍ਰੇਲੀਆ ਦੇ ਖ਼ਿਲਾਫ਼ ਪਹਿਲਾਂ ਤੋਂ ਹੀ 14 ਅਜਿਹੀਆਂ ਕਾਰਵਾਈਆਂ ਕੀਤੀਆਂ ਹੋਈਆਂ ਹਨ ਜਿਸ ਨਾਲ ਕਿ ਦੇਸ਼ ਦੀ ਅਰਥ-ਵਿਵਸਥਾ ਨੂੰ ਸਿੱਧਾ ਸਿੱਧਾ ਨੁਕਸਾਨ ਪਹੁੰਚ ਰਿਹਾ ਹੈ ਅਤੇ ਹੁਣ ਇਸ ਬਿਲ ਤੋਂ ਬਾਅਦ ਚੀਨ ਦਾ ਗੁੱਸਾ ਕਿੱਥੇ ਅਤੇ ਕਿਵੇਂ ਨਿਕਲਦਾ ਹੈ -ਇਹ ਹਾਲ ਦੀ ਘੜੀ ਭਵਿੱਖ ਦੇ ਗਰਭ ਵਿੱਚ ਹੀ ਹੈ ਅਤੇ ਕੁੱਝ ਸਮੇਂ ਅੰਦਰ ਹੀ ਇਸ ਦੇ ਜਨਮ ਲੈਣ ਦੀਆਂ ਸੰਭਾਵਨਾਵਾਂ ਨੂੰ ਮੁਨਕਰ ਨਹੀਂ ਹੋਇਆ ਜਾ ਸਕਦਾ।

Install Punjabi Akhbar App

Install
×