ਪਿਓ ਦਾ ਪਿਆਰ

ਪਿਓ ਦਾ ਪਿਆਰ ਕਿਸੇ ਵਿਸ਼ੇਸ਼ ਦਿਨ ਦਾ ਮੋਹਤਾਜ ਨਹੀਂ ਅਤੇ ਨਾਂ ਹੀ ਇੱਕ ਦਿਨ ਵਿਚ ਇਸ ਅਜੀਮ ਪਿਆਰ ਨੂੰ ਨਾਪਿਆ ਜਾ ਸਕਦਾ ਹੈ। ਬੱਚੇ ਦੀ ਜ਼ਿੰਦਗੀ ਵਿਚ ਜਿਵੇਂ ਮਾਂ ਦੀ ਕੋਈ ਜਗ੍ਹਾ ਨਹੀਂ ਲੈ ਸਕਦਾ ਉਵੇਂ ਹੀ ਪਿਤਾ ਦੀ ਭੂਮਿਕਾ ਬਹੁਤ ਅਹਿਮ ਹੈ, ਉਸ ਦੀ ਮੌਜੂਦਗੀ ਸਾਡੀ ਜ਼ਿੰਦਗੀ ਵਿੱਚ ਬਿਹਤਰ ਦਿਸ਼ਾ ਦਿਖਾਉਣ ਲਈ ਕਾਫ਼ੀ ਮੰਨੀ ਜਾਂਦੀ ਹੈ। ਜਦੋਂ ਪਿਤਾ ਨਾਲ ਰਿਸ਼ਤੇ ਦੀ ਗੱਲ ਆਉਂਦੀ ਹੈ, ਤਾਂ ਇਸ ਦੀ ਮਹੱਤਤਾ ਬਾਕੀ ਲੋਕਾਂ ਨਾਲੋਂ ਵੱਖਰੀ ਹੋ ਜਾਂਦੀ ਹੈ। ਬੱਚੇ ਦੇ ਜਨਮ ਤੋਂ ਹੀ ਪਿਤਾ ਉਸ ਦੇ ਵੱਡੇ ਹੋਣ, ਸਿੱਖਿਆ, ਨੌਕਰੀ, ਵਿਆਹ ਤਕ ਦੇ ਸੁਪਨੇ ਦੇਖ ਲੈਂਦਾ ਹੈ। ਉਹ ਆਪਣੀਆਂ ਜ਼ਿੰਮੇਵਾਰੀਆਂ ਨੂੰ ਧਿਆਨ ‘ਚ ਰੱਖਦਾ ਹੈ। ਜਦੋਂ ਬੱਚੇ ਦੇ ਮੋਢੇ ‘ਤੇ ਪਿਤਾ ਦਾ ਹੱਥ ਹੁੰਦਾ ਹੈ ਤਾਂ ਉਸ ਨੂੰ ਅੱਧੀ ਸਫਲਤਾ ਉਦੋਂ ਹੀ ਮਿਲ ਜਾਂਦੀ ਹੈ। ਉਹ ਆਪਣੇ ਬੱਚੇ ਨੂੰ ਚੰਗੇ-ਮਾੜੇ ਦੀ ਪਰਖ ਕਰਨਾ, ਮੁਸੀਬਤਾਂ ਦਾ ਸਾਹਮਣਾ ਕਰਨਾ ਸਿਖਾਉਂਦਾ ਹੈ। ਇਕ ਪਿਤਾ ਗਾਈਡ ਬਣ ਕੇ ਆਪਣੇ ਬੱਚਿਆਂ ਨੂੰ ਦੁਨੀਆ ਨਾਲ ਜਾਣੂ ਕਰਵਾਉਂਦਾ ਹੈ, ਅਧਿਆਪਕ ਬਣ ਕੇ ਅਨੁਸ਼ਾਸਨ ਸਿਖਾਉਂਦਾ ਹੈ, ਗੁਰੂ ਬਣ ਕੇ ਗਿਆਨ ਦਿੰਦਾ ਹੈ, ਮਿੱਤਰ ਬਣ ਕੇ ਮੁਸੀਬਤ ‘ਚ ਚੱਟਾਨ ਵਾਂਗ ਖੜ੍ਹਾ ਹੁੰਦਾ ਹੈ, ਲੋੜ ਪੈਣ ‘ਤੇ ਹਨੇਰੇ ‘ਚ ਪ੍ਰਕਾਸ਼ ਥੰਮ੍ਹ ਬਣ ਜਾਂਦਾ ਹੈ। ਇਸ ਲਈ ਕਿਹਾ ਜਾਂਦਾ ਹੈ ਕਿ ਇਕ ਪਿਤਾ ਸੌ ਅਧਿਆਪਕਾਂ ਤੋਂ ਵੱਧ ਹੁੰਦਾ ਹੈ।

ਦੁਨੀਆ ‘ਚ ਸਿਰਫ਼ ਇਕ ਪਿਤਾ ਹੀ ਹੁੰਦਾ ਹੈ, ਜੋ ਆਪਣੇ ਬੱਚੇ ਨੂੰ ਆਪਣੇ ਆਪ ਤੋਂ ਉੱਚਾ ਦੇਖਣਾ ਚਾਹੁੰਦਾ ਹੈ। ਉਨ੍ਹਾਂ ਨੂੰ ਆਪਣੇ ਤੋਂ ਵੱਧ ਕਾਮਯਾਬ ਦੇਖਣਾ ਚਾਹੁੰਦਾ ਹੈ।ਪਿਓ-ਧੀ ਦਾ ਰਿਸ਼ਤਾ ਬਹੁਤ ਹੀ ਨਿਆਰਾ ਤੇ ਦਿਲ ਨੂੰ ਸਕੂਨ ਦੇਣ ਵਾਲਾ ਹੈ। ਬਾਬਲ ਆਪਣੀ ਲਾਡਲੀ ਨੂੰ ਚਾਵਾਂ ਨਾਲ ਪਾਲਦਾ-ਪੋਸਦਾ, ਉਸ ਦੀ ਕਿਲਕਾਰੀ ਦੀ ਗੂੰਜ ਨੂੰ ਮਾਣਦਾ ਹੈ। ਆਪਣੀ ਧੀ ਦੀ ਉਂਗਲੀ ਫੜ ਕੇ ਨਿੱਕੇ-ਨਿੱਕੇ ਕਦਮਾਂ ਨਾਲ ਚੱਲਣਾ ਸਿਖਾਉਂਦਾ ਹੈ। ਜ਼ਿੰਦਗੀ ਦੀਆਂ ਰਮਜ਼ਾਂ ਸਮਝਾਉਂਦਾ ਹੋਇਆ ਉਸ ਦੇ ਕਦਮਾਂ ਨੂੰ ਜੀਵਨ ਦੀਆਂ ਉਚੇਰੀਆਂ ਘਾਟੀਆਂ ਚੜ੍ਹਨ ਲਈ ਪ੍ਰੇਰਦਾ ਹੈ। ਆਪਣੀ ਬੱਚੀ ਨਾਲ ਆਤਮਿਕ ਸਾਂਝ ਪਾਉਂਦਾ ਹੋਇਆ ਉਸ ਨੂੰ ਜੀਵਨ ਵਿੱਚ ਸਹੀ ਢੰਗ ਨਾਲ ਵਿਚਰਨ ਦੀ ਜਾਚ ਸਿਖਾਉਂਦਾ ਹੈ। ਜਿਉਂ-ਜਿਉਂ ਧੀ ਵੱਡੀ ਹੁੰਦੀ ਹੈ ਬਾਪ ਦੇ ਮੱਥੇ ’ਤੇ ਚਿੰਤਾਵਾਂ ਦੀਆਂ ਲਕੀਰਾਂ ਪਰਪੱਕ ਹੋ ਜਾਂਦੀਆਂ ਹਨ। ਲਾਡਲੀ ਨੂੰ ਪੜ੍ਹਾ ਲਿਖਾ ਕੇ ਪੈਰੀਂ ਖੜ੍ਹਾ ਕਰਨ ਦੇ ਬਾਵਜੂਦ ਅਗਲੇ ਘਰ ਤੋਰਨ ਲਈ ਬਾਬਲ ਉਸ ਦੇ ਲਈ ਯੋਗ ਵਰ ਟੋਲਣ ਦਾ ਫ਼ਿਕਰ ਕਰਦਾ ਹੈ। ਵੇਲ ਵਾਂਗਰ ਵਧਦੀ ਧੀ ਬਾਪ ਨੂੰ ਮਹਿਮਾਨ ਨਜ਼ਰ ਆਉਣ ਲੱਗਦੀ ਹੈ। ਧੀ ਦੇ ਵੱਡਾ ਹੋਣ ਬਾਰੇ ਲੋਕ ਵੀ ਸੁਚੇਤ ਕਰਨ ਲੱਗ ਜਾਂਦੇ ਹਨ। 

ਬੱਚਿਆਂ ਦੇ ਜੀਵਨ ‘ਚ ਪਿਤਾ ਅਹਿਮ ਭੂਮਿਕਾ ਰੱਖਦਾ ਹੈ, ਕਿਉਂਕਿ ਜੋ ਜ਼ਿੰਮੇਵਾਰੀ ਇਕੱਲਾ ਪਿਤਾ ਆਪਣੇ ਬੱਚਿਆਂ ਪ੍ਰਤੀ ਨਿਭਾ ਸਕਦਾ ਹੈ, ਉਹ ਕਿੰਨੇ ਵੀ ਹੋਰ ਲੋਕ ਮਿਲ ਕੇ ਨਿਭਾਉਣ ਦੀ ਕੋਸ਼ਿਸ਼ ਕਰਨ, ਫਿਰ ਵੀ ਨਹੀਂ ਨਿਭਾ ਸਕਦੇ। ਜਿਸ ਪਿਤਾ ਨੇ ਸਾਨੂੰ ਇਹ ਦੁਨੀਆ ਦਿਖਾਈ ਹੈ, ਜਿਸ ਦੀ ਬਦੌਲਤ ਅੱਜ ਅਸੀਂ ਉੱਚੇ ਮੁਕਾਮ ‘ਤੇ ਪਹੁੰਚ ਜਾਂਦੇ ਹਾਂ, ਉਸ ਨੂੰ ਭੁੱਲਣਾ ਬਹੁਤ ਮਾੜੀ ਗੱਲ ਹੈ। ਪਿਤਾ ਕੋਈ ਯਾਦ ਰੱਖਣ ਵਾਲੀ ਚੀਜ਼ ਨਹੀਂ, ਜਿਸ ਲਈ ਕੋਈ ਖ਼ਾਸ ਦਿਨ ਨਿਸ਼ਚਿਤ ਕਰਨ ਦੀ ਲੋੜ ਹੈ।  ਇਸ ਲਈ ਬੱਚਿਆਂ ਨੂੰ ਚਾਹੀਦਾ ਹੈ ਕਿ ਉਹ ਮਾਂ-ਬਾਪ ਦੀ ਨਿਸਵਾਰਥ ਸੇਵਾ ਕਰਨ ਤੇ ਉਨ੍ਹਾਂ ਦਾ ਆਸ਼ੀਰਵਾਦ ਲੈਣ। ਮਾਂ ਦੇ ਪਿਆਰ ‘ਚ ਜਿੱਥੇ ਮਮਤਾ ਹੁੰਦੀ ਹੈ, ਉੱਥੇ ਪਿਤਾ ਦੇ ਪਿਆਰ ‘ਚ ਕਿਤੇ ਕਠੋਰਤਾ ਦੀ ਝਲਕ ਵੀ ਦਿਖਾਈ ਦਿੰਦੀ ਹੈ ਪਰ ਇਸ ਕਠੋਰਤਾ ਪਿੱਛੇ ਵੀ ਬੱਚਿਆਂ ਦੀ ਭਲਾਈ ਹੀ ਲੁਕੀ ਹੁੰਦੀ ਹੈ।ਅੱਜ ਕੱਲ ਰਿਸ਼ਤੇ ਨਾਤੇ ਫਿੱਕੇ ਪੈ ਰਹੇ ਹਨ। ਮਾਂ-ਬਾਪ ਬਿਰਧ ਆਸ਼ਰਮਾਂ ਵਿੱਚ ਰੁਲ਼ ਰਹੇ ਹਨ। ਜਿਸ ਪਿਤਾ ਨੇ ਆਪਣੇ ਪੁੱਤਰ ਨੂੰ ਉਂਗਲ ਨਾਲ ਲਾ ਤੁਰਨਾ ਸਿਖਾਇਆ ਹੁੰਦਾ ਹੈ, ਉਹੀ ਬੁਢਾਪੇ ਵਿੱਚ ਉਸਨੂੰ ਆਪਣੇ ਉੱਤੇ ਬੋਝ ਸਮਝਣ ਲੱਗ ਜਾਂਦਾ ਹੈ। ਪਿਤਾ ਦੀ ਖੰਘਣ ਦੀ ਆਵਾਜ਼ ਵੀ ਉਸਦੇ ਮਨ ਅੰਦਰ ਬੇਚੈਨੀ ਪੈਦਾ ਕਰਦੀ ਹੈ। ਜਿਨ੍ਹਾਂ ਬੱਚਿਆਂ ਦੇ ਸਿਰਾਂ ਤੋਂ ਪਿਤਾ ਦੀ ਛਾਇਆ ਚਲੀ ਜਾਂਦੀ ਹੈ, ਜ਼ਿੰਦਗੀ ਦੇ ਦੁੱਖਾਂ ਨਾਲ ਦੋ ਚਾਰ ਹੋਣਾ ਪੈਂਦਾ ਹੈ, ਉਹੀ ਪਿਤਾ ਦੀ ਅਹਿਮੀਅਤ ਬਾਰੇ ਦੱਸ ਸਕਦੇ ਹਨ। ਧੀਆਂ ਫਿਰ ਵੀ ਆਪਣੇ ਪਿਤਾ ਨਾਲ ਅੰਦਰੋਂ ਮੋਹ ਕਰਦੀਆਂ ਹਨ, ਹਰ ਦੁੱਖ ਸੁੱਖ ਵਿੱਚ ਖੜ੍ਹਦੀਆਂ ਹਨ, ਪ੍ਰੰਤੂ ਪੁੱਤਰ, ਜਿਨ੍ਹਾਂ ਨੂੰ ਵੰਸ਼ਜ਼ ਕਿਹਾ ਜਾਂਦਾ ਹੈ, ਉਹੀ ਆਪਣੇ ਬੁੱਢੇ ਮਾਪਿਆਂ ਨੂੰ ਦੁਰਕਾਰਦੇ ਹਨ। ਬਹੁਤ ਸਾਰੇ ਮਾਪੇ ਅਜਿਹੇ ਹਨ, ਜਿਨ੍ਹਾਂ ਦੇ ਤਿੰਨ ਚਾਰ ਪੁੱਤਰ ਹਨ, ਉਹ ਰੁਲ਼ਦੇ ਹਨ। ਜਿਨ੍ਹਾਂ ਦੇ ਕੇਵਲ ਧੀ ਹੀ ਹੈ – ਉਹ ਅਰਾਮ ਦੀ ਰੋਟੀ ਖਾਂਦੇ ਹਨ।

ਅੱਜ ਦੀ ਨਵੀਂ ਪੀੜ੍ਹੀ ਵਿੱਚੋਂ ਮਾਪਿਆਂ ਦੇ ਸਤਿਕਾਰ ਦੀਆਂ ਗੱਲਾਂ ਬਿਲਕੁਲ ਮਨਫੀ ਹੋ ਰਹੀਆਂ ਹਨ। ਬੱਚੇ ਮਾਰਡਨ ਜ਼ਿੰਦਗੀ ਜਿਉਣ ਵਿੱਚ ਵਿਸ਼ਵਾਸ ਕਰਨ ਲੱਗ ਗਏ ਹਨ। ਉਨ੍ਹਾਂ ਵਿੱਚ ਵੱਡਿਆਂ ਪ੍ਰਤੀ ਸਤਿਕਾਰ ਦੀ ਭਾਵਨਾ ਬਹੁਤ ਘਟ ਗਈ ਹੈ। ਪਿਤਾ ਦਿਵਸ ’ਤੇ ਆਪਣੇ ਬਜ਼ੁਰਗਾਂ ਦਾ ਦਿਲੋਂ ਸਤਿਕਾਰ ਕਰਨ ਦੀ ਜਰੂਰਤ ਹੈ।  ਜੇਕਰ ਅਸੀਂ ਆਪਣੇ ਦਿਲ ਵਿੱਚ ਬਜ਼ੁਰਗਾਂ ਪ੍ਰਤੀ ਸਤਿਕਾਰ ਲੈ ਕੇ ਚੱਲਾਂਗੇ ਤਾਂ ਹਰ ਰੋਜ਼ ਹੀ ‘ਹੈਪੀ ਫਾਦਰਜ਼ ਡੇ’ ਹੋਵੇਗਾ। ਸਾਨੂੰ ਸਿਰਫ ਪਿਤਾ ਦਿਵਸ ’ਤੇ ਹੀ ਨਹੀਂ ਬਲਕਿ ਹਮੇਸ਼ਾ ਹੀ ਪਿਤਾ ਨੂੰ ਮਾਣ ਸਤਿਕਾਰ ਦੇਣਾ ਚਾਹੀਦਾ ਹੈ।

(ਰਾਜਿੰਦਰ ਰਾਣੀ) ranirajinder655@gmail.com

Install Punjabi Akhbar App

Install
×