ਹੈਲੀਕਾਪਟਰ ਕ੍ਰੈਸ਼ ਮਾਮਲੇ ਵਿੱਚ ਰਿਐਲਿਟੀ ਸਟਾਰ ਮੈਟ ਰਾਈਟ ਦਾ ਨਾਮ -ਗ੍ਰਿਫ਼ਤਾਰੀ ਦੇ ਵਾਰੰਟ ਜਾਰੀ

ਇਸੇ ਸਾਲ ਫਰਵਰੀ ਦੇ ਮਹੀਨੇ ਦੌਰਾਨ, ਨਾਰਦਰਨ ਟੈਰਿਟਰੀ ਵਿੱਚ ਹੋਏ ਇੱਕ ਹੈਲੀਕਾਪਟਰ ਕ੍ਰੈਸ਼ -ਜਿਸ ਵਿੱਚ ਇੱਕ ਵਿਅਕਤੀ ਮਾਰਿਆ ਗਿਆ ਸੀ, ਦੇ ਮਾਮਲੇ ਤਹਿਤ, 43 ਸਾਲਾਂ ਦੇ ਰਿਐਲਿਟੀ ਸਟਾਰ ਮੈਟ ਰਾਈਟ ਦੇ ਖ਼ਿਲਾਫ਼ ਪੁਲਿਸ ਵੱਲੋਂ ਵਾਰੰਟ ਜਾਰੀ ਕੀਤੇ ਗਏ ਹਨ ਅਤੇ ਇਲਜ਼ਾਮ ਲਗਾਇਆ ਗਿਆ ਹੈ ਕਿ ਮੈਟ ਨੇ ਇਸ ਮਾਮਲੇ ਵਿੱਚ ਗਲਤ ਬਿਆਨਬਾਜ਼ੀ ਕੀਤੀ ਹੈ ਅਤੇ ਜਹਾਜ਼ ਦੇ ਪਾਇਲਟ ਨੂੰ ਵੀ ਗਲਤ ਬਿਆਨ ਦੇਣ ਵਾਸਤੇ ਉਕਸਾਇਆ ਹੈ। ਇਸਤੋਂ ਇਲਾਵਾ ਸਬੂਤਾਂ ਦੀ ਖੁਰਦ-ਬੁਰਦ, ਗ਼ੈਰਕਾਨੂੰਨੀ ਢੰਗ ਤਰੀਕਿਆਂ ਦੀ ਵਰਤੋਂ ਅਤੇ ਹੋਰ ਗਵਾਹਾਂ ਆਦਿ ਦੀ ਹਾਜ਼ਰੀ ਅਤੇ ਬਿਆਨਾਂ ਨਾਲ ਵੀ ਦਖ਼ਲ-ਅੰਦਾਜ਼ੀ ਕਰਨ ਦੇ ਇਲਜ਼ਾਮ ਉਕਤ ਉਪਰ ਲਗਾਏ ਜਾ ਰਹੇ ਹਨ।
ਜ਼ਿਕਰਯੋਗ ਹੈ ਕਿ ਉਕਤ ਹਾਦਸਾ ਉਦੋਂ ਹੋਇਆ ਸੀ ਜਦੋਂ ਕਿ ਮੈਟ ਰਾਈਟ, ਆਪਣੇ ਇੱਕ ਸਾਥੀ ਸਮੇਤ, ਹੈਲੀਕਾਪਟਰ ਵਿੱਚ ਅਜਿਹੀਆਂ ਥਾਂਵਾਂ ਦੀ ਯਾਤਰਾ ਕਰ ਰਿਹਾ ਸੀ ਜਿੱਥੋਂ ਕਿ ਮਗਰਮੱਛਾਂ ਦੇ ਅੰਡੇ ਲੱਭੇ ਜਾ ਸਕਣ ਅਤੇ ਜ਼ਾਹਿਰ ਹੈ ਕਿ ਅਜਿਹੀਆਂ ਥਾਂਵਾਂ ਅਜਿਹੀਆਂ ਉਡਾਣਾਂ ਵਾਸਤੇ ਸੁਰੱਖਿਅਤ ਨਹੀਂ ਸਨ। ਅਤੇ ਇਸੇ ਕਾਰਨ ਉਕਤ ਹਾਦਸਾ ਵਾਪਰ ਗਿਆ ਸੀ।
ਇਸ ਦੁਰਘਟਨਾ ਦੌਰਾਨ, ਮੈਟ ਦਾ ਇੱਕ ਸਾਥੀ ਮਾਰਿਆ ਗਿਆ ਸੀ ਅਤੇ ਹੈਲੀਕਾਪਟਰ ਦਾ ਪਾਇਲਟ (ਸੈਬਿਸਟਿਅਨ ਰੋਬਿਨਸਨ) ਬੁਰੀ ਤਰ੍ਹਾਂ ਜ਼ਖ਼ਮੀ ਹੋ ਗਿਆ ਸੀ ਜਿਸਨੂੰ ਹਵਾਈ ਜਹਾਜ਼ ਦੀ ਮਦਦ ਨਾਲ ਜ਼ਖ਼ਮੀ ਹਾਲਤ ਵਿੱਚ ਹੀ ਉਥੋਂ ਕੱਢਿਆ ਗਿਆ ਸੀ ਅਤੇ ਹਸਪਤਾਲ ਪਹੁੰਚਾਇਆ ਗਿਆ ਸੀ।