ਘਰੇਲੂ ਹਿੰਸਾ ਦਾ ਸ਼ਿਕਾਰ ਆਰਜ਼ੀ ਵੀਜ਼ਾ ਧਾਰਕ ਮਹਿਲਾਵਾਂ ਨੂੰ ਫੌਰੀ ਤੌਰ ਤੇ ਮਦਦ ਲਈ 10 ਮਿਲੀਅਨ ਡਾਲਰਾਂ ਦੀ ਫੰਡਿੰਗ ਦਾ ਐਲਾਨ

(ਐਸ.ਬੀ.ਐਸ. ਦੀ ਖ਼ਬਰ ਮੁਤਾਬਿਕ) ਫੈਡਰਲ ਸਰਕਾਰ ਨੇ ਇੱਕ ਅਹਿਮ ਐਲਾਨਨਾਮੇ ਰਾਹੀਂ ਦੱਸਿਆ ਹੈ ਕਿ ਦੇਸ਼ ਅੰਦਰ ਅਜਿਹੀਆਂ ਆਰਜ਼ੀ ਵੀਜ਼ਾ ਧਾਰਕ ਮਹਿਲਾਵਾਂ ਜੇਕਰ ਕਿਸੇ ਕਿਸਮ ਦੀ ਘਰੇਲੂ ਜਾਂ ਪਰਿਵਾਰਿਕ ਹਿੰਸਾ ਦਾ ਸ਼ਿਕਾਰ ਹੋ ਜਾਂਦੀਆਂ ਹਨ ਅਤੇ ਮਜਬੂਰੀ ਵੱਸ ਉਨ੍ਹਾਂ ਨੂੰ ਆਪਣਾ ਮੌਜੂਦਾ ਘਰ ਛੱਡਣਾ ਪੈ ਜਾਂਦਾ ਹੈ ਤਾਂ ਸਰਕਾਰ ਨੇ ਉਨ੍ਹਾਂ ਮਹਿਲਾਵਾਂ ਦੀ ਮਦਦ ਲਈ 10 ਮਿਲੀਅਨ ਡਾਲਰ ਦੀ ਪਾਲਿਸੀ ਦਾ ਐਲਾਨ ਕੀਤਾ ਹੈ ਅਤੇ ਇਸ ਦੇ ਤਹਿਤ ਅਜਿਹੀਆਂ ਮਹਿਲਾਵਾਂ ਨੂੰ 3000 ਡਾਲਰ ਤੱਕ ਦੀ ਫੌਰੀ ਮਦਦ ਦਿੱਤੀ ਜਾਵੇਗੀ ਤਾਂ ਜੋ ਉਹ ਆਪਣੇ ਰੈਣ ਬਸੇਰਾ ਮੁੜ ਤੋਂ ਕਾਇਮ ਕਰ ਸਕਣ। ਇਸ ਸਕੀਮ ਨੂੰ ਰੈਡ ਕਰਾਸ ਪਾਇਲਟ ਪ੍ਰੋਗਰਾਮ ਦੇ ਤਹਿਤ ਚਲਾਇਆ ਗਿਆ ਹੈ ਅਤੇ ਇਸ ਦਾ ਇਹ ਪਾਇਲਟ ਪ੍ਰਾਜੈਕਟ ਅਗਲੇ 12 ਮਹੀਨੇ ਤੱਕ ਚੱਲੇਗਾ।
ਸਬੰਧਤ ਵਿਭਾਗਾਂ ਦੇ ਮੰਤਰੀ ਐਨੇ ਰਸਟਨ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਅਜਿਹੀਆਂ ਸਥਿਤੀਆਂ ਅੰਦਰ ਕਈ ਵਾਰੀ ਮਹਿਲਾਵਾਂ ਚੁੱਪਚਾਪ ਅਜਿਹੀਆਂ ਹਿੰਸਾਵਾਂ ਨੂੰ ਝੇਲ ਜਾਂਦੀਆਂ ਹਨ ਕਿਉਂਕਿ ਉਨ੍ਹਾਂ ਨੂੰ ਡਰ ਹੁੰਦਾ ਹੈ ਕਿ ਸਮਾਜ ਵਿੱਚ ਉਨ੍ਹਾਂ ਦੀ ਇੱਜ਼ਤ ਨੂੰ ਢਾਹ ਲੱਗੇਗੀ, ਅਤੇ ਜਾਂ ਫੇਰ ਆਸਟ੍ਰੇਲੀਆਈ ਸਰਕਾਰ ਹੀ ਉਨ੍ਹਾਂ ਦੇ ਖ਼ਿਲਾਫ਼ ਫੈਸਲੇ ਨਾ ਦੇ ਦੇਵੇ ਅਤੇ ਉਨ੍ਹਾਂ ਨੂੰ ਦੇਸ਼ ਛੱਡਣਾ ਹੀ ਨਾ ਪੈ ਜਾਵੇ ਅਤੇ ਕਈ ਵਾਰੀ ਤਾਂ ਉਕਤ ਮਹਿਲਾਵਾਂ ਦਾ ਅੰਗ੍ਰੇਜ਼ੀ ਦਾ ਘੱਟ ਗਿਆਨ ਵੀ ਆੜੇ ਆ ਜਾਂਦਾ ਹੈ -ਪਰੰਤੂ ਸਰਕਾਰ ਦਾ ਕਹਿਣਾ ਹੈ ਕਿ ਅਜਿਹੀਆਂ ਮਹਿਲਾਵਾਂ ਨੂੰ ਡਰਨ ਦੀ ਜ਼ਰੂਰਤ ਨਹੀਂ ਅਤੇ ਅਜਿਹੇ ਮਾਮਲਿਆਂ ਦੀ ਤੁਰੰਤ ਪੁਲਿਸ ਜਾਂ ਸੁਰੱਖਿਆ ਅਧਿਕਾਰੀਆਂ ਅਤੇ ਜਾਂ ਫੇਰ ਹੋਰ ਸਬੰਧਤ ਵਿਭਾਗਾਂ ਨੂੰ ਇਤਲਾਹ ਦੇਣ ਦੀ ਜ਼ਰੂਰਤ ਹੈ। ਉਹ ਭਾਵੇਂ ਆਰਜ਼ੀ ਵੀਜ਼ਾ ਤੇ ਹੋਣ, ਸਪਾਂਸਰ ਸ਼ਿਪ ਵਿੱਚ ਹੋਣ ਜਾਂ ਕਿਸੇ ਵੀ ਹਾਲਤ ਵਿੱਚ ਹੋਣ ਤਾਂ ਉਨ੍ਹਾਂ ਨੂੰ ਡਰਨ ਦੀ ਲੋੜ ਨਹੀਂ, ਉਹ ਇਨਸਾਫ ਦੇ ਨਾਲ ਨਾਲ ਉਕਤ ਮਾਲੀ ਸਹਾਇਤਾ ਦੀਆਂ ਵੀ ਹੱਕਦਾਰ ਹਨ। ਉਕਤ 3000 ਡਾਲਰਾਂ ਦੀ ਰਾਸ਼ੀ ਨਾਲ ਉਨ੍ਹਾਂ ਦੇ ਫੌਰੀ ਤੌਰ ਉਪਰ ਰਹਿਣ ਸਹਿਣ, ਖਾਣ ਪੀਣ ਆਦਿ ਦਾ ਇੰਤਜ਼ਾਮ ਕੀਤਾ ਜਾਵੇਗਾ ਜਿਸ ਨਾਲ ਕਿ ਉਹ ਆਪਣੇ ਮੁੜ ਵਸੇਬੇ ਦੀ ਫੇਰ ਤੋਂ ਤਿਆਰੀ ਕਰ ਸਕਣ।
ਉਕਤ ਪ੍ਰੋਗਰਾਮ ਦਾ ਇਸੇ ਮਹੀਨੇ ਤੋਂ ਹੀ ਸ਼ੁਰੂ ਹੋਣ ਦੀ ਕਵਾਇਦ ਸ਼ੁਰੂ ਕਰ ਦਿੱਤੀ ਗਈ ਹੈ ਅਤੇ ਇਸ ਪਾਇਲਟ ਪ੍ਰੋਗਰਾਮ ਤਹਿਤ ਘੱਟੋ ਘੱਟ ਵੀ 1,200 ਅਜਿਹੀਆਂ ਔਰਤਾਂ ਨੂੰ ਫੌਰੀ ਤੌਰ ਤੇ ਮਦਦ ਦਿੱਤੀ ਜਾਵੇਗੀ ਜੋ ਕਿ ਘਰੇਲੂ ਹਿੰਸਾ ਦਾ ਸ਼ਿਕਾਰ ਹਨ।

Install Punjabi Akhbar App

Install
×