ਕਿਸਾਨੀ ਸੰਘਰਸ਼ ਦੀ ਤਸਵੀਰ ਤੇ ਤਾਸੀਰ ਵੇਂਹਦਿਆਂ……

ਕਿਸਾਨਾਂ ‘ਤੇ ਜਬਰੀ ਥੋਪੇ ਖੇਤੀ ਕਾਨੂੰਨਾਂ ਵਿਰੁੱਧ ਪੰਜਾਬ ਵਿਚੋਂ ਉੱਠੀ ਵਿਰੋਧ ਦੀ ਚਿਣਗ ਬੀਤੇ 42 ਦਿਨਾਂ ਤੋਂ ਰਾਜਧਾਨੀ ਸ਼ਹਿਰ ਦਿੱਲੀ ਦੀਆਂ ਬਰੂਹਾਂ ‘ਤੇ ਮਘ ਰਹੀ ਹੈ। ਵਿਰੋਧ ਦੀ ਦਿਨੋ ਦਿਨ ਮਘਦੀ ਇਸ ਲਹਿਰ ਨੇ ਹਰਿਆਣਾ, ਉੱਤਰ ਪ੍ਰਦੇਸ, ਰਾਜਸਥਾਨ ਅਤੇ ਮੱਧ ਪ੍ਰਦੇਸ਼ ਦੇ ਕਿਸਾਨਾਂ ਨੂੰ ਆਪਣੇ ਕਲਾਵੇ ਵਿਚ ਲੈ ਲਿਆ ਹੈ। ਦੇਸ਼ ਦੇ ਹੋਰਨਾ ਹਿੱਸਿਆਂ ਵਿਚੋਂ ਵੀ ਕਿਸਾਨਾਂ ਅਤੇ ਕਿਸਾਨ ਸੰਗਠਨਾਂ ਦੀ ਹਮਾਇਤ ਦਿੱਲੀ ਮੋਰਚੇ ਵਿਚ ਡਟੇ ਕਿਸਾਨਾਂ ਤੱਕ ਪੁੱਜ ਰਹੀ ਹੈ। ਪੰਜਾਬ ਹਰਿਆਣਾ ਦੇ ਲੋਕਾਂ ਅਤੇ ਵਿਦੇਸ਼ ਵੱਸਦੇ ਪੰਜਾਬੀ ਭਾਈਚਾਰੇ ਨੇ ਕਿਸਾਨਾਂ ਦੇ ਹੱਕ ਵਿਚ ਹਾਅ ਦਾ ਨਾਅਰਾ ਮਾਰਨ ਅਤੇ ਆਪਣੇ ਆਪਣੇ ਸ਼ਹਿਰਾਂ ਵਿਚ ਵਿਰੋਧ ਪ੍ਰਦਰਸ਼ਨ ਕਰਨ ਦੇ ਨਾਲ ਨਾਲ ਲੱਖਾਂ ਦੀ ਗਿਣਤੀ ਵਿਚ ਦਿੱਲੀ ਬੈਠੇ ਧਰਨਾਕਾਰੀ ਕਿਸਾਨਾਂ ਲਈ ਹਰ ਸੰਭਵ ਅਤੇ ਲੋੜੀਂਦੀ ਸਹਾਇਤਾ ਪਹੁੰਚਾਈ ਹੈ।
ਦਿੱਲੀ ਵਿਚ ਕੌਮੀ ਸ਼ਾਂਹਰਾਹ ‘ਤੇ ਸਿੰਘੂ ਬਾਰਡਰ ਅਤੇ ਬਹਾਦਰਗੜ੍ਹ ਰੋਡ ਟਿਕਰੀ ਬਾਰਡਰ ‘ਤੇ ਲੱਗੇ ਵਿਸ਼ਾਲ ਧਰਨਿਆਂ ਵਿਚ ਵਿਚਰਨ ‘ਤੇ ਇਸ ਇਤਿਹਾਸਕ ਲਾਮਬੰਦੀ ਦੇ ਅਨੇਕਾਂ ਸੁਖਾਵੇਂ ਅਤੇ ਹੈਰਾਨੀਜਨਕ ਪਹਿਲੂ ਉਭਰਕੇ ਸਾਹਮਣੇ ਆਏ ਹਨ। ਪੰਜਾਬ ਦੇ ਕਿਸਾਨਾਂ ਦੇ ਸਮਰਥਨ ਵਿਚ ਸਭ ਤੋਂ ਪਹਿਲਾਂ ਗੁਆਂਢੀ ਸੂਬੇ ਹਰਿਆਣਾ ਦੇ ਕਿਸਾਨ ਨਾਲ ਖੜ੍ਹੇ ਹੋਏ। ਹਰਿਆਣਵੀ ਕਿਸਾਨਾਂ ਨੇ ਪੰਜਾਬ ਨੂੰ ਵੱਡਾ ਭਰਾ ਮੰਨਦਿਆਂ ਖਾਤਰਦਾਰੀ ਵਾਲੀ ਸੇਵਾ ਅਤੇ ਮੋਰਚੇ ‘ਤੇ ਬਰਾਬਰ ਡਟ ਕੇ ਸੰਘਰਸ਼ੀਲ ਧਿਰਾਂ ਨੂੰ ਇਹ ਯਕੀਨ ਦਿਵਾਇਆ ਹੈ ਕਿ ਸਿਆਸੀ ਧਿਰਾਂ ਦੇ ਪਾਏ ਵਖਰੇਵੇਂ ਸਾਡੀ ਕੁਦਰਤੀ ਅਤੇ ਭਾਈਚਾਰਕ ਸਾਂਝ ਨੂੰ ਨਹੀਂ ਡੀਕ ਸਕਦੇ। ਟਿਕਰੀ ਬਾਰਡਰ ‘ਤੇ ਮੈਟਰੋ ਲਾਈਨ ਦੇ ਨਾਲ ਨਾਲ ਹਰਿਆਣਵੀ ਖਾਪ ਪੰਚਾਇਤਾ ਦੇ ਧਰਨੇ ਅਤੇ ਭੁੱਖ ਹੜਤਾਲਾਂ ਚੱਲ ਰਹੀਆਂ ਹਨ। ਹਰਿਆਣਾ ਦੇ ਲੋਕਾਂ ਨੇ ਆਪਣੇ ਆਪਣੇ ਗੋਤ-ਬਰਾਦਰੀ ਦੀਆ ਅਲੱਗ ਪੰਚਾਇਤਾਂ ਬਣਾਈਆਂ ਹੋਈਆਂ ਹਨ। ਇਹੀ ਗੋਤਰ ਪੰਚਾਇਤਾਂ ਹੁਣ ਕਿਸਾਨਾਂ ਦੇ ਹੱਕ ਵਿਚ ਡਟੀਆਂ ਹੋਈਆਂ ਹਨ। ਹਰਿਆਣਵੀ ਛੋਰੇ ਥਾਂ ਥਾਂ ਲੰਗਰ ਲਾਈ ਬੈਠੇ ਹਨ। ਟਿਕਰੀ ਬਾਰਡਰ ‘ਤੇ ਦੇਖਿਆ ਕਿ ਕਈ ਦਿਨਾਂ ਦੇ ਅਨੁਭਵ ਉਪਰੰਤ ਹਰਿਆਣਾ ਦੇ ਕਿਸਾਨਾਂ ਨੇ ਵੀ ਇਸ ਲੰਬੇ ਧਰਨੇ ਦੀ ਹਰ ਲੋੜ ਨੂੰ ਪੂਰਾ ਕਰਨ ਲਈ ਲਗਾਤਾਰ ਤੇ ਪੁਖਤਾ ਸਪਲਾਈ ਦਾ ਇਕ ਸਿਸਟਮ ਜਿਹਾ ਬਣਾ ਲਿਆ ਹੈ। ਉਹ ਜਦੋਂ ਵੀ ਸਬਜੀਆਂ ਤੇ ਦੁੱਧ ਆਦਿ ਦੀ ਗੱਡੀ ਭਰ ਕੇ ਲਿਆਉਂਦੇ ਹਨ, ਲੋੜ ਅਨੁਸਾਰ ਸਪਲਾਈ ਕਰਦੇ ਅੱਗੇ ਵਧਦੇ ਹਨ ਅਤੇ ਦੂਸਰੇ ਗੇੜੇ ਦੀ ਲੋੜ ਵੀ ਪੁੱਛਦੇ ਜਾਂਦੇ ਹਨ। ਮੇਰੇ ਦੇਖਦਿਆਂ ਹੀ ਬਹਾਦਰਗੜ੍ਹ ਰੋਡ ਵਾਲਾ ਚੌਕ, ਜਿੱਥੋਂ ਮੀਲਾਂ ਲੰਬਾ ਧਰਨਾ ਆਰੰਭ ਹੁੰਦਾ ਹੈ, ਉਥੇ ਸਮਾਨ ਦਾ ਭਰਿਆ ਇਕ ਟਰੱਕ ਦੁਆਬਾ ਖੇਤਰ ਵਿਚੋਂ ਆਇਆ ਕਿ ਕਿਸੇ ਨੂੰ ਰਸਦ ਜਾਂ ਕੰਬਲ ਤੇ ਪਾਣੀ ਗੀਜਰ ਚਾਹੀਦੇ ਹੋਣ ਦੱਸੋ? ਪਰ ਓਥੇ ਹਾਜਰ ਸੰਗਤਾਂ ਨੇ ਹੱਥ ਜੋੜ ਦਿੱਤੇ ਕਿ ਸਭ ਸਮਾਨ ਵਾਧੂ ਹੈ ਅਤੇ ਅਰਜ ਵੀ ਕੀਤੀ ਕਿ ਰਾਜਸਥਾਨ ਵਾਲੇ ਪਾਸੇ ਪੈਂਦੇ ਸ਼ਾਹਜਹਾਂਪੁਰ ਧਰਨੇ ‘ਤੇ ਬੈਠੇ ਕਿਸਾਨਾਂ ਨੂੰ ਸਮਾਨ ਦੀ ਲੋੜ ਹੈ ਇਹ ਟਰੱਕ ਉਨਹਾਂ ਦੀ ਸੇਵਾ ਵਿਚ ਲਾ ਦਿਓ, ਏਨਾ ਸੁਣਨ ਸਾਰ ਹੀ ਡਰਾਈਵਰ ਨੇ ਟਰੱਕ ਰਾਜਸਥਾਨ ਬਾਰਡਰ ਵੱਲ ਨੂੰ ਸਿੱਧਾ ਕਰ ਦਿੱਤਾ। ਟਿਕਰੀ ਬਾਰਡਰ ਜਿੱਥੇ ਲਗਭਗ 20 ਕਿਲੋਮੀਟਰ ਲੰਬਾ ਧਰਨਾ ਹੈ, ਮੈਟਰੋ ਵਾਲੇ ਪਾਸੇ ਕਈ ਕਿਲੋਮੀਟਰ ਤੱਕ ਧਰਨੇ ਵਿਚ ਸ਼ਾਮਲ ਹੋਣ ਆਏ ਵੱਖ ਵੱਖ ਸਮੂਹ ਕਿਸਾਨਾਂ ਦੇ ਹੱਕ ਵਿਚ ਬੈਨਰ, ਤਖਤੀਆਂ ਅਤੇ ‘ਕਾਲੇ ਕਾਨੂੰਨ ਰੱਦ ਕਰੋ’ ਦੇ ਗੂੰਜਦੇ ਨਾਅਰਿਆਂ ਦੇ ਨਾਲ ਨਾਲ ਪ੍ਰਦਰਸਨੀ ਮਾਰਚ ਕਰਦੇ ਹਨ। ਸ਼ਾਮ ਤੱਕ ਇਨਹਾਂ ਪ੍ਰਦਰਸ਼ਨਕਾਰੀ ਟੋਲੀਆਂ ਦੀ ਗਿਣਤੀ ਸੈਂਕੜੇ ਤੋਂ ਪਾਰ ਹੋ ਜਾਂਦੀ ਹੈ। ਨੌਜਵਾਨਾਂ ਦੇ ਭਾਂਤ-ਸੁਭਾਂਤੇ ਨਾਅਰੇ ਦੇਸ਼ ਦੀ ਜਵਾਨੀ ਦੇ ਅਦਰੂਨੀ ਵੇਗ ਦੀ ਗਵਾਹੀ ਭਰਦੇ ਨੇ। ਦਿੱਲੀ ਅਤੇ ਹੋਰ ਸੂਬਿਆਂ ਦੀਆਂ ਹਾਸ਼ੀਏ ‘ਤੇ ਜਾ ਚੁੱਕੀਆਂ ਕਿਰਤੀ ਅਤੇ ਦੱਬੀਆਂ-ਕੁਚਲੀਆਂ ਧਿਰਾਂ ਵੀ ਆਪਣੀ ਮੁਕਤੀ ਨੁੰ ਇਸ ਮੋਰਚੇ ਦੀ ਹੋਣੀ ਨਾਲ ਮੇਲੇ ਦੇਖ ਰਹੀਆਂ ਹਨ। ਗੈਰ ਕਿਸਾਨੀ ਧਿਰਾਂ ਦਾ ਕਿਸਾਨੀ ਸੰਘਰਸ਼ ਦੀ ਪੈੜ ਵਿਚ ਪੈਰ ਧਰਨਾ ਵੀ ਕਿਸਾਨੀ ਘੋਲ ਦਾ ਜਿਕਰਯੋਗ ਹਾਸਲ ਹੈ।
ਸਿੰਘੂ ਸਰਹੱਦ ਅਤੇ ਟਿਕਰੀ ਧਰਨੇ ‘ਤੇ ਦਿੱਲੀ ਵਾਸੀ ਸ਼ਹਿਰੀਆਂ ਦੀ ਵੀ ਭਰਵੀਂ ਹਾਜਰੀ ਰਹਿੰਦੀ ਹੈ ਉਹ ਥਾਂ ਥਾਂ ਚੱਲਦੇ ਲੰਗਰਾਂ ਵਿਚ ਸੇਵਾ ਕਰਨ ਦੇ ਨਾਲ ਨਾਲ ਠੰਡ ਵਿਚ ਬੈਠੇ ਕਿਸਾਨਾਂ ਲਈ ਲੋੜੀਂਦੀ ਹਰ ਛੋਟੀ ਤੋਂ ਛੋਟੀ ਸਹੂਲਤ ਦਾ ਖਿਆਲ ਕਰਦਿਆਂ ਰਸਦ ਅਤੇ ਚੀਜਾਂ-ਵਸਤਾਂ ਲੈ ਕੇ ਆਊਂਦੇ ਹਨ। ਬਹੁਤੇ ਥਾਈਂ ਮੈਂ ਦੇਖਿਆਂ ਕਿ ਦਾਨੀ ਸੱਜਣ ਵੰਡਣ ਲਈ ਜੋ ਗਰਮ ਵਸਤਰ ਜਾਂ ਹੋਰ ਲੋੜੀਂਦੀਆਂ ਚੀਜਾਂ ਲਿਆਉਂਦੇ ਹਨ, ਉਹ ਕੋਈ ਪ੍ਰਚਾਰਕ ਹੋਕਾ ਵੀ ਨਹੀਂ ਦਿੰਦੇ, ਬਸ ਚੁੱਪ ਚਾਪ ਆਪਣਾ ਸਮਾਨ ਵੰਡ ਕੇ ਅਲੋਪ ਹੋ ਜਾਂਦੇ ਹਨ, ਉਨਹਾਂ ਵਿਚ ਇਹ ਨਿੱਕੀ ਨਿੱਕੀ ਸੇਵਾ ਦੀਆਂ ਤਸਵੀਰਾਂ ਲੈਣ ਜਾਂ ਵਿਖਾਵਾ ਕਰਨ ਦੀ ਪ੍ਰਵਿਰਤੀ ਵੀ ਮੈਂ ਕਿਧਰੇ ਨਹੀਂ ਦੇਖੀ। ਮੁਢਲੇ ਦਿਨਾਂ ਵਿਚ ਭਾਵੇਂ ਬੀਬੀਆਂ ਦੀ ਹਾਜਰੀ ਘੱਟ ਸੀ ਪਰ ਹੁਣ ਬੀਬੀਆਂ ਨੇ ਵੀ ਮੋਰਚਾ ਭਖਾ ਲਿਆ ਹੈ। ਸਿੰਘੂ ਅਤੇ ਟਿਕਰੀ ਸਰਹੱਦ ‘ਤੇ ਉਹ ਕਿਸਾਨ ਵੀਰਾਂ ਬਰਾਬਰ 11-11 ਦਾ ਜਥਾ ਬਣਾ ਕੇ 24 ਘੰਟੇ ਭੁੱਖ ਹੜਤਾਲ ‘ਤੇ ਬੈਠ ਰਹੀਆਂ ਹਨ। ਟਿਕਰੀ ਦੇ ਧਰਨੇ ਵੱਲ ਜਾਂਦੇ ਰਸਤੇ ‘ਤੇ ਇਕ ਹੋਰ ਸਟੇਜ ਹੈ ਪਕੌੜਾ ਚੌਕ ਵਾਲੀ ਸਟੇਜ, ਇਥੇ ਵੀ ਹਜਾਰਾਂ ਔਰਤਾਂ ਸਵੇਰ ਤੋਂ ਲੈ ਕੇ ਹਨੇਰੇ ਹੁੰਦੇ ਤੱਕ ਸਟੇਜ ਦੀ ਕਾਰਵਾਈ ਸਬਰ ਨਾਲ ਸੁਣਦੀਆਂ ਹਨ ਅਤੇ ਤਰਕਾਲਾਂ ਤੱਕ ਵੀ ਉਨਹਾਂ ਦਾ ਸੰਘਰਸ਼ੀ ਨਾਅਰਿਆਂ ਦੇ ਹੁੰਗਾਰੇ ਦਾ ਜ਼ੋਸ਼ ਮੱਠਾ ਨਹੀਂ ਪੈਂਦਾ। ਪੰਜਾਬੀ ਵਿਆਹ ਜਾਂ ਮਰਨੇ ਪਰਨੇ ‘ਤੇ ਜਾ ਕੇ ਵੀ ਆਪਣੇ ਘਰ ਪਰਤਣ ਦੀ ਕਾਹਲ ਵਿਚ ਰਹਿੰਦੇ ਹਾਂ ਪਰ ਏਥੇ ਡਟੇ ਬਜੁਰਗਾਂ, ਨੌਜਵਾਨਾਂ, ਬੀਬੀਆ ਅਤੇ ਕਾਫੀ ਗਿਣਤੀ ਵਿਚ ਆਏ ਬੱਚਿਆਂ ਵਿਚ ਮੈਂ ਘਰਾਂ ਨੂੰ ਮੁੜਨ ਦੀ ਕਾਹਲ ਦੀ ਕੋਈ ਵੀ ਲਕੀਰ ਕਿਸੇ ਦੇ ਚਿਹਰੇ ‘ਤੇ ਨਹੀਂ ਦੇਖੀ। ਸਭ ਖੇਤੀ ਕਾਨੂੰਨਾਂ ਨੂੰ ਰੱਦ ਕਰਾਉਣ ਤੱਕ ਧਰਨੇ ‘ਤੇ ਡਟੇ ਰਹਿਣ ਦਾ ਲੰਬਾ ਦਾਈਆ ਬੰਨ੍ਹ ਬੈਠਣ ਲਈ ਮਾਨਸਿਕ ਤੌਰ ‘ਤੇ ਤਿਆਰ ਹਨ।
3 ਮਹੀਨੇ ਤੋਂ ਲੰਬੇ ਇਸ ਕਿਸਾਨੀ ਸ਼ਘਰਸ਼ ਦੇ ਚੱਲਦਿਆਂ ਹੁਣ ਤੱਕ 50 ਤੋਂ ਵੱਧ ਕਿਸਾਨਾਂ ਦਾ ਅਚਾਨਕ ਜਾਂ ਹਾਦਸਾ ਵਸ ਵਿਛੜ ਜਾਣਾ ਵੀ ਇਸ ਲਹਿਰ ਦਾ ਦੁਖਦਾਈ ਪਹਿਲੂ ਹੈ। ਭਾਵੇਂ ਇਨਹਾਂ ਕਿਸਾਨੀ ਘੋਲ ਦੇ ਸ਼ਹੀਦ ਕਰਾਰ ਦਿੱਤੇ ਗਏ ਵਿਆਕਤੀਆਂ ਲਈ ਜਥੇਬੰਦੀਆਂ ਨੇ ਪ੍ਰਸ਼ਾਸ਼ਨ ਤੋਂ ਅੜ ਕੇ ਮੁਆਵਜੇ ਵੀ ਲਏ ਹਨ ਪਰ ਕਈ ਸੇਵਾ ਸੰਗਠਨਾਂ ਅਤੇ ਚਰਚਿਤ ਹਸਤੀਆਂ ਨੇ ਵੀ ਇਨਹਾਂ ਵਿਛੜੇ ਸਾਥੀਆਂ ਦੇ ਪਰਿਵਾਰਾਂ ਨੁੰ ਆਰਥਿਕ ਠੁੰਮਣਾ ਦਿੱਤਾ ਹੈ। ਕਿਸਾਨੀ ਘੋਲ ਚਿਰਾਂ ਬਾਅਦ ਪੰਜਾਬੀਆਂ ਦੇ ਅਣਕਿਆਸੇ ਏਕੇ ਦਾ ਸਬੱਬ ਬਣਿਆ ਹੈ। ਉਮਰ ਦੇ ਆਖਿਰੀ ਪੜਾਅ ਦੇ ਸਾਡੇ ਬਜੁਰਗਾਂ ਨੂੰ ਸਰਕਾਰ ਵਲੋਂ ਖੇਤਾਂ ‘ਤੇ ਪੂੰਜੀਪਤੀਆਂ ਨੂੰ ਕਬਜੇ ਲਈ ਘੜੀ ਕਾਨੂੰਨੀ ਮਾਨਤਾ ਦਾ ਮਾਨਸਿਕ ਦਬਾਓ ਵੀ ਝੱਲਣਾ ਪੈ ਰਿਹਾ ਹੈ। ਏਸ ਦੌਰ ਵਿਚ ਮਾਨਸਿਕ ਪੱਖੋਂ ਉਖੜੇ ਬਜੁਰਗਾਂ ਨੂੰ ਮਾਨਸਿਕ ਸਿਹਤਮੰਦੀ ਦੀ ਹਾਲਤ ਵਿਚ ਆਉਣ ਲਈ ਆਖਿਰੀ ਸਾਹ ਤੱਕ ਜੂਝਣਾ ਪਏਗਾ।
ਕਿਸਾਨ ਆਗੂਆਂ ਦੀ ਇਨਹਾਂ ਕਾਨੂੰਨਾਂ ਦੀ ਬਰਖਾਸਗੀ ਨੂੰ ਲੈ ਕੇ ਹਕੂਮਤ ਨਾਲ ਪੜਾਅਵਾਰ ਵਾਰਤਾ ਜਾਰੀ ਹੈ । ਧਰਨਾਕਾਰੀ ਲੋਕ ਦੇਸ਼ ਦਾ ਮੁੱਖ ਧਾਰਾ ਵਾਲਾ ਮੀਡੀਆ ਗੈਰਹਾਜਿਰ ਰਹਿਣ ਦੇ ਬਾਵਜੂਦ ਵੀ ਸ਼ੋਸ਼ਲ ਮੀਡੀਆ ਰਾਹੀਂ ਹਰ ਤਾਜੀ ਅਪਡੇਟ ਹਾਸਲ ਕਰ ਰਹੇ ਹਨ। ਹੁਣ ਤਾਂ ਕਿਸਾਨ ਮੋਰਚੇ ਨੇ ਵੀ ਕਿਸਾਨੀ ਸੰਘਰਸ ਵਿਰੁੱਧ ਨਾਂਹ ਪੱਖੀ ਪ੍ਰਚਾਰ ਨੂੰ ਨੱਪਣ ਅਤੇ ਸਹੀ ਗੱਲ ਲੋਕਾਂ ਤੱਕ ਪਹੁਚਾਉਣ ਲਈ ਲਈ ਆਪਣਾ ਹੀ ਮੀਡੀਆ ਮੰਚ ਬਣਾ ਲਿਆ ਹੈ। ਲੋਕਾਂ ਨੂੰ ਕੇਂਦਰ-ਕਿਸਾਨ ਜਥੇਬੰਦੀਆਂ ਵਿਚਕਾਰ ਵਾਰਤਾ ਦੇ ਸਾਰਥਕ ਅਤੇ ਹਿੱਤਕਾਰੀ ਨਤੀਜੇ ਵਿਚ ਦੇਰੀ ਹੋਣ ਜਾਂ ਇੱਛਿਤ ਨਤੀਜੇ ਨਾ ਹਾਸਲ ਕਰ ਸਕਣ ਦਾ ਵੀ ਇਲਮ ਹੈ। ਅਜਿਹੀ ਹਾਲਤ ਵਿਚ ਉਹ ਸੰਘਰਸ਼ ਨੂੰ ਹੋਰ ਲੰਬਾ ਅਤੇ ਦੇਸ਼ ਦੇ ਹਰ ਖਿੱਤੇ ਅਤੇ ਹਰ ਵਰਗ ਤੱਕ ਲਿਜਾਣ ਦਾ ਅਹਿਦ ਕਰਨ ਨੂੰ ਵੀ ਤਿਆਰ ਬੈਠੇ ਹਨ। ਇਹ ਇਕ ਲੰਬੀ ਲੜਾਈ ਹੈ। ਇਸ ਦੀ ਗੰਭੀਰਤਾ ਅਤੇ ਅਡੋਲਤਾ ਨੇ ਉੱਤਰੀ ਭਾਰਤ ਦੀਆਂ ਸਿਆਸੀ ਧਿਰਾਂ ਦੇ ਸਾਹ ਸੂਤ ਰੱਖੇ ਹਨ ਖਾਸ ਕਰ ਪੰਜਾਬ ਅਤੇ ਹਰਿਆਣਾ ਦੀਆਂ ਸਿਆਸੀ ਜਮਾਤਾਂ ਵੀ ਤੇਲ ਦੀ ਧਾਰ ਵੇਖ ਰਹੀਆਂ ਹਨ। ਇਹ ਗੱਲ ਹੁਣ ਨਿੱਤਰਨ ਵਾਲੀ ਹੀ ਹੈ ਕਿ ਕਿਸਾਨੀ ਘੋਲ ਦਾ ਉਤਰਾਅ-ਚੜਾਅ ਪੰਜਾਬ ਵਿਚ ਨਿਵੇਕਲੀ ਸਿਆਸੀ ਪਿਰਤ ਦੀ ਆਰੰਭਤਾ ਦਾ ਬੀਜ ਸਮੋਈ ਬੈਠਾ ਹੈ।

(ਪਰਮਜੀਤ ਸਿੰਘ ਬਾਗੜੀਆ)
+91 98147 65705
paramjit.bagrria@gmail.com

Install Punjabi Akhbar App

Install
×