ਪਰਥ ਵਿੱਚ ਕਰਵਾਇਆ ਗਿਆ ਕਿਸਾਨ ਏਕਤਾ ਮੋਰਚਾ ਸੈਮੀਨਾਰ

ਬੀਤੇ ਦਿਨੀਂ ਵੈਸਟ੍ਰਨ ਆਸਟ੍ਰੇਲੀਆ ਸੁਪੋਰਟਿੰਗ ਫਾਰਮਰ ਵੱਲੋਂ ਪਰਥ ਵਿੱਚ ਕਿਸਾਨ ਏਕਤਾ ਮੋਰਚਾ ਸੈਮੀਨਾਰ ਕਰਵਾਇਆ ਗਿਆ। ਜਿਸ ਵਿੱਚ ਬੁਲਾਰਿਆਂ ਨੇ ਕਿਸਾਨ ਮੋਰਚੇ ਸੰਬੰਧੀ ਵੱਖੋ ਵੱਖਰੇ ਵਿਸ਼ਿਆਂ ਤੇ ਆਪਣੇ ਵਿਚਾਰ ਰੱਖੇ। ਸਭ ਤੋਂ ਪਹਿਲਾਂ ਕਿਸਾਨ ਮੋਰਚੇ ਵਿੱਚ ਸ਼ਹੀਦ ਹੋ ਚੁੱਕੇ ਕਿਸਾਨਾਂ ਨੂੰ 2 ਮਿੰਟ ਦਾ ਮੌਨ ਰੱਖ ਕੇ ਸ਼ਰਧਾਂਜ਼ਲੀ ਭੇਂਟ ਕੀਤੀ ਗਈ। ਇਸ ਉਪਰੰਤ ਸਿੱਖ ਐਸੋਸੀਏਸ਼ਨ ਆਫ ਵੈਸਟ੍ਰਨ ਆਸਟ੍ਰੇਲੀਆ ਦੇ ਪ੍ਰਧਾਨ ਦੇਵਰਾਜ ਸਿੰਘ ਜੀ ਵੱਲੋਂ ਸਾਰੇ ਸਰੋਤਿਆਂ ਨੂੰ ਜੀ ਆਇਆਂ ਆਖਿਆ ਗਿਆ ਅਤੇ ਕਿਸਾਨ ਮੋਰਚੇ ਦੇ ਸੰਬੰਧ ਵਿੱਚ ਸੈਮੀਨਾਰ ਦੀ ਮਹੱਤਤਾ ਤੇ ਚਾਨਣਾਂ ਪਾਇਆ ਗਿਆ। ਡਾ: ਹਰਮਹਿੰਦਰ ਸਿੰਘ ਧੰਮੂ ਨੇ ਖੇਤੀ ਬਿੱਲਾਂ ਤੇ ਵਿਚਾਰ ਚਰਚਾ ਕਰਦਿਆਂ ਕਿਹਾ ਕਿ ਦੇਸ਼ ਦੇ 86% ਕਿਸਾਨਾ ਕੋਲ 5 ਏਕੜ ਜਾਂ ਇਸ ਤੋਂ ਵੀ ਘੱਟ ਜ਼ਮੀਨ ਹੈ।

ਇਹਨਾਂ ਬਿੱਲਾਂ ਦੀ ਸਭ ਤੋਂ ਵੱਧ ਮਾਰ ਛੋਟੀ ਕਿਸਾਨੀ ਤੇ ਹੀ ਪਵੇਗੀ। “ਕਿਸਾਨ ਮੋਰਚੇ ਦੌਰਾਨ ਆਏ ਸਿਆਸੀ ਬਦਲਾਅ” ਵਿਸ਼ੇ ਤੇ ਬੋਲਦਿਆਂ ਜਰਨੈਲ ਸਿੰਘ ਭੌਰ ਨੇ ਕਿਹਾ ਕਿ ਪੰਜਾਬ ਵਿੱਚ ਅਕਾਲੀ ਭਾਜਪਾ ਗਠਜੋੜ ਦਾ ਤੋੜ ਵਿਛੋੜਾ ਇਸ ਅੰਦੋਲਨ ਦੀ ਹੀ ਦੇਣ ਹੈ ਅਤੇ ਅੰਦੋਲਨ ਦਾ ਸਿਖਰ ਤੇ ਪਹੁੰਚਣਾ ਦਾ ਇੱਕ ਕਾਰਨ ਇਹ ਵੀ ਹੈ ਕਿ ਰਾਜਨੀਤਿਕ ਲੀਡਰਾਂ ਨੂੰ ਇਸ ਅੰਦੋਲਨ ਤੋਂ ਪਾਸੇ ਰੱਖਿਆ ਗਿਆ ਹੈ। ਮੀਡੀਆ ਦੀ ਭੂਮਿਕਾ ਬਾਰੇ ਬੋਲਦਿਆਂ ਜਤਿੰਦਰ ਭੰਗੂ ਨੇ ਕਿਹਾ ਕਿ ਸਥਾਨਿਕ ਅਤੇ ਅੰਤਰਰਾਸ਼ਟਰੀ ਮੀਡੀਆ ਦੀ ਰਿਪੋਰਟਿੰਗ ਵਿੱਚ ਨਿਰਪੱਖਤਾ ਅਤੇ ਸੱਚਾਈ ਦੀ ਝਲਕ ਮਿਲੀ। ਜਦ ਕਿ ਭਾਰਤੀ ਮੀਡੀਏ ਸਿਰਫ ਸਰਕਾਰ ਦਾ ਹੀ ਪ੍ਰਚਾਰ ਕੀਤਾ। “ਕਿਸਾਨ ਮੋਰਚੇ ਬਦਲਿਆ ਭਾਰਤੀ ਸਮਾਜ” ਵਿਸ਼ੇ ਤੇ ਬੋਲਦਿਆਂ ਸੁਖਜੀਤ ਸਿੰਘ ਨੇ ਦੱਸਿਆ ਕਿ ਅੱਜ ਮੁਨਾਫ਼ੇਖੋਰ ਸਿਧਾਂਤ ਦਾ ਟਕਰਾਅ ਸਰਬੱਤ ਦੇ ਭਲ਼ੇ ਦੇ ਸਿਧਾਂਤ ਨਾਲ ਹੋ ਰਿਹਾ ਹੈ। ਨਤੀਜੇ ਵਜੋਂ ਸਮੁੱਚੇ ਦੇਸ਼ ਦਾ ਕਿਸਾਨ ਮੁਨਾਫ਼ੇਖੋਰ ਕੰਪਨੀਆਂ ਦੇ ਵਿਰੁੱਧ ਖੜਾ ਹੋ ਗਿਆ ਹੈ।

ਤਰੁਨਪ੍ਰੀਤ ਸਿੰਘ ਨੇ ਮੌਜੂਦਾ ਸਰਕਾਰ ਦੇ ਤਾਨਾਸ਼ਾਹੀ ਰਵੱਈਏ ਦੀ ਨਿੰਦਿਆ ਕੀਤੀ ਅਤੇ ਕਿਹਾ ਕਿ ਸਰਕਾਰ ਨੇ ਰਾਜਾਂ ਦੇ ਹੱਕ ਖੋਹ ਕੇ ਗੈਰ ਸੰਵਧਾਨਿਕ ਤਰੀਕੇ ਨਾਲ ਤਿਆਰ ਕੀਤੇ ਬਿੱਲਾਂ ਨੂੰ ਰਾਜ ਸਭਾ ਵਿੱਚ ਬਿਨਾਂ ਚਰਚਾ ਪਾਸ ਕਰਵਾਕੇ ਲੋਕਤੰਤਰ ਦਾ ਕਤਲ ਕੀਤਾ ਹੈ। ਕਿਸਾਨ ਮੋਰਚੇ ਦੀ ਹਮਾਇਤ ਵਿੱਚ ਪਰਥ ਵਿੱਚ ਕੀਤੇ ਰੋਸ ਮੁਜ਼ਹਾਰਿਆਂ ਦਾ ਮਨਦੀਪ ਸਿੰਘ ਵੱਲੋਂ ਨਿਰਪੱਖਤਾ ਪੂਰਨ ਵਿਸ਼ਲੇਸ਼ਣ ਕੀਤਾ ਗਿਆ। ਅਨੁਪਮ ਜੌਹਲ ਜੀ ਨੇ ਸੈਮੀਨਾਰ ਵਿੱਚ ਹੋਈ ਵਿਚਾਰ ਚਰਚਾ ਨੂੰ ਸੰਖੇਪ ਵਿੱਚ ਸਮੇਟਦਿਆਂ ਕਿਹਾ ਕਿ ਇਹ ਖੇਤੀ ਬਿੱਲ ਭਾਰਤੀ ਕਿਸਾਨਾਂ ਦੀ ਆਰਥਿਕ ਅਤੇ ਸਮਾਜਿਕ ਸਥਿਤੀ ਲਈ ਬਹੁਤ ਹਾਨੀਕਾਰਕ ਸਿੱਧ ਹੋਣਗੇ ਅਤੇ ਆਉਣ ਵਾਲ਼ੇ ਸਮੇਂ ਦੌਰਾਨ ਬੇਰੁਜ਼ਗਾਰੀ ਅਤੇ ਆਰਥਿਕ ਮੰਦੀ ਪੈਦਾ ਕਰਨਗੇ। ਬਿਹਾਰ ਇਸ ਪਾਲਿਸੀ ਦੀ ਮੌਜੂਦਾ ਉਦਾਹਰਨ ਹੈ। ਸੈਮੀਨਾਰ ਦੌਰਾਨ ਕਿਸਾਨ ਆਗੂ ਬਲਬੀਰ ਸਿੰਘ ਰਾਜੇਵਾਲ ਨੇ ਲਾਈਵ ਹੋ ਕੇ ਸਾਰੇ ਸਰੋਤਿਆਂ ਨੂੰ ਸੰਬੋਧਨ ਕੀਤਾ ਅਤੇ ਮੋਰਚੇ ਦੀ ਹਮਾਇਤ ਲਈ ਧੰਨਵਾਦ ਕੀਤਾ। ਅਖੀਰ ਵਿੱਚ ਸਿੱਖ ਗੁਰੂਦੁਆਰਾ ਕਮੇਟੀ ਬੈਨਿਟ ਸਪ੍ਰਿੰਗ ਦੇ ਸੈਕਟਰੀ ਬਲਦੇਵ ਸਿੰਘ ਵੱਲੋਂ ਸਾਰਿਆਂ ਦਾ ਧੰਨਵਾਦ ਕੀਤਾ ਗਿਆ। ਸਟੇਜ ਸੰਚਾਲਨ ਦੀ ਜ਼ਿੰਮੇਵਾਰੀ ਗੁਰਦੀਪ ਕੌਰ ਅਤੇ ਜੱਸੀ ਚੀਮਾਂ ਜੀ ਵੱਲੋਂ ਨਿਭਾਈ ਗਈ।

(ਹਰਲਾਲ ਸਿੰਘ) harlal_bains@yahoo.co.in

Install Punjabi Akhbar App

Install
×