ਕਿਸਾਨ ਮਜ਼ਦੂਰ ਜਥੇਬੰਦੀ ਵੱਲੋਂ ਸਿੰਘੂ ਮੋਰਚੇ ਉਤੇ 146ਵੇਂ ਦਿਨ ਹਜਾਰਾਂ ਕਿਸਾਨਾਂ-ਮਜ਼ਦੂਰਾਂ ਤੇ ਬੀਬੀਆਂ ਦਾ ਜੱਥਾ ਜੈਕਾਰਿਆਂ ਦੀ ਗੂੰਜ ਵਿੱਚ ਹੋਇਆ ਸ਼ਾਮਲ

ਮੋਦੀ ਸਰਕਾਰ ਸਿਹਤ ਸਹੂਲਤਾਂ ਦਾ ਪ੍ਰਬੰਧ ਕਰਨ ਤੋਂ ਭੱਜੀ, ਤੇ ਲਾਕਡਾਊਨ ਲਾ ਕੇ ਲੋਕਾਂ ਨੂੰ ਅੰਦਰ ਤਾੜਨਾ ਨਾਕਾਮੀ ਲੁਕਾਉਣ ਦਾ ਕੋਝਾ ਯਤਨ

ਭੁਲੱਥ — ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੇ ਸੂਬਾ ਪ੍ਰਧਾਨ ਸਤਨਾਮ ਸਿੰਘ ਪੰਨੂੰ, ਖਜਾਨਚੀ ਗੁਰਲਾਲ ਸਿੰਘ ਅਤੇ ਰਣਬੀਰ ਸਿੰਘ ਰਾਣਾ ਨੇ ਲਿਖਤੀ ਪ੍ਰੈਸ ਬਿਆਨ ਰਾਹੀਂ ਦੱਸਿਆ ਕਿ ਸਿੰਘੂ ਬਾਰਡਰ ਉੱਤੇ ਲੱਗੇ ਪੱਕੇ ਮੋਰਚੇ ਦੇ 146ਵੇਂ ਦਿਨ ਹਜਾਰਾਂ ਕਿਸਾਨਾਂ ਮਜ਼ਦੂਰਾਂ ਤੇ ਬੀਬੀਆਂ ਦਾ ਜੱਥਾ ਜੈਕਾਰਿਆਂ ਦੀ ਗੂੰਜ ਵਿੱਚ ਸ਼ਾਮਲ ਹੋਇਆ ਤੇ ਸਟੇਜ ਉੱਤੇ ਵਿਸ਼ਾਲ ਇਕੱਠ ਕੀਤਾ ਗਿਆ ਤੇ ਰੋਸ ਮਾਰਚ ਵੀ ਕੀਤਾ ਗਿਆ। ਇਕੱਠ ਨੂੰ ਸੰਬੋਧਨ ਕਰਦਿਆਂ ਕਿਸਾਨ ਆਗੂਆਂ ਨੇ ਕਿਹਾ ਕਿ ਮੋਦੀ ਸਰਕਾਰ ਇੱਕ ਸਾਜਿਸ਼ ਤਹਿਤ ਕੋਰੋਨਾ ਨੂੰ ਹਊਆ ਬਣਾ ਕੇ ਪੇਸ਼ ਕਰ ਰਹੀ ਹੈ। ਲੋਕਾਂ ਵਿੱਚ ਡਰ ਪੈਦਾ ਕਰਕੇ, ਆਪਣੀਆਂ ਨਾਕਾਮੀਆਂ ਨੂੰ ਛੁਪਾਉਣ ਲਈ ਲੌਕਡਾਊਨ ਨੂੰ ਆਖਰੀ ਹਥਿਆਰ ਦੱਸ ਰਹੀ ਹੈ। ਜਦੋਂ ਕਿ ਸਰਕਾਰ ਦਾ ਫਰਜ਼ ਬਣਦਾ ਸੀ ਕਿ ਸਿਹਤ ਸਹੂਲਤਾਂ ਨੂੰ ਬੇਹਤਰ ਕਰਨ, ਡਾਕਟਰਾਂ ਦੀ ਕਮੀ ਦੂਰ ਕਰਨ ਤੇ ਆਕਸੀਜਨ ਵੈਂਟੀਲੇਟਰ ਤੇ ਹੋਰ ਉਪਕਰਨਾਂ ਦਾ ਪ੍ਰਬੰਧ ਕਰਨ ਦੀ ਥਾਂ ਉੱਤੇ ਆਪਣੀਆਂ ਜੁੰਮੇਵਾਰੀਆਂ ਤੋਂ ਭੱਜ ਰਹੀ ਹੈ। ਤੇ 45 ਸਾਲ ਤੱਕ ਦੀ ਉਮਰ ਵਾਲਿਆਂ ਨੂੰ ਸਰਕਾਰੀ ਸਿਹਤ ਸਹੂਲਤਾਂ ਤੋਂ ਤੇ ਟੀਕਾਕਰਨ ਤੋਂ ਬਾਹਰ ਕਰ ਦਿੱਤਾ ਗਿਆ ਹੈ। ਇਸ ਨਾਲ ਚੋਰ-ਬਜਾਰੀ ਹੋਵੇਗੀ। ਲੋਕਾਂ ਦੀ ਮੈਡੀਸਨ ਕੰਪਨੀਆਂ ਵੱਡੇ ਪੱਧਰ ’ਤੇ ਲੁੱਟ ਕਰਨਗੀਆਂ। ਮੋਦੀ ਸਰਕਾਰ ਲੋਕਾਂ ਦੀ ਸਿਹਤ ਸਬੰਧੀ ਕੋਈ ਨੀਤੀ ਬਣਾਉਣ ਦੀ ਥਾਂ ਉੱਤੇ ਚੋਣਾਂ ਲੜਨ ਦੀ ਨੀਤੀ ਬਣਾਉਣ ਉੱਤੇ ਲੱਗੀ ਰਹੀ ਹੈ। ਲੌਕਡਾਊਨ ਕਿਸੇ ਮਸਲੇ ਦਾ ਹੱਲ ਨਹੀਂ ਹੈ। ਇਸ ਲਈ ਤੁਰੰਤ ਦਿੱਲੀ ਅਤੇ ਹੋਰ ਥਾਵਾਂ ਉੱਤੇ ਲਾਏ ਲੌਕਡਾਊਨ ਤੁਰੰਤ ਖਤਮ ਕੀਤੇ ਜਾਣ। ਲੋਕਾਂ ਦੀ ਰੋਜੀ-ਰੋਟੀ ਦਾ ਪ੍ਰਬੰਧ ਕੀਤਾ ਜਾਵੇ। ਮੋਦੀ ਸਰਕਾਰ ਵੱਲੋਂ ਲੌਕਡਾਊਨ ਦੇ ਬਹਾਨੇ ਕਿਸਾਨ ਅੰਦੋਲਨ ਨੂੰ ਤਾਰਪੀਡੋ ਕਰਨ ਦੀਆਂ ਕੋਸ਼ਿਸ਼ਾਂ ਕਿਸੇ ਵੀ ਕੀਮਤ ਉੱਤੇ ਬਰਦਾਸ਼ਤ ਨਹੀਂ ਕੀਤੀਆਂ ਜਾਣਗੀਆਂ। ਕਿਉਂਕਿ ਕਿਸਾਨ ਤਿੰਨੇ ਖੇਤੀ ਕਾਨੂੰਨਾਂ ਨੂੰ ਕੋਰੋਨਾ ਨਾਲੋਂ ਖਤਰਨਾਕ ਮੰਨਦੇ ਹਨ। ਕਿਸਾਨ ਆਗੂਆਂ ਨੇ ਜੋਰਦਾਰ ਮੰਗ ਕੀਤੀ ਕਿ ਤਿੰਨੇ ਖੇਤੀ ਕਾਨੂੰਨ ਰੱਦ ਕਰਨ, ਐਮੈਸ.ਪੀ. ਲਾਗੂ ਕਰਨ ਦਾ ਕਾਨੂੰਨ ਬਣਾਉਣ, ਬਿਜਲੀ ਸੋਧ ਬਿਲ 2020 ਅਤੇ ਹਵਾ ਪ੍ਰਦੂਸ਼ਣ ਐਕਟ ਰੱਦ ਕਰਨ ਤੇ ਕਿਸਾਨ ਆਗੂਆਂ ’ਤੇ ਮੜ੍ਹੇ ਕੇਸ ਰੱਦ ਕੀਤੇ ਜਾਣ। ਇਸ ਮੌਕੇ ’ਤੇ ਸਲਵਿੰਦਰ ਸਿੰਘ ਜਾਣੀਆਂ, ਗੁਰਮੇਲ ਸਿੰਘ ਰੇੜਵਾਂ, ਨਿਰਮਲ ਸਿੰਘ ਢੰਡੋਵਾਲੀ, ਸਰਵਣ ਸਿੰਘ ਬਾਊਪੁਰ, ਸੁਖਪ੍ਰੀਤ ਸਿੰਘ ਪਸਣਕਦੀਮ, ਹਾਕਮ ਸਿੰਘ ਸ਼ਾਹਜਹਾਨਪੁਰ, ਦਿਲਪ੍ਰੀਤ ਸਿੰਘ ਡੋਗਰਪੁਰ, ਬਲਵਿੰਦਰ ਸਿੰਘ ਲਹੁਕਾ, ਹਰਫੂਲ ਸਿੰਘ ਦੂਲੇਵਾਲਾ, ਰਣਜੀਤ ਸਿੰਘ ਖੱਚਰਵਾਲਾ, ਨਰਿੰਦਰਪਾਲ ਸਿੰਘ ਜੁਤਾਲਾ, ਧਰਮ ਸਿੰਘ ਸਿੱਧੂ, ਗੁਰਬਖਸ਼ ਸਿੰਘ ਪੰਜਗਰਾਈਂ ਆਦਿ ਨੇ ਵੀ ਸੰਬੋਧਨ ਕੀਤਾ।

Welcome to Punjabi Akhbar

Install Punjabi Akhbar
×