ਪਾਣੀ ਤੋਂ ਪਤਲੀ ਹੋਈ ਸਿਆਸੀ ਪਾਰਟੀਆਂ ਦੀ ਹਾਲਤ

ਦੇਸ਼ ਦੀ ਸਿਆਸਤ ਦਾ ਅਸਮਾਨ ਮੱਲੀਂ ਬੈਠੀਆਂ ਅਤੇ ਉਡਾਰੀਆਂ ਮਾਰਦੀਆਂ ਸਿਆਸੀ ਪਾਰਟੀਆਂ ਨੂੰ ਕਿਸਾਨੀ ਅੰਦੋਲਨ ਨੇ ਜਮੀਨ ਤੇ ਲੈ ਆਂਦਾ ਹੈ । ਆਮ ਨੇਤਾਵਾਂ ਦੀ ਤਾਂ ਗੱਲ ਕੀ, ਵੱਡੇ-ਵੱਡੇ ਘਾਗ ਨੇਤਾ ਲਲਚਾਈਆਂ ਅੱਖਾਂ ਨਾਲ ਮੋਰਚਿਆਂ ਦੀਆਂ ਸਟੇਜਾਂ ਵੱਲ ਬਿੱਟ-ਬਿੱਟ ਤੱਕਦੇ ਨਜ਼ਰ ਆ ਰਹੇ ਹਨ ਪਰ ਹਕੂਮਤ ਦੇ ਨਾਦਰਸ਼ਾਹੀ ਫੁਰਮਾਨਾਂ ਤੇ ਨਿਰੰਕੁਸ਼ ਵਤੀਰੇ ਦੀ ਸਤਾਈ, ਹੁਣੇ-ਹੁਣੇ ਜਾਗ੍ਰਿਤ ਹੋਈ ਜਨਤਾ ਦੇ ਰੋਹ ਅੱਗੇ ਉਹਨਾਂ ਦੀ ਕੋਈ ਪੇਸ਼ ਨਹੀਂ ਜਾ ਰਹੀ । ਦੁਨੀਆਂ ਦੇ ਰਿਕਾਰਡ ਤੋੜ ਦੇਣ ਵਾਲੇ ਇਕੱਠ ਨੂੰ ਦੇਖ ਉਹਨਾਂ ਦੀਆਂ ਲਾਲ਼ਾਂ ਤਾਂ ਡਿੱਗ ਰਹੀਆਂ ਹੋਣਗੀਆਂ ਪਰ ਪਿਛਲੀਆਂ ਕਰਤੂਤਾਂ ਨੇ ਉਹਨਾਂ ਦੀ ਹਿੰਮਤ ਮਾਰ ਹੀ ਦਿੱਤੀ ਹੈ । ਦੇਸ਼ ਦੀ ਸਿਆਸਤ ਦੇ ਪਾਪਾਂ ਦਾ ਭਾਂਡਾ ਹੀ ਇੰਨਾ ਭਰ ਗਿਆ ਸੀ ਕਿ ਕਿਸਾਨਾਂ ਦੀ ਅਗਵਾਈ ਵਿੱਚ ਲਗਭਗ ਸਾਰੇ ਦੇਸ਼ ਦੇ ਲੋਕ ਮਾਨੋ ਡੰਡਾ ਲੈ ਕੇ ਹੀ ਭਰਿਸ਼ਟ ਨੇਤਾਵਾਂ ਦੇ ਪਿੱਛੇ ਪੈ ਗਏ ਹਨ । ਇਤਿਹਾਸ ਗਵਾਹ ਹੈ ਕਿ ਦੁਨੀਆਂ ਤੇ ਜਦੋਂ ਪਾਪ ਅਤੇ ਅਧਰਮ ਫੈਲਦਾ ਹੈ ਤਾਂ ਉਸ ਨੂੰ ਥੰਮ੍ਹਣ ਲਈ ਕਾਦਰ ਕਿਸੇ ਨਾ ਕਿਸੇ ਰੂਪ ਵਿੱਚ ਬਹੁੜਦਾ ਹੈ । ਦੇਸ਼ ਅਤੇ ਦੁਨੀਆਂ ਦੇ ਇਤਿਹਾਸ ਨੂੰ ਫ਼ਰੋਲਿਆਂ ਸਾਨੂੰ ਅਜਿਹੀਆਂ ਅਨੇਕ ਮਿਸਾਲਾਂ ਲੱਭ ਜਾਣਗੀਆਂ । ਪੰਜਾਬ ਦੀ ਧਰਤੀ ਤੋਂ ਅਰੰਭ ਹੋਏ ਕਿਸਾਨ ਅੰਦੋਲਨ ਨੂੰ ਦੇਸ਼ ਅੰਦਰੋਂ ਅਤੇ ਪੂਰੇ ਵਿਸ਼ਵ ਭਰ ਵਿਚੋਂ ਮਿਲੇ ਹੁੰਗਾਰੇ, ਸਹਿਯੋਗ ਅਤੇ ਸਮਰਥਨ ਨੂੰ ਦੇਖ ਕੇ ਮਹਿਸੂਸ ਹੋ ਰਿਹਾ ਹੈ ਕਿ ਇਸ ਵਾਰ ਇਹ ਕੌਤਕ ਸਮੂਹਿਕ ਤੌਰਤੇ ਜਨ-ਸੈਲਾਬ ਦੇ ਰੂਪ ਵਿੱਚ ਵਰਤ ਰਿਹਾ ਹੈ । ਕਿਸਾਨ ਅੰਦੋਲਨ ਦੀ ਰਾਹਨੁਮਾਈ ਅਤੇ ਵਰਤਾਰੇ ਉੱਪਰ ਵਰਤ ਰਹੀ ਕਿਸੇ ਇਲਾਹੀ ਕਲਾ ਨੂੰ ਬਹੁਤ ਸਾਰੇ ਸੰਵੇਦਨਸ਼ੀਲ ਨਾਮੀ-ਗਰਾਮੀ ਪੁਰਸ਼ ਮਹਿਸੂਸ ਵੀ ਕਰ ਰਹੇ ਹਨ, ਮੰਨ ਵੀ ਰਹੇ ਹਨ ਅਤੇ ਦੱਸ-ਪੁੱਛ ਵੀ ਰਹੇ ਹਨ । ਸਾਰੇ ਵਰਤਾਰੇ ਨੂੰ ਭਾਂਪਦਿਆਂ ਅਸੀਂ ਇਸਨੂੰ ਕ੍ਰਿਸ਼ਮਾਂ ਹੀ ਕਹਿ ਸਕਦੇ ਹਾਂ ਕਿ ਵਰ੍ਹਿਆਂ ਦੀ ਸੁੱਤੀ ਦੇਸ਼ ਦੀ ਜਨਤਾ ਇੱਕਦਮ ਜਾਗੀ ਅਤੇ ਦੇਸ ਦੀ ਚਿੱਕੜ ਡੁੱਬੀ ਸਿਆਸਤ ਤੇ ਨਿਰੰਕੁਸ਼  ਹੋ ਚੁੱਕੀ ਹਕੂਮਤ ਲਈ ਵੰਗਾਰ ਬਣ ਗਈ । ਖੁਦਗਰਜ ਸਿਆਸਤ ਵਲੋਂ ਲੰਬੇ ਸਮੇਂ ਤੋਂ ਅਪਣਾਈਆਂ ਲੋਕ ਮਾਰੂ ਨੀਤੀਆਂ ਦੀ ਸਦਕਾ ਨਿਰਬਲ ਹੋ ਚੁੱਕੀ ਪਰਜਾ ਦਾ ਇੱਕਦਮ ਬਲ ਫੜ ਲੇਣਾ ਅਤੇ ਤੇਜੀ ਨਾਲ ਇੱਕਜੁੱਟ ਹੋ ਜਾਣਾ ਕਿਸੇ ਚਮਤਕਾਰ ਤੋਂ ਘੱਟ ਨਹੀਂ ਹੈ ਅਤੇ ਇਹ ਤਾਨਾਸ਼ਾਹ ਹੋ ਚੁੱਕੀ ਹਕੂਮਤ ਅਤੇ ਬੇਈਮਾਨ ਹੋ ਚੁੱਕੀਆਂ ਸਿਆਸੀ ਪਾਰਟੀਆਂ ਨੂੰ ਬੜਾ ਗਾੜ੍ਹਾ ਰੰਗ ਦਿਖਾ ਰਿਹਾ ਹੈ ।

ਸਿਆਸੀ ਪਾਰਟੀਆਂ ਦੀਆਂ ਮੈਲ਼ੀਆਂ ਤੇ ਕੋਝੀਆਂ ਨੀਤੀਆਂ ਉਜਾਗਰ ਹੋ ਗਈਆਂ ਹਨ ਅਤੇ ਉਹ ਸਰਗਰਮੀ ਦੇ ਹਾਸ਼ੀਏ ਤੋਂ ਇਸ ਤਰ੍ਹਾਂ ਬਾਹਰ ਹੋ ਗਈਆਂ ਹਨ ਕਿ ਹੋਂਦ ਬਣਾਈ ਰੱਖਣ ਦਾ ਫਿਕਰ ਪਿਆ ਹੋਇਆ ਹੈ । ਸਿਆਸਤ ਨੂੰ ਕਾਰੋਬਾਰ ਬਣਾ ਕੇ ਚੱਲਣ ਵਾਲੇ ਅਤੇ ਦਾਗੀ ਤੇ ਗੱਦਾਰ ਪਿਛੋਕੜ ਰੱਖਦੇ ਨੇਤਾ, ਲੋਕਾਂ ਮੁਹਰੇ ਆਉਣਾ ਤਾਂ ਕੀ ਕੋਈ ਬਿਆਨ  ਦੇਣ ਤੋਂ ਵੀ ਡਰ ਰਹੇ ਹਨ ਕਿ ਜਨਤਾ ਆੜੇ ਹੱਥੀਂ ਨਾ ਲੈ ਲੲੈ । ਦੇਸ਼ ਅਤੇ ਰਾਜਾਂ ਵਿੱਚ ਸੱਤਾ ਧਾਰੀ ਸਿਆਸੀ ਪਾਰਟੀਆਂ ਪ੍ਰਸ਼ਾਸਨ ਤੇ ਫੋਰਸ ਦੇ ਦਮ ਕਾਰਨ ਸਾਹ ਤਾਂ ਲੈ ਰਹੀਆਂ ਹਨ ਪਰ ਅੰਦਰ ਤੋਂ ਭੈਭੀਤ ਹਨ, ਜਿਸਦਾ ਸਬੂਤ ਹੈ ਕਿ ਉਹ ਘੱਟ ਤੋਂ ਘੱਟ ਗਤੀਵਿਧੀ ਦੇ ਹਾਲ ਵਿੱਚ ਹਨ ਤੇ ਅਣ-ਸਰਦੇ ਕੰਮਾਂ ਤੇ ਰਹਿ ਕੇ ਆਪਣਾ ਵਜੂਦ ਬਚਾ ਰਹੀਆਂ ਹਨ । ਕੇਂਦਰ ਦੀ ਸਰਕਾਰ ਅਤੇ ਸਬੰਧਤ ਸਿਆਸੀ ਪਾਰਟੀ ਦੇ ਨੇਤਾ ਵੀ ਬਹੁਮੱਤ ਦੇ ਸਿਰ ਤੇ ਹੈਂਕੜ, ਘਮੰਡ, ਅੜਵਾਈ ਅਤੇ ਬੇਗੌਰੀ ਜਿੰਨੀ ਮਰਜੀ ਦਿਖਾਈ ਜਾਣ ਅੰਦਰੋਂ ਉਹ ਵੀ ਭੈਅ ਅਤੇ ਹੜਬੜਾਹਟ ਵਿੱਚ ਹੀ ਕੰਮ ਕਰ ਰਹੇ ਹਨ, ਜਿਸਦਾ ਸਬੂਤ ਸੁਪਰੀਮ ਕੋਰਟ ਦਾ ਆਸਰਾ ਭਾਲਣਾ, ਭੁਪਿੰਦਰ ਸਿੰਘ ਮਾਨ ਦਾ ਸੁਪਰੀਮ ਕੋਰਟ ਦੀ ਬਣਾਈ ਕਮੇਟੀ ਤੋਂ ਵੱਖ ਹੋ ਜਾਣਾ ਅਤੇ ਪਾਰਟੀ ਦੇ ਹੇਠਲੀ ਪੱਧਰ ਦੇ ਬਹੁਤ ਨੇਤਾਵਾਂ ਦਾ ਅੰਦਰੋ-ਗਤੀ ਕਿਸਾਨਾਂ ਦੇ ਹੱਕ ਵਿੱਚ ਭੁਗਤਣਾ ਹੈ । ਇਸ ਕਿਸਾਨ ਅੰਦੋਲਨ ਦੇ ਵਿਸ਼ਾਲ ਹੋ ਚੁੱਕੇ ਦਾਇਰੇ ਨੇ ਕੇਂਦਰ ਦੀ ਸਰਕਾਰ ਅਤੇ ਸਮੁੱਚੀ ਸਿਆਸਤ ਨੂੰ ਵਕਤ ਪਾਇਆ ਹੋਇਆ ਹੈ ਜਿਸ ਨਾਲ ਸਿਆਸੀ ਪਾਰਟੀਆਂ ਤੇ ਨੇਤਾਵਾਂ ਨੂੰ ਉਹਨਾਂ ਦੀ ਔਕਾਤ ਯਾਦ ਕਰਾ ਦਿੱਤੀ ਹੈ । ਜਿਆਦਾਤਰ ਨੇਤਾਵਾਂ ਦੀ ਘਰ ਬੈਠਣ ਅਤੇ ਮੱਖੀਆਂ ਮਾਰਨ ਵਾਲੀ ਸਥਿਤੀ ਤਰਸਯੋਗ ਸਥਿਤੀ ਬਣੀ ਹੋਈ ਹੈ ।

(ਸੁਖਵੀਰ ਸਿੰਘ ਕੰਗ) +91 85678-72291 sukhvirsinghkang@gmail.com

Install Punjabi Akhbar App

Install
×