ਦਿੱਲੀ ਦੇ ਕਿਸਾਨ ਮੋਰਚੇ ਨੂੰ ਲੈ ਕੇ ਕਿਸਾਨਾਂ ਦੇ ਹੌਸਲੇ ਬੁਲੰਦ

ਪਿੰਡਾਂ ਨੇ ਇਕੱਠ ਮਾਰਕੇ ਹਰ ਪਿੰਡ ਤੋਂ ਗਰੁੱਪਾਂ ਚ ਕਿਸਾਨਾਂ ਨੂੰ ਦਿੱਲੀ ਅੰਦੋਲਨ ਚ ਭੇਜਣ ਦੀਆਂ ਲਾਈਂਆਂ ਡਿਊਟੀਆਂ

(ਪਿੰਡ ਰੁਪੱਈਆਂ ਵਾਲਾ ਅਤੇ ਪਿੰਡ ਸਾਧੂਵਾਲਾ ਚ ਦਿੱਲੀ ਕਿਸਾਨ ਮੋਰਚੇ ਚ ਕਿਸਾਨਾਂ ਨੂੰ ਵਾਰੋ ਵਾਰੋ ਭੇਜਣ ਸਬੰਧੀ ਵਿਚਾਰ ਕਰਨ ਲਈ ਇਕੱਤਰ ਹੋਏ ਕਿਸਾਨ। {ਤਸਵੀਰਾਂ ਗੁਰਭੇਜ ਸਿੰਘ ਚੌਹਾਨ})

ਫਰੀਦਕੋਟ – ਬੀਤੇ ਦਿਨੀ 26 ਜਨਵਰੀ ਨੂੰ ਦਿੱਲੀ ਵਿਖੇ ਰੱਖੀ ਗਈ ਟਰੈਕਟਰ ਪਰੇਡ ਸਮੇਂ ਲਾਲ ਕਿਲ੍ਹੇ ਤੇ ਨਿਸ਼ਾਨ ਸਾਹਿਬ ਚੜਾਉਣ ਦੇ ਬਾਅਦ ਕਿਸਾਨ ਜੱਥੇਬੰਦੀਆਂ ਵਿਚ ਆਏ ਮੱਤਭੇਦਾਂ ਤੋਂ ਨਿਰਾਸ਼ਤਾ ਚ ਆ ਕੇ ਬਹੁਤ ਸਾਰੇ ਕਿਸਾਨ ਦਿੱਲੀ ਦੇ ਮੋਰਚੇ ਨੂੰ ਛੱਡਕੇ ਪਿੰਡਾਂ ਨੂੰ ਵਾਪਸ ਆ ਗਏ ਸਨ ਅਤੇ ਪਿੱਛੇ ਮੋਰਚੇ ਵਿਚ ਘੱਟ ਗਿਣਤੀ ਰਹਿ ਜਾਣ ਕਾਰਨ ਅਤੇ ਗੋਦੀ ਮੀਡੀਆ ਵਲੋਂ ਕਿਸਾਨਾਂ ਦੇ ਹਿੰਸਕ ਹੋਣ ਦੀਆਂ ਫੈਲਾਈਆਂ ਖਬਰਾਂ ਕਾਰਨ ਕੇਂਦਰ ਸਰਕਾਰ ਨੂੰ ਸਖਤੀ ਕਰਨ ਦਾ ਬਹਾਨਾਂ ਮਿਲ ਗਿਆ ਸੀ ਅਤੇ ਦਿੱਲੀ ਦੇ ਬਾਰਡਰਾਂ ਤੇ ਬੈਠੇ ਬਾਕੀ ਕਿਸਾਨਾਂ ਨੂੰ ਵੀ ਇੱਥੋਂ ਉੱਠ ਜਾਣ ਦੀਆਂ ਧਮਕੀਆਂ ਮਿਲਣ ਲੱਗੀਆਂ ਸਨ। ਪਰ ਯੂਪੀ ਦੇ ਕਿਸਾਨ ਆਗੂ ਰਾਕੇਸ਼ ਟਿਕੈਤ ਵਲੋਂ ਕਿਸਾਨਾਂ ਵਿਚ ਮੁੜ ਨਵੀਂ ਰੂਹ ਫੂਕ ਦੇਣ ਨਾਲ ਰਾਤੋ ਰਾਤ ਕਿਸਾਨਾਂ ਦੇ ਹੌਸਲੇ ਮੁੜ ਬੁਲੰਦ ਹੋ ਗਏ ਅਤੇ ਬੀਤੀ ਰਾਤ ਤੋਂ ਹੀ ਕਿਸਾਨਾਂ ਨੇ ਮੁੜ ਦਿੱਲੀ ਨੂੰ ਟਰੈਕਟਰ ਟਰਾਲੀਆਂ ਲੈ ਕੇ ਕੂਚ ਕਰਨਾਂ ਸ਼ੁਰੂ ਕਰ ਦਿੱਤਾ ਹੈ। ਜਿੱਥੇ ਪੰਜਾਬ ਦੇ ਹੋਰ ਇਲਾਕਿਆਂ ਤੋਂ ਕਿਸਾਨਾਂ ਦੇ ਵਾਪਸ ਦਿੱਲੀ ਨੂੰ ਚੜ੍ਹਾਈ ਦੀਆਂ ਖਬਰਾਂ ਮਿਲ ਰਹੀਆਂ ਹਨ, ਉੱਥੇ ਸਾਦਿਕ ਇਲਾਕੇ ਦੇ ਪਿੰਡਾਂ ਦੇ ਲੋਕਾਂ ਨੇ ਵੀ ਇਕੱਠ ਮਾਰਕੇ ਵਾਰੋ ਵਾਰੀ ਦਿੱਲੀ ਜਾਣ ਲਈ ਹਰ ਘਰ ਦੇ ਮੈਂਬਰਾਂ ਦਆਂ ਡਿਊਟੀਆਂ ਲਾ ਦਿੱਤੀਆਂ ਹਨ ਅਤੇ ਦਿੱਲੀ ਵੱਲ ਕੂਚ ਕਰਨਾਂ ਸ਼ੁਰੂ ਕਰ ਦਿੱਤਾ ਹੈ। ਜਿਲ੍ਹਾ ਫਰੀਦਕੋਟ ਦੇ ਸਾਦਿਕ ਨੇੜਲੇ ਪਿੰਡ ਰੁਪੱਈਆਂ ਵਾਲਾ ਚ ਕਿਸਾਨ ਆਗੂ ਜਸਪਿੰਦਰ ਸਿੰਘ ਦੀ ਪ੍ਰਧਾਨਗੀ ਹੇਠ ਇਕੱਠ ਮਾਰਕੇ ਇਹ ਫੈਸਲਾ ਲਿਆ ਗਿਆ ਹੈ ਕਿ ਹਰੇਕ ਪੰਜਵੇਂ ਦਿਨ ਪੰਜ ਕਿਸਾਨ ਦਿੱਲੀ ਮੋਰਚੇ ਵਿਚ ਜਾਇਆ ਕਰਨਗੇ ਅਤੇ ਪਹਿਲਾਂ ਗਏ ਪੰਜ ਵਾਪਸ ਆ ਜਾਇਆ ਕਰਨਗੇ। ਇਹ ਸਿਲਸਿਲਾ ਤਦ ਤੱਕ ਜਾਰੀ ਰਹੇਗਾ ਜਦੋਂ ਤੱਕ ਸਰਕਾਰ ਸਾਰੇ ਕਾਨੂੰਨ ਵਾਪਸ ਨਹੀਂ ਲੈ ਲੈਂਦੀ। ਕਿਸਾਨ ਆਗੂ ਨੇ ਆਖਿਆ ਕਿ ਲੋਕ ਕਿਸਾਨ ਮੋਰਚੇ ਸਬੰਧੀ ਫੈਲਾਈਆਂ ਜਾ ਰਹੀਆਂ ਅਫਵਾਹਾਂ ਤੇ ਯਕੀਨ ਨਾਂ ਕਰਨ। ਸਾਰੇ ਮੋਰਚਿਆਂ ਤੇ ਕਿਸਾਨ ਪੂਰੀ ਤਰਾਂ ਡਟੇ ਹੋਏ ਹਨ ਅਤੇ ਕਿਸੇ ਦੀ ਤਾਕਤ ਨਹੀਂ ਕਿ ਉਨ੍ਹਾਂ ਨੂੰ ਉੱਥੋਂ ਹਟਾ ਸਕੇ। ਇਸੇ ਤਰਾਂ ਪਿੰਡ ਸਾਧੂਵਾਲਾ ਚ ਕਿਸਾਨ ਆਗੂ ਜਗਸੀਰ ਸਿੰਘ ਸੰਧੂ ਦੀ ਅਗਵਾਈ ਚ ਪਿੰਡ ਦੇ ਗੁਰਦੁਆਰਾ ਸਾਹਿਬ ਚ ਇਕੱਠ ਮਾਰਕੇ ਇਹ ਫੈਸਲਾ ਲਿਆ ਗਿਆ ਕਿ ਹਰ ਹਫਤੇ ਪੰਜ ਕਿਸਾਨਾਂ ਦਾ ਜੱਥਾ ਦਿੱਲੀ ਮੋਰਚੇ ਤੇ ਜਾਵੇਗਾ ਤੇ ਪਹਿਲਾਂ ਗਿਆ ਵਾਪਸੀ ਕਰੇਗਾ। ਇਸ ਸਬੰਧੀ ਪਿੰਡ ਦੇ ਕਿਸਾਨਾਂ ਦੇ ਨਾਵਾਂ ਦੀ ਸੂਚੀ ਤਿਆਰ ਕੀਤੀ ਗਈ ਹੈ ਅਤੇ ਉਸ ਦੇ ਆਧਾਰ ਤੇ ਡਿਊਟੀਆਂ ਲਗਾਈਆਂ ਜਾਣਗੀਆਂ। ਇਸੇ ਤਰਾਂ ਪਿੰਡ ਢਿਲਵਾਂ ਖੁਰਦ ਤੋਂ ਬੀਤੀ ਰਾਤ ਇਕ ਜੱਥਾ ਦਿੱਲੀ ਨੂੰ ਰਵਾਨਾ ਹੋ ਗਿਆ ਹੈ। ਕਿਸਾਨਾਂ ਦੇ ਹੌਸਲੇ ਪੂਰੀ ਤਰਾਂ ਬੁਲੰਦ ਹਨ।

Install Punjabi Akhbar App

Install
×