ਲਾਲ ਬੱਤੀ ਨਾਲੋਂ ਵਧਿਆ ਕਿਸਾਨੀ ਝੰਡੇ ਦਾ ਆਦਰ

ਅਕਸਰ ਤੁਸੀਂ ਦੇਖਿਆਂ ਹੋਵੇਗਾ ਜਦੋਂ ਸਿਆਸੀ ਜਾਂ ਨੌਕਰੀਸ਼ਾਹੀ ਦੇ ਉੱਚ ਅਹੁਦਿਆਂ ਤੇ ਬਿਰਾਜਮਾਨ ਵੀ ਆਈ ਪੀ ਲੋਕ ਸੜ੍ਹਕਾਂ ਤੇ ਲਾਲ ਬੱਤੀਆਂ ਵਾਲੀਆਂ ਉੱਚੀ ਹੂਟਰ ਮਾਰਦੀਆਂ ਗੱਡੀਆਂ ਵਿੱਚ ਗੁਜ਼ਰਦੇ ਹਨ ਤਾਂ ਆਮ ਲੋਕਾਂ ਨੂੰ ਰਾਹ ਦੇਣਾ ਪੈਂਦਾ ਹੈ, ਅਜਿਹਾ ਉਹਨਾਂ ਦੀ ਤਾਕਤ ਅਤੇ ਪਹੁੰਚ ਦੀ ਬੋਅ ਦੇ ਡਰ ਕਾਰਨ ਹੁੰਦਾ ਹੈ । ਪਰ ਅੱਜ ਪਿੰਡਾਂ ਅਤੇ ਸ਼ਹਿਰਾਂ ਵਿੱਚੋਂ ਲੰਘਦੀਆਂ ਕਿਸਾਨੀ ਝੰਡੇ ਵਾਲੀਆਂ ਗੱਡੀਆਂ ਜਾਂ ਟਰੈਕਟਰ-ਟਰਾਲੀਆਂ ਨੂੰ ਲੋਕ ਬਿਨਾਂ ਹੂਟਰ ਜਾਂ ਹਾਰਨ ਤੋਂ ਆਦਰ ਵਜੋਂ ਰਾਹ ਛੱਡਦੇ ਆਮ ਨਜ਼ਰੀਂ ਪੈਦੇ ਹਨ । ਇਹਨਾਂ ਵਿੱਚ ਸਵਾਰ ਲੋਕਾਂ ਨੂੰ ਰਾਹ ਜਾਣ ਵਾਲਿਆਂ ਅਤੇ ਆਮ ਜਨਤਾ ਵਲੋਂ ਵੀ ਆਈ ਪੀ ਦਾ ਸਨਮਾਨ ਕਿਸੇ ਡਰ ਜਾਂ ਦਬਾਅ ਕਾਰਨ ਨਹੀਂ ਬਲਕਿ ਫਰਜ ਸਮਝ ਕੇ ਦਿੱਤਾ ਜਾ ਰਿਹਾ ਹੈ । ਕਿਸਾਨੀ ਝੰਡੇ ਵਾਲੀਆਂ ਗੱਡੀਆਂ ਤੇ ਉਹਨਾਂ ਵਿੱਚ ਸਵਾਰ ਰੂਹਾਂ ਨੂੰ ਹੱਜ ਜਾਂ ਤੀਰਥ ਤੇ ਜਾਣ ਵਾਲਿਆਂ ਵਾਲੀ ਕਦਰ ਮਿਲ ਰਹੀ ਹੈ । ਕਿਸਾਨ ਅੰਦੋਲਨ ਨੂੰ ਮਿਲੀ ਹਰ ਤਬਕੇ ਦੀ ਹਮਾਇਤ ਹੁਣ ਸ਼ਰਧਾ ਵਰਗਾ ਰੰਗ ਲੈਣ ਲੱਗ ਪਈ ਹੈ । ਸ਼ਾਇਦ ਇਹ ਇਸ ਕਰਕੇ ਹੈ ਕਿ ਅੰਨ ਦਾਤੇ ਦੀ ਮਿਹਨਤ, ਕੁਰਬਾਨੀ, ਤਿਆਗ, ਅਹਿਮੀਅਤ ਅਤੇ ਰੁਤਬੇ ਨੇ ਲੋਕਾਂ ਦਾ ਧਿਆਨ ਨਵੇਂ ਸਿਰੇ ਤੋਂ ਖਿੱਚਿਆ ਹੈ । ਖੇਤੀ ਸਬੰਧੀ ਲਿਆਂਦੇ ਕਾਲੇ ਕਾਨੂੰਨਾਂ ਦੇ ਹੋਣ ਵਾਲੇ ਘਾਤਕ ਅਸਰਾਂ ਤੋਂ ਤ੍ਰਭਕੇ ਆਮ ਲੋਕਾਂ ਨੇ ਅੰਨ ਦੀ ਕਦਰ ਨੂੰ ਪਛਾਣਿਆਂ ਅਤੇ ਅੰਨ ਦਾਤੇ ਨੂੰ ਹੋਰ ਨੇੜੇ ਹੋ ਕੇ ਦੇਖਿਆ ਹੈ । ਪੰਜਾਬ ਤੋਂ ਉੱਠੇ ਇਸ ਅੰਦੋਲਨ ਦੇ ਵਾਜਬ ਹੋਣ ਨੂੰ ਜਿਸ ਤੀਬਰਤਾ ਨਾਲ ਲੋਕਾਂ ਨੇ ਸਵੀਕਾਰ ਕੀਤਾ ਅੱਜ ਇਸਦੀ ਜਰੂਰਤ ਨੂੰ ਸਮਝਦਿਆਂ ਓਸ ਤੋਂ ਜਿਆਦਾ ਸ਼ਿੱਦਤ ਨਾਲ ਇਸ ਨੂੰ ਸਤਿਕਾਰ ਵੀ ਦੇ ਰਹੇ ਹਨ । ਸਰਕਾਰ ਅਤੇ ਕਾਰਪੋਰੇਟ ਦੇ ਪਿੱਠੂਆਂ ਤੋਂ ਬਿਨਾਂ ਹਰ ਸੁਚੇਤ ਵਿਅਕਤੀ ਕਿਸਾਨਾਂ ਦੇ ਹੱਕ ਵਿੱਚ ਖੜਨਾਂ ਤੇ ਮੋਰਚਿਆਂ ਉੱਤੇ ਹਾਜਰੀ ਲਗਵਾਉਣਾ ਪੁੰਨ ਦਾ ਕਾਰਜ ਸਮਝ ਰਿਹਾ ਹੈ । ਸਰਕਾਰ, ਕਾਰਪੋਰੇਟ ਅਦਾਰੇ ਅਤੇ ਉਹਨਾਂ ਤੋਂ ਬੁਰਕੀ ਦੀ ਆਸ ਰੱਖਣ ਵਾਲੇ ਹੀ ਬੇਸ਼ਰਮ, ਢੀਠ ਤੇ ਅਕ੍ਰਿਤਘਣ ਹੋ ਗਏ ਹਨ, ਬਾਕੀ ਸਾਰੀ ਦੁਨੀਆਂ ਨੇ ਕੇਂਦਰ ਸਰਕਾਰ ਦੇ ਖੇਤੀ ਕਾਨੂੰਨਾਂ ਨੂੰ ਕਾਲੇ ਅਤੇ ਮਾਰੂ ਗਰਦਾਨ ਦਿੱਤਾ ਹੈ । ਖੇਤੀ ਕਾਨੂੰਨਾਂ ਨੂੰ ਰੱਦ ਕਰਾਉਣ ਦੇ ਘੋਲ਼ ਦੇ ਬਰਾਬਰ ਸਿਆਸੀ ਵੰਡ ਦੇ ਸ਼ਿਕਾਰ ਲੋਕਾਂ ਨੂੰ ਜੋੜਨ, ਲੰਬਾ ਸਮਾਂ ਟਿਕਣ, ਸ਼ਾਂਤੀ ਬਣਾਈ ਰੱਖਣ, ਸੇਵਾ ਤੇ ਸਹਿਯੋਗ ਦਾ ਸੰਕਲਪ, ਸਫ਼ਾਈ ਤੇ ਅਨੁਸਾਸ਼ਨ ਦੀ ਪ੍ਰਤੀਬੱਧਤਾ ਆਦਿ ਦੇ ਜੋ ਮੀਲ ਪੱਥਰ ਇਸ ਅੰਦੋਲਨ ਨੇ ਗੱਡੇ ਹਨ ਉਹ ਵੀ ਮਿਸਾਲ ਬਣ ਕੇ ਦੇਸ਼-ਦੁਨੀਆਂ ਨੂੰ ਰਾਹ ਦਿਖਾਉਂਦੇ ਰਹਿਣਗੇ । ਹੱਕੀ ਅਤੇ ਵਾਜਬ ਮਨਸੂਬਿਆਂ ਖਾਤਰ ਇਕ ਝੰਡੇ ਦੇ ਥੱਲੇ ਇਕਜੁੱਟ ਹੋ ਜਾਣ ਦਾ ਨਤੀਜਾ ਹੀ ਹੈ ਕਿ ਜਿਹਨਾਂ ਚੱਲ ਰਹੇ ਟੌਲ ਪਲਾਜਿਆਂ ਤੇ ਛੋਟ ਵਾਲਿਆਂ ਨੂੰ ਵੀ ਪਾਸ ਜਾਂ ਪਛਾਣ ਪੱਤਰ ਦਿਖਾਉਣਾ ਪੈਂਦਾ ਹੈ, ਉਹਨਾਂ ਵਲੋਂ ਵੀ ਕਿਸਾਨੀ ਝੰਡੇ ਵਾਲੀ ਗੱਡੀ ਨੂੰ ਫਰੀ ਵਾਲੀ ਲੇਨ ਵਿੱਚੋ ਲੰਘਣ ਦਾ ਇਸ਼ਾਰਾ ਮਿਲ ਜਾਂਦਾ ਹੈ ਅਤੇ ਅਜਿਹਾ ਹੀ ਹੋਰ ਨਾਕਿਆਂ ਉੱਪਰ ਵੀ ਦੇਖਣ ਨੂੰ ਮਿਲ ਰਿਹਾ ਹੈ । ਕਿਸਾਨੀ ਝੰਡੇ ਨੂੰ ਮਿਲ ਰਿਹਾ ਇਹ ਸਨਮਾਨ ਇੱਕ ਅਨਮੋਲ ਅਹਿਸਾਸ ਹੈ ਜੋ ਲੰਬੀ ਘਾਲਣਾ ਦਾ ਨਤੀਜਾ ਹੈ ਅਤੇ ਹਮਾਇਤ,ਤਾਕਤ, ਦਬਾਅ ਤੇ ਏਕੇ ਦੀ ਜਿੱਤ ਦਾ ਪ੍ਰਤੀਕ ਹੈ ।

(ਸੁਖਵੀਰ ਸਿੰਘ ਕੰਗ)

Install Punjabi Akhbar App

Install
×