ਭਾਰਤੀ ਲੋਕਾਂ ਵਿੱਚ ਵਰਤਾਂ ਪ੍ਰਤੀ ਵਹਿਮ

 

mqdefault
ਅਸੀ ਭਾਰਤ ਵਿੱਚ ਰਹਿੰਦੇ ਪੁਰਾਣੇ ਰੀਤੀ ਰਿਵਾਜਾਂ ਨੂੰ ਮੰਨਣ ਵਾਲੇ ਲੋਕ ਹਾਂ। ਅਕਸਰ ਅਸੀ ਦੇਖਦੇ ਹਾਂ ਕਿ ਜੋ ਰੀਤੀ ਰਿਵਾਜ਼ ਸਾਡੇ ਵੱਡੇ ਕਰਦੇ ਹਨ ਉਹ ਉਸੇ ਤਰਾਂ ਸਾਨੂੰ ਵੀ ਸਿਖਾ ਕੇ ਜਾਂਦੇ ਹਨ। ਪੀੜੀ ਦਰ ਪੀੜੀ ਇਸੇ ਤਰਾਂ ਹੀ ਚਲਦਾ ਰਹਿੰਦਾ ਹੈ। ਪੁਰਾਣੇ ਬਜ਼ੁਰਗ ਤਾਂ ਆਪਣੀ ਜ਼ਿੰਦਗੀ ਭੋਗ ਕੇ ਪਰਮਾਤਮਾ ਦੇ ਚਰਨੀ ਲੱਗ ਜਾਂਦੇ ਹਨ ਅਤੇ ਅਸੀ ਉਹਨਾਂ ਦੇ ਕਹੇ ਉਹਨਾਂ ਵਹਿਮਾਂ ਵਾਲੇ ਕੰਮਾਂ ਨੂੰ ਤਾਂ ਪੂਰਾ ਕਰਦੇ ਹਾਂ ਪਰ ਉਹਨਾਂ ਵੱਲੋ ਕਹਈਆ ਹੋਰ ਸਮਾਜਿਕ ਗੱਲਾਂ ਉੱਤੇ ਅਮਲ ਨਹੀ ਕਰਦੇ।
ਸਾਡਾ ਦੇਸ਼ ਇੱਕ ਧਾਰਮਿਕ ਦੇਸ਼ ਹੈ। ਇਥੋ ਦੇ ਲੋਕ ਹੋਰ ਦੇਸ਼ਾ ਨਾਲੋ ਭੋਲੇ ਤੇ ਧਾਰਮਿਕ ਮੰਨੇ ਜਾਂਦੇ ਹਨ। ਭੋਲੇ ਲੋਕ, ਜੋ ਹਰੇਕ ਦੂਜੇ ਦੀਆ ਗੱਲਾ ਵਿੱਚ ਜਲਦੀ ਹੀ ਆ ਜਾਂਦੇ ਹਨ। ਇਹ ਲੋਕ ਆਪਣੇ ਘਰ ਵਾਲਿਆ ਦਾ ਉਹਨਾਂ ਕਹਿਣਾ ਨਹੀ ਮੰਨਦੇ ਜ਼ਿਨਾ ਕਿ ਇੱਕ ਮੰਦਰ ਵਿੱਚ ਬੈਠੇ ਪਡਿੰਤ ਦਾ ਮੰਨਦੇ ਹਨ। ਪਡਿੰਤ ਜੀ ਕਹਿੰਦੇ ਹਨ ਕਿ ਇਹ ਕੰਮ ਕਰੋਗੇ ਤਾਂ ਚੰਗਾ ਜੀਵਨ ਬਤੀਤ ਕਰੋਗੇ ਉਹ ਕੰਮ ਕਰੋਗੇ ਤਾਂ ਤੁਹਾਨੂੰ ਚੰਗੀ ਨੌਕਰੀ ਮਿਲ ਜਾਵੇਗੀ। ਇਹ ਗੱਲਾਂ ਸੁਣ ਕਿ ਕਈ ਵਾਰ ਹਾਸਾ ਜਿਹਾ ਆਉਦਾ ਕਿ ਇਕ ਮਨੁੱਖ ਦੂਜੇ ਮਨੁੱਖ ਨੂੰ ਉਸਦੇ ਭਵਿੱਖ ਬਾਰੇ ਜਾਣਕਾਰੀ ਦੇ ਰਿਹਾ। ਇਹ ਸਭ ਤਾਂ ਹੈ ਹੀ ਨਾਲ ਕਈ ਵਾਰ ਇਹ ਵੀ ਵੇਖਣ ਨੂੰ ਆਇਆ ਕਿ ਜਦੋ ਕਿਸੇ ਮੁੰਡੇ ਜਾਂ ਕੁੜੀ ਦਾ ਵਿਆਹ ਹੋਣ ਵਾਲਾ ਹੁੰਦਾ ਤਾਂ ਇਹ ਲੋਕਾਂ ਨੂੰ ਕਹਿੰਦੇ ਹਨ ਕਿ ਤੁਹਾਡੇ ਬੇਟੇ ਦੇ ਇੰਨੇ ਗੁਣ ਨਹੀ ਜੋ ਉਹ ਇਸ ਕੁੜੀ ਨਾਲ ਵਿਆਹ ਕਰ ਸਕੇ , ਉਸੇ ਤਰਾਂ ਹੀ ਇਹ ਕੁੜੀ ਦੇ ਘਰ ਵਾਲਿਆਂ ਨੂੰ ਕਹਿੰਦੇ ਹਨ। ਕਈਆ ਨੂੰ ਮੰਗਲਿਕ ਦੱਸਦੇ ਹਨ। ਪਰਮਾਤਮਾ ਨੇ ਹਰੇਕ ਮਨੁੱਖ ਦੀ ਕੁੰਡਲੀ ਬਣਾਈ ਹੈ ? ਜਾਂ ਇਹ ਕੁੰਡਲੀ ਮਨੁੱਖ ਪੜ੍ਹ ਸਕਦਾ ਹੈ ? ਹੱਥਾਂ ਦੀਆ ਲਕੀਰਾ ?, ਕਦੇ ਇਹ ਵੀ ਸੋਚ ਕਿ ਵੇਖੋ ਕਿ ਜੇਕਰ ਸਾਡੀ ਰਾਸ਼ੀ ਮੰਨ ਲਵੋ ਕਰਕ ਹੈ, ਤਾਂ ਕਰਕ ਰਾਸ਼ੀ ਵਾਲੇ ਤਾਂ ਬਹੁਤ ਮਨੱਖ ਹੋਣਗੇ। ਕਈ ਤਾਂ ਪੂਰੇ ਗਰੀਬ ਹੁੰਦੇ ਹਨ ਜਾਂ ਕਈ ਪੂਰੇ ਅਮੀਰ। ਫਿਰ ਅਸੀ ਇਸ ਤੋ ਕਿ ਭਾਵ ਮੰਨ ਸਕਦੇ ਹਾਂ। ਹੁਣ ਵਰਤਾਂ ਨੂੰ ਹੀ ਲੈ ਲਵੋ। ਇਹਨਾਂ ਨੇ ਹਫਤੇ ਦੇ ਸੱਤਾਂ ਦਿਨਾਂ ਨੂੰ ਦੇਵੀ ਦੇਵਤਿਆਂ ਦੇ ਦਿਨਾਂ ਵਿੱਚ ਵੰਡ ਦਿੱਤਾ ਹੈ। ਇਹ ਕਹਿੰਦੇ ਹਨ ਕਿ ਇਨਾਂ ਦਿਨਾਂ ਵਿੱਚ ਵਰਤ ਰੱਖ ਕੇ ਮਤਲਬ ਕਿ ਸਿਰਫ ਸ਼ਾਮ ਸਮੇਂ ਹੀ ਇੱਕ ਸਮੇਂ ਦਾ ਖਾਣਾ ਖਾੳ ਬਾਕੀ ਦਿਨ ਵਿੱਚ ਸਿਰਫ ਫਲ ਆਦਿ ਖਾੳ, ਕਹਿੰਦੇ ਇਸ ਤਰਾਂ ਕਰਨ ਨਾਲ ਭਗਵਾਨ ਖੁਸ਼ ਹੋ ਜਾਂਦੇ ਹਨ ਅਤੇ ਜੋ ਵੀ ਮੰਗੋ ਮਿਲ ਜਾਂਦਾ ਹੈ। ਫਿਰ ਜੋ ਲੋਕ ਬਹੁਤ ਗਰੀਬ ਹੁੰਦੇ ਹਨ, ਜੋ ਸੜਕਾਂ ਆਦਿ ਤੇ ਸੌਦੇ ਹਨ ਉਹ ਤਾਂ ਸਾਰਾ ਦਿਨ ਹੀ ਭੁੱਖੇ ਰਹਿੰਦੇ ਹਨ, ਇੱਕ ਸਮਾਂ ਕੀ, ਉਹਨਾਂ ਨੂੰ ਕਈ ਵਾਰ ਸਾਰੇ ਦਿਨ ਵਿੱਚ ਖਾਣਾ ਨਹੀ ਮਿਲਦਾ। ਉਹਨਾਂ ਦੀਆਂ ਮੰਗਾਂ ਭਗਵਾਨ ਪੂਰਾ ਨਹੀ ਕਰਦੇ? ਕਿਉ ਕਿ ਉਹ ਗਰੀਬ ਹਨ? ਜੇਕਰ ਇਸੇ ਤਰਾਂ ਹੀ ਭਗਵਾਨ ਖੁਸ਼ ਹੋ ਕਿ ਵਿਅਕਤੀ ਦੀਆ ਮੰਗਾ ਪੂਰੀਆ ਕਰਨ ਲੱਗ ਗਏ ਤਾਂ ਪਾਪੀ ਵਿਅਕਤੀਆ ਨੂੰ ਤਾਂ ਜਲਦੀ ਹੀ ਸਵਰਗ ਮਿਲ ਜਾਣਾ। ਅਸੀ ਪੜਾਈ ਤਾਂ ਬਹੁਤ ਕਰ ਲਈ ਹੈ ਪਰ ਫਿਰ ਵੀ ਇਹਨਾਂ ਸਭ ਗੱਲਾਂ ਤੇ ਵਿਸ਼ਵਾਸ ਕਰਦੇ ਹਾਂ। ਕਦੇ ਵਰਤਾਂ ਬਾਰੇ ਜਾਣਨ ਦੀ ਕੋਸ਼ਿਸ਼ ਕੀਤੀ ਹੈ ਅਸੀ? ਕਿ ਇਹ ਕਿੱਥੋ ਚੱਲੇ ਅਤੇ ਇਹਨਾਂ ਦਾ ਕੀ ਮਹੱਤਵ ਹੈ? ਅਸਲ ਵਿੱਚ ਪੁਰਾਣੇ ਯੁੱਗ ਦੇ ਲੋਕ ਪਾਚਨ ਕਿਰਿਆ ਨੂੰ ਠੀਕ ਰੱਖਣ ਅਤੇ ਆਪਣੇ ਸਰੀਰ ਦੀ ਤੰਦਰੁਸਤੀ ਲਈ ਵਰਤ ਰੱਖਦੇ ਸਨ। ਉਹ ਸਾਰਾ ਦਿਨ ਫਲ ਆਦਿ ਖਾਂਦੇ ਸਨ। ਕਿਸੇ ਵੀ ਸਮੇਂ ਅਨਾਜ਼ ਨਹੀ ਖਾਂਦੇ ਸਨ। ਇਸ ਤਰਾਂ ਕਰਨ ਨਾਲ ਉਹ ਤੰਦਰੁਸਤ ਵੀ ਰਹਿੰਦੇ ਸਨ, ਕੋਈ ਬੀਮਾਰੀ ਜਲਦੀ ਉਹਨਾਂ ਦੇ ਨੇੜੇ ਨਹੀ ਆਉਦੀ ਸੀ। ਮੈਨੂੰ ਲੱਗਦਾ ਕਈ ਬੀਮਾਰੀਆ ਦੇ ਤਾਂ ਉਹਨਾਂ ਨੇ ਨਾਂ ਵੀ ਨਹੀ ਸੁਣੇ ਹੋਣੇ ਜੋ ਸਾਨੂੰ ਅੱਜ ਸੁਣਨ ਨੂੰ ਮਿਲਦੇ ਹਨ। ਆਧੁਨਿਕ ਯੁੱਗ ਦੇ ਲੋਕ ਵਰਤ ਤਾਂ ਰੱਖਦੇ ਹਨ, ਪਰ ਕਈ ਵਾਰ ਇਹ ਵੇਖਿਆ ਜਾਂਦਾ ਕਿ ਉਹ ਆਮ ਦਿਨ ਭਰ ਦੇ ਖਾਣੇ ਤੋ ਕਈ ਜਿਆਦਾ ਮਾਤਰਾ ਵਿੱਚ ਫਲ ਜਾਂ ਹੋਰ ਪਦਾਰਥ ਜਿਵੇ ਆਲੂ ਦੀ ਚਿਪਸ ਆਦਿ ਖਾ ਜਾਂਦੇ ਹਨ। ਜਿਸ ਨਾਲ ਉਹਨਾਂ ਦਾ ਪੇਟ ਚੰਗੀ ਤਰਾਂ ਸਾਫ ਨਹੀ ਹੁੰਦਾ।
ਇਸ ਵਿੱਚ ਤਾਂ ਕੋਈ ਸ਼ੱਕ ਨਹੀ ਕਿ ਵਰਤ ਰੱਖਣ ਨਾਲ ਸਾਡਾ ਸਰੀਰ ਬੀਮਾਰੀਆਂ ਤੋ ਦੂਰ ਹੋਣ ਲੱਗਦਾ ਹੈ। ਪਰ ਇਹ ਉਦੋ ਹੀ ਸੰਭਵ ਹੁੰਦਾ ਜਦੋ ਅਸੀ ਦਿਨ ਵਿੱਚ ਘੱਟ ਮਾਤਰਾ ਵਿੱਚ ਖਾਈਏ ਅਤੇ ਸਿਰਫ ਜੂਸ ਵਾਲੇ ਫਲ ਆਦਿ ਹੀ ਇਸਤੇਮਾਲ ਕਰੀਏ। ਸਰੀਰ ਅੰਦਰ ਬਣਦਾ ਤੇਜ਼ਾਬ, ਬਦਹਜ਼ਮੀ, ਕਬਜ਼, ਨਜ਼ਲਾ, ਮੋਟਾਪਾ ਅਤੇ ਹੋਰ ਕਈ ਤਰਾਂ ਦੇ ਰੋਗਾਂ ਤੋ ਜਲਦ ਹੀ ਛੁਟਕਾਰਾ ਮਿਲਣ ਲੱਗਦਾ ਹੈ।