5 ਮਈ ਨੂੰ ਲਖੀਮਪੁਰ ਖੀਰੀ ਦੀ ਮੀਟਿੰਗ ਵਿਚ ਵੱਡੀ ਗਿਣਤੀ ਚ ਪੁੱਜਣਗੇ ਕਿਸਾਨ -ਡੱਲੇਵਾਲਾ

(ਗੁਰਦੁਆਰਾ ਬਉਲੀ ਸਾਹਿਬ ਵਿਖੇ ਸੂਬਾ ਪ੍ਰਧਾਨ ਜਗਜੀਤ ਸਿੰਘ ਡੱਲੇਵਾਲਾ ਬੀ ਕੇ ਯੂ ਏਕਤਾ ਸਿੱਧੂਪੁਰ ਜੱਥੇਬੰਦੀ ਦੀ ਜਿਲ੍ਹਾ ਪੱਧਰ ਦੀ ਮੀਟਿੰਗ ਨੂੰ ਸੰਬੋਧਨ ਕਰਦੇ ਹੋਏ। ਤਸਵੀਰ ਗੁਰਭੇਜ ਸਿੰਘ ਚੌਹਾਨ)

(ਫਰੀਦਕੋਟ) -ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪਰ ਦੀ ਜਿਲ੍ਹਾ ਪੱਧਰ ਦੀ ਮੀਟਿੰਗ ਜਿਲ੍ਹਾ ਪ੍ਰਧਾਨ ਬੋਹੜ ਸਿੰਘ ਰੁਪੱਈਆਂ ਵਾਲਾ ਦੀ ਪ੍ਰਧਾਨਗੀ ਹੇਠ ਗੁਰਦੁਆਰਾ ਬਉਲੀ ਸਾਹਿਬ ਨੇੜੇ ਮਹਿਮੂਆਣਾ ਵਿਖੇ ਹੋਈ। ਜਿਸ ਵਿਚ ਸੂਬਾ ਪ੍ਰਧਾਨ ਸ: ਜਗਜੀਤ ਸਿੰਘ ਡੱਲੇਵਾਲਾ ਵੀ ਸ਼ਾਮਲ ਹੋਏ। ਮੀਟਿੰਗ ਨੂੰ ਸੰਬੋਧਨ ਕਰਦਿਆਂ ਸ: ਡੱਲੇਵਾਲਾ ਨੇ ਆਖਿਆ ਕਿ ਲਖੀਮਪੁਰ ਖੀਰੀ ਵਿਚ ਸ਼ਹੀਦ ਹੋਏ ਕਿਸਾਨਾਂ ਦੇ ਗਵਾਹਾਂ ਨੂੰ ਤੰਗ ਪਰੇਸ਼ਾਨ ਕਰਨ ਅਤੇ ਦਿੱਤੀਆਂ ਜਾ ਰਹੀਆਂ ਜਾਨੀ ਨੁਕਸਾਨ ਦੀਆਂ ਧਮਕੀਆਂ ਦੇ ਸਬੰਧ ਚ ਅਤੇ ਸਬੰਧਤ ਦੋਸ਼ੀਆਂ ਨੂੰ ਸਖਤ ਸਜਾਵਾਂ ਦਿਵਾਉਣ ਲਈ 5 ਮਈ ਨੂੰ ਸਾਰੀਆਂ ਜੱਥੇਬੰਦੀਆਂ ਦੀ ਮੀਟਿੰਗ ਰੱਖੀ ਗਈ ਹੈ ਜਿਸ ਵਿਚ ਬੀ ਕੇ ਯੂ ਸਿੱਧੂਪੁਰ ਦੇ ਆਗੂ ਵੀ ਵੱਡੀ ਗਿਣਤੀ ਵਿਚ ਸ਼ਾਮਲ ਹੋਣ ਲਈ ਜਾਣਗੇ। ਉਨ੍ਹਾਂ ਨੇ ਜੱਥੇਬੰਦੀ ਦੇ ਆਗੂਆਂ ਨੂੰ ਜੱਥੇਬੰਦੀ ਦੀ ਨਵੀਂ ਭਰਤੀ ਕਰਨ ਅਤੇ ਜੱਥੇਬੰਦੀ ਦੀਆਂ ਜਰੂਰੀ ਲੋੜਾਂ ਲਈ ਫੰਡ ਇਕੱਠਾ ਕਰਨ ਲਈ ਹਦਾਇਤ ਵੀ ਕੀਤੀ। ਇਸਤੋਂ ਇਲਾਵਾ ਕਣਕ ਦੇ ਘੱਟ ਝਾੜ ਬਾਰੇ ਵਿਚਾਰਨ ਉਪਰੰਤ ਸਰਕਾਰ ਤੋਂ ਪ੍ਰਤੀ ਕੁਇੰਟਲ 500 ਰੁਪਏ ਬੋਨਸ ਦੀ ਮੰਗ ਕੀਤੀ ਗਈ। ਭਾਖੜਾ ਮੈਨੇਜਮੈਂਟ ਬੋਰਡ ਵਿਚ ਪੰਜਾਬ ਦੀ ਹਿੱਸੇਦਾਰੀ ਮੁੜ ਬਹਾਲ ਕਰਵਾਉਣ ਲਈ, ਬਾਰ੍ਹਵੀਂ ਜਮਾਤ ਦੀਆਂ ਇਤਿਹਾਸ ਦੀਆਂ ਕਿਤਾਬਾਂ ਵਿਚ ਸਿੱਖ ਇਤਿਹਾਸ ਨਾਲ ਕੀਤੀ ਛੇੜਛਾੜ ਦੇ ਜੁਮੇਂਵਾਰ ਲੇਖਕਾਂ ਅਤੇ ਅਧਿਕਾਰੀਆਂ ਨੂੰ ਸਖਤ ਸਜਾਵਾਂ ਦਿਵਾਉਣ ਲਈ, ਮੁੜ ਠੀਕ ਇਤਿਹਾਸ ਲਾਗੂ ਕਰਵਾਉਣ ਲਈ ਅਤੇ ਪੰਜਾਬ ਵਿਚ ਲਗਵਾਏ ਜਾ ਰਹੇ ਚਿੱਪ ਵਾਲੇ ਮੀਟਰਾਂ ਲਗਾਉਣ ਦਾ ਵਿਰੋਧ ਕਰਨ ਲਈ 10 ਮਈ ਨੂੰ ਚੰਡੀਗੜ੍ਹ ਵਿਖੇ ਵੱਡਾ ਇਕੱਠ ਕਰਕੇ ਪੱਕਾ ਮੋਰਚਾ ਲਗਾਉਣ ਲਈ ਕਿਸਾਨਾਂ ਨੂੰ ਹੁਣੇ ਤੋਂ ਤਿਆਰੀ ਕਰਨ ਲਈ ਡਿਊਟੀਆਂ ਲਗਾਈਆਂ ਗਈਆਂ। ਅੱਜ ਦੀ ਮੀਟਿੰਗ ਵਿਚ ਇੰਦਰਜੀਤ ਸਿੰਘ ਘਣੀਆਂ, ਰਜਿੰਦਰ ਸਿੰਘ ਸਾਦਿਕ, ਬਖਤੌਰ ਸਿੰਘ ਢਿੱਲੋਂ ਸਾਦਿਕ, ਜਗਸੀਰ ਸਿੰਘ ਸਾਧੂਵਾਲਾ, ਮੇਜਰ ਸਿੰਘ ਬਾਜਾਖਾਨਾ, ਬਲਜਿੰਦਰ ਸਿੰਘ ਵਾੜਾ ਭਾਈਕਾ, ਕੁਲਦੀਪ ਸਿੰਘ ਘੁੱਦੂਵਾਲਾ, ਸ਼ਿੰਦਰਪਾਲ ਸਿੰਘ ਜੈਤੋ,ਰਣਜੀਤ ਸਿੰਘ ਡੋਡ, ਤੇਜ ਸਿੰਘ ਪੱਕਾ, ਦਿਲਬਾਗ ਸਿੰਘ, ਮਹਿੰਦਰ ਸਿੰਘ, ਗਮਦੂਰ ਸਿੰਘ ਸ਼ੇਰ ਸਿੰਘ ਵਾਲਾ, ਗੁਰਮੀਤ ਸਿੰਘ ਵੀਰੇਵਾਲਾ, ਜਗਸੀਰ ਸਿੰਘ, ਚੰਦ ਸਿੰਘ ਮਿੱਡੂਮਾਨ, ਹਰਜਿੰਦਰ ਸਿੰਘ , ਹਰਜੀਤ ਸਿੰਘ ਸਾਧੂਵਾਲਾ ਆਦਿ ਕਿਸਾਨ ਆਗੂ ਸ਼ਾਮਲ ਹੋਏ।

Install Punjabi Akhbar App

Install
×