ਕਿਸਾਨੀ ਅੰਦੋਲਨ, ਅਲੌਕਿਕ ਵਰਤਾਰਾ, ਹਲੇਮੀ ਰਾਜ ਵੱਲ ਵਧਦੇ ਕਦਮ

ਕਕਰੀਲੀਆਂ ਰਾਤਾਂ ਚ ਸੜਕਾਂ ਤੇ ਫ਼ਾਕੇ ਕੱਟਣ ਲਈ ਮਜਬੂਰ ਦੇਸ਼ ਦੀ ਕਿਸਾਨ ਅਤੇ ਮਜ਼ਦੂਰ ਜਮਾਤ ਭਲੇ ਦਿਨਾਂ ਦੀ ਆਸ ਨਾਲ ਆਪਣੇ ਹੱਕਾਂ ਦੀ ਪ੍ਰਾਪਤੀ ਲਈ ਡਟੀ ਹੋਈ ਹੈ।ਭਾਵੇਂ ਕੁਦਰਤ ਦੀ ਕਰੋਪੀ ਦੇ ਨਲ ਮੌਸਮ ਦੀ ਮਾਰ ਵੀ (ਰਿਕਾਰਡਤੋੜ ਠੰਢ ਅਤੇ ਬੇਤਹਾਸ਼ਾ ਬਾਰਸ਼) ਕਿਸਾਨਾਂ ਨੂੰ ਝੱਲਣੀ ਪਈ ਹੈ, ਪਰ ਇਸ ਦੇ ਬਾਵਜੂਦ ਵੀ ਅੰਦੋਲਨਕਾਰੀ ਕਿਸਾਨਾਂ ਦੇ ਹੌਸਲਿਆਂ ਵਿਚ ਰੱਤੀ ਭਰ ਵੀ ਕਮਜ਼ੋਰੀ ਨਹੀਂ ਆਈ। ਪੌਣੇ ਸੈਂਕੜੇ ਨੂੰ ਪਾਰ ਕਰ ਗਈ ਮੌਤ ਦਰ ਦੇ ਬਾਵਜੂਦ, ਉਨ੍ਹਾਂ ਦੇ ਚਿਹਰਿਆਂ ਤੇ ਚੜ੍ਹਦੀਕਲਾ ਦੇ ਹਾਵ ਭਾਵ ਪ੍ਰਤੱਖ ਦੇਖੇ ਜਾ ਸਕਦੇ ਹਨ।
”ਮਰਣ ਮੁਣਸਾ ਸੂਰਿਆ ਹਕੁ ਹੈ ਜੋ ਹੋਇ ਮਰਨਿ ਪਰਵਾਣੋ॥
ਸੂਰੇ ਸੇਈ ਆਗੈ ਆਖੀਅਹਿ ਦਰਗਹ ਪਾਵਹਿ ਸਾਚੀ ਮਾਣੋ॥”
ਦੇ ਇਲਾਹੀ ਹੁਕਮ ਅਨੁਸਾਰ ਜ਼ਿੰਦਗੀ ਜਿਊਣ ਵਾਲੇ ਲੋਕਾਂ ਨੂੰ ਭਲਾ ਇਹ ਕੜਾਕੇ ਦੀ ਠੰਢ ਜਾਂ ਮੋਹਲ਼ੇਧਾਰ ਪੈਂਦਾ ਮੀਂਹ ਕਿਵੇਂ ਆਪਣੇ ਮਿਸ਼ਨ ਤੋ ਡੁਲਾਅ ਸਕਦਾ ਹੈ।ਫਿਰ ਉਨ੍ਹਾਂ ਕਿਸਾਨਾਂ ਮਜ਼ਦੂਰਾਂ ਦੇ ਹੌਸਲੇ ਕਿਵੇਂ ਪਸਤ ਹੋ ਸਕਦੇ ਹਨ, ਜਿਹੜੇ ਧੁਰ ਕੀ ਬਾਣੀ ਨੂੰ ਅਪਣਾ ਆਦਰਸ਼ ਮੰਨਦੇ ਹੋਣ।ਇਹੋ ਕਾਰਨ ਹੈ ਕਿ ਕਿਸਾਨ, ਮਜ਼ਦੂਰ ਘਰ ਬਾਰ, ਖੇਤ ਬੰਨੇ ਛੱਡ ਕੇ ਦਿੱਲੀ ਦੀਆਂ ਸੜਕਾਂ ਤੇ ਰੈਣ-ਬਸੇਰਾ ਕਰਕੇ ਆਪਣੇ ਹੱਕਾਂ ਦੀ ਪ੍ਰਾਪਤੀ ਲਈ ਦ੍ਰਿੜ੍ਹਤਾ ਨਾਲ ਡਟੇ ਹੋਏ ਹਨ। ਕਿਸਾਨੀ ਅੰਦੋਲਨ ਜਿਊਂ ਜਿਊਂ ਲੰਮਾ ਹੋ ਰਿਹਾ ਹੈ, ਸਰਕਾਰ ਦੀਆਂ ਆਸਾਂ ਦੇ ਉਲਟ ਦਿਨੋਂ ਦਿਨ ਹੋਰ ਤਕੜਾ ਹੋ ਰਿਹਾ ਹੈ। ਕਿਸਾਨੀ ਅੰਦੋਲਨ ਦਾ ਉਜਲਾ ਪੱਖ ਇਹ ਹੈ ਕਿ ਇਸ ਅੰਦੋਲਨ ਦੀ ਅਗਵਾਈ ਉਸ ਪੰਜਾਬ ਦੇ ਹੱਥ ਵਿਚ ਹੈ, ਜਿਹੜਾ ਗੁਰੂ ਨਾਨਕ ਸਾਹਿਬ ਦੇ
ਮਨੁ ਹਾਲੀ ਕਿਰਸਾਣੀ ਕਰਣੀ ਸਰਮੁ ਪਾਣੀ ਤਨੁ ਖੇਤੁ॥
ਨਾਮੁ ਬੀਜੁ ਸੰਤੋਖੁ ਸੁਹਾਗਾ ਰਖੁ ਗਰੀਬੀ ਵੇਸੁ॥
ਦੇ ਉਸ ਉੱਚੇ ਸੁੱਚੇ ਜੀਵਨ ਫ਼ਲਸਫ਼ੇ ਦਾ ਧਾਰਨੀ ਹੈ, ਜਿਸ ਵਿਚ ਕਿਹਾ ਗਿਆ ਹੈ ਕਿ:-

ਮਰਣ ਮੁਣਸਾ ਸੂਰਿਆ ਹਕੁ ਹੈ ਜੋ ਹੋਇ ਮਰਨਿ ਪਰਵਾਣੋ॥
ਜਿਸ ਵਿਚ ਕਿਹਾ ਗਿਆ ਹੈ ਕਿ :-
ਹਕੁ ਪਰਾਇਆ ਨਾਨਕਾ ਉਸੁ ਸੂਅਰ ਉਸੁ ਗਾਇ॥
ਗੁਰੁ ਪੀਰੁ ਹਾਮਾ ਤਾ ਭਰੇ ਜਾ ਮੁਰਦਾਰੁ ਨ ਖਾਇ॥
ਅਤੇ ਇਹ ਵੀ ਕਿਹਾ ਗਿਆ ਹੈ ਕਿ:-
ਜੇ ਜੀਵੈ ਪਤਿ ਲਥੀ ਜਾਇ॥
ਸਭੁ ਹਰਾਮੁ ਜੇਤਾ ਕਿਛੁ ਖਾਇ॥”

ਇਹ ਕੌੜੀ ਸਚਾਈ ਹੈ ਕਿ ਪੰਜਾਬੀ ਕਿਸਾਨਾਂ ਨੇ ਭਾਂਵੇਂ ਉਨ੍ਹਾਂ ਕਿਸਾਨ ਜਥੇਬੰਦੀਆਂ ਦੀ ਅਗਵਾਈ ਕਬੂਲ ਕੀਤੀ ਹੈ ਅਤੇ ਲਗਾਤਾਰ ਉਨ੍ਹਾਂ ਦੀ ਅਗਵਾਈ ਹੇਠ ਸੰਘਰਸ਼ ਲੜਿਆ ਵੀ ਜਾ ਰਿਹਾ ਹੈ, ਜਿਹੜੀਆਂ ਖੱਬੇ ਪੱਖੀ ਸੋਚ ਦੀਆਂ ਧਾਰਨੀ ਹਨ ਤੇ ਕੁੱਝ ਅਖੌਤੀ ਰਾਸ਼ਟਰਵਾਦ ਦਾ ਢੰਡੋਰਾ ਵੀ ਪਿੱਟਦੀਆਂ ਹਨ, ਪ੍ਰੰਤੂ ਇਸ ਦੇ ਬਾਵਜੂਦ ਕਿਸਾਨਾਂ ਨੇ ਉਪਰੋਕਤ ਸਿੱਖ ਫ਼ਲਸਫ਼ਾ, ਸਿੱਖ ਸਭਿਆਚਾਰ ਅਤੇ ਸਿੱਖ ਪੁਰਖਿਆਂ ਦੀਆਂ ਕੁਰਬਾਨੀਆਂ ਅਤੇ ਬਹਾਦਰੀ ਨੂੰ ਪੂਰੀ ਸ਼ਿੱਦਤ ਨਾਲ ਇਸ ਫ਼ੈਸਲਾਕੁਨ ਅੰਦੋਲਨ ਵਿਚ ਅਪਣਾ ਪਰੇਰਨਾ ਸਰੋਤ ਮੰਨਿਆ ਹੋਇਆ ਹੈ, ਜਿਸ ਦੀ ਵਜ੍ਹਾ ਨਾਲ ਹੀ ਉਨ੍ਹਾਂ ਨੇ ਹਕੂਮਤਾਂ ਦੀਆਂ ਭਾਰੀ ਰੋਕਾਂ ਨੂੰ ਤੁੱਛ ਸਮਝਿਆ ਤੇ ਰਸਤੇ ਦੇ ਰੋੜੇ ਵਾਂਗੂ ਰਸਤੇ ਚੋ ਹਟਾ ਦਿੱਤਾ ਸੀ ਅਤੇ ਦਿੱਲੀ ਦੇ ਆਲ਼ੇ ਦੁਆਲੇ ਦਾ ਦਿਨੋਂ ਦਿਨ ਮਜ਼ਬੂਤ ਹੋ ਰਿਹਾ ਘੇਰਾ ਇਸ ਗੱਲ ਦੀ ਹਾਮੀ ਭਰਦਾ ਹੈ ਭਾਰਤੀ ਕਿਸਾਨ ਮਜ਼ਦੂਰ ਜਮਾਤ ਨੇ ਬਾਬੇ ਕਿਆਂ ਦੀ ਸੋਚ ਨੂੰ ਅਪਣਾ ਕੇ ਬਾਬਰਕਿਆਂ ਨਾਲ ਆਰ ਪਾਰ ਦੀ ਲੜਾਈ ਵਿੱਢ ਦਿੱਤੀ ਹੈ।

ਦੇਸ਼ ਦੇ ਸਮੁੱਚੇ ਕਿਸਾਨਾਂ ਨੇ, ਭਾਂਵੇਂ ਉਹ ਕਿਸਾਨ ਹਰਿਆਣੇ ਦੇ ਹੋਣ, ਰਾਜਸਥਾਨ ਦੇ ਹੋਣ, ਉੱਤਰ ਪ੍ਰਦੇਸ਼, ਮੱਧ ਪ੍ਰਦੇਸ਼, ਉੱਤਰਾਖੰਡ, ਕੇਰਲਾ ਜਾਂ ਕਿਸੇ ਵੀ ਹੋਰ ਸੂਬੇ ਦੇ ਹੋਣ, ਉਨ੍ਹਾਂ ਨੇ ਡੰਕੇ ਦੀ ਚੋਟ ਨਾਲ ਪੰਜਾਬ ਦੀ ਸਿੱਖੀ ਸੋਚ ਵਾਲੀ ਅਗਵਾਈ ਨੂੰ ਕਬੂਲ ਕੀਤਾ ਹੈ ਤੇ ਇਹ ਵੀ ਸੱਚ ਹੈ ਕਿ ਉਨ੍ਹਾਂ ਨੇ ਸਿੱਖ ਸਭਿਆਚਾਰ ਨੂੰ ਜਾਣਿਆ ਹੀ ਇਸ ਅੰਦੋਲਨ ਵਿੱਚੋਂ ਹੈ, ਇਹੋ ਕਾਰਨ ਹੈ, ਕਿ ਸਿੱਖਾਂ ਨੂੰ ਨਫ਼ਰਤ ਦੀ ਨਜ਼ਰ ਨਾਲ ਦੇਖਣ ਵਾਲੇ ਭਾਰਤੀ ਲੋਕ ਅੱਜ ਸਤਿਕਾਰਤ ਨਜ਼ਰਾਂ ਨਾਲ ਦੇਖਣ ਦੇ ਨਾਲ ਨਾਲ ਮਾਨਵਤਾ ਦੇ ਰਾਖੇ ਵਜੋਂ ਵੀ ਦੇਖ ਰਹੇ ਹਨ।ਵਿਸ਼ੇਸ਼ ਤੌਰ ਤੇ ਦੇਸ਼ ਦਾ ਸਮੁੱਚਾ ਕਿਸਾਨ ਭਾਈਚਾਰਾ ਤਾਂ ਅੱਜ ਖੱਬੇ ਸੱਜੇ ਪੱਖੀ ਸੋਚ ਨੂੰ ਭੁੱਲ ਕੇ, ਸਿਰਫ਼ ਤੇ ਸਿਰਫ਼ ਸਿੱਖੀ ਸੋਚ ਨੂੰ ਸਲਾਮ ਕਰ ਰਿਹਾ ਹੈ।ਇਸ ਦਾ ਕਾਰਨ ਇਹ ਨਹੀਂ ਕਿ ਸਿੱਖਾਂ ਦੇ ਕਿਸਾਨ ਆਗੂ ਜ਼ਿਆਦਾ ਵਧੀਆ ਰੋਲ, ਪਲੇਅ ਕਰ ਰਹੇ ਹਨ, ਬਲਕਿ ਇਹ ਹੈ ਕਿ ਪੰਜਾਬ ਦੇ ਸਮੁੱਚੇ ਕਿਸਾਨ ਜਿਸ ਫ਼ਲਸਫ਼ੇ ਨੂੰ ਆਦਰਸ਼ ਮੰਨ ਕੇ ਸੜਕਾਂ ਤੇ ਹਨ ਅਤੇ ਲਗਾਤਾਰ ਅੱਗੇ ਵਧ ਰਹੇ ਹਨ, ਉਹ ਫ਼ਲਸਫ਼ਾ ਹੀ ਅਸਲ ਮਾਨਵਤਾ-ਵਾਦੀ ਹੈ, ਜਿਸ ਨੂੰ ਹੁਣ ਤੱਕ ਦੇਸ਼ ਦੇ ਫ਼ਿਰਕੂ ਮੀਡੀਏ ਨੇ ਬਦਨਾਮੀ ਚੋ ਉੱਭਰਨ ਹੀ ਨਹੀਂ ਸੀ ਦਿੱਤਾ।ਇਹ ਤਾਂ ਭਲਾ ਹੋਵੇ ਸੋਸ਼ਲ ਮੀਡੀਏ ਦਾ, ਜਿਸ ਦੀ ਬਦੌਲਤ ਸਰਬੱਤ ਦੇ ਭਲੇ ਵਾਲੀ ਸਿੱਖੀ ਸੋਚ ਦੁਨੀਆ ਦੇ ਸਾਹਮਣੇ ਸਹੀ ਰੂਪ ਵਿਚ ਪੇਸ਼ ਹੋ ਸਕੀ ਹੈ।ਹੁਣ ਜੇਕਰ ਗੱਲ ਕੇਂਦਰ ਸਰਕਾਰ ਦੀ ਕੀਤੀ ਜਾਵੇ, ਤਾਂ ਇਹ ਸੋਚਣਾ ਬਣਦਾ ਹੈ ਕਿ ਕੇਂਦਰੀ ਹਕੂਮਤ ਕਿਸਾਨਾਂ ਦੀ ਤਾਕਤ ਤੋ ਘਬਰਾਈ ਹੋਣ ਦੇ ਬਾਵਜੂਦ ਵੀ ਕਿਸਾਨਾਂ ਦੇ ਹੱਕ ਵਿਚ ਫ਼ੈਸਲੇ ਲੈਣ ਤੋ ਕਿਉਂ ਡਰਦੀ ਹੈ? ਕਿਉਂ ਕਿਸਾਨੀ ਦੇ ਖ਼ਾਤਮੇ ਵਾਲੇ ਕਾਲੇ ਕਾਨੂੰਨਾਂ ਨੂੰ ਰੱਦ ਕਰਨ ਤੋ ਟਾਲ਼ਾ ਵੱਟਦੀ ਆ ਰਹੀ ਹੈ? ਇਹ ਵੀ ਸਮਝਣਾ ਹੋਵੇਗਾ ਕਿ ਜਦੋਂ ਕਿਸਾਨ ਜਥੇਬੰਦੀਆਂ ਦੇ ਆਗੂ ਕਿਸਾਨਾਂ ਦੇ ਮਨ ਦੀ ਬਾਤ ਸਪਸ਼ਟ ਰੂਪ ਵਿਚ ਸਰਕਾਰ ਨੂੰ ਇੱਕ ਵਾਰ ਨਹੀਂ ਬਲਕਿ ਅੱਠ ਵਾਰ ਸਮਝਾ ਚੁੱਕੇ ਹਨ ਕਿ ਤਿੰਨ ਕਾਲੇ ਕਾਨੂੰਨਾਂ ਨੂੰ ਮੁਕੰਮਲ ਰੱਦ ਕਰਨ ਤੋ ਘੱਟ ਉਨ੍ਹਾਂ ਨੂੰ ਕੁੱਝ ਵੀ ਮਨਜ਼ੂਰ ਨਹੀਂ ਹੈ, ਫਿਰ ਕਿਉਂ ਆਏ ਦਿਨ ਕਿਸਾਨਾਂ ਨਾਲ ਮੀਟਿੰਗਾਂ ਕਰਕੇ ਸਮਾ ਬਰਬਾਦ ਕੀਤਾ ਜਾ ਰਿਹਾ ਹੈ? ਕਿਉਂ ਸਰਕਾਰ ਹਰ ਮੀਟਿੰਗ ਵਿਚ ਕਿਸਾਨ ਆਗੂਆਂ ਨੂੰ ਕਾਨੂੰਨਾਂ ਦੇ ਫ਼ਾਇਦੇ ਦੱਸਣ ਤੋ ਅੱਗੇ ਨਹੀਂ ਵੱਧ ਰਹੀ?
ਇਹਨਾਂ ਸੁਆਲਾਂ ਦਾ ੳੱਤਰ ਸਰਕਾਰ ਦੇ ਅੰਦੋਲਨ ਪ੍ਰਤੀ ਨਜ਼ਰੀਏ ਤੋ ਸਪਸ਼ਟ ਹੋ ਜਾਂਦਾ ਹੈ ਕਿ ਸਰਕਾਰ ਤੇ ਕਾਰਪੋਰੇਟ ਜਗਤ ਦਾ ਪੂਰੀ ਤਰਾਂ ਗ਼ਲਬਾ ਹੈ, ਜਿਸ ਦੇ ਚੱਲਦਿਆਂ ਉਹ ਕੋਈ ਵੀ ਕਿਸਾਨ ਪੱਖੀ ਫ਼ੈਸਲਾ ਲੈਣ ਤੋ ਟਾਲ਼ਾ ਵਟਦੇ ਆ ਰਹੇ ਹਨ। ਇਹ ਵੀ ਕਿਸਾਨ ਆਗੂਆਂ ਨੂੰ ਭਲੀਭਾਂਤ ਪਤਾ ਹੁੰਦਾ ਹੈ ਕਿ ਮੀਟਿੰਗਾਂ ਚੋ ਓਨੀ ਦੇਰ ਕੋਈ ਵੀ ਸਾਰਥਿਕ ਹੱਲ ਨਿਕਲਣ ਵਾਲਾ ਨਹੀਂ ਹੈ, ਜਿੰਨੀ ਦੇਰ ਦੇਸ਼ ਦੇ ਪ੍ਰਧਾਨ ਮੰਤਰੀ ਨਿਰੇਂਦਰ ਮੋਦੀ ਉੱਚ ਘਰਾਣਿਆਂ ਦਾ ਮੋਹ ਤਿਆਗ ਕੇ ਜਨਤਕ ਤੌਰ ਤੇ ਇਹ ਸਵੀਕਾਰ ਨਹੀਂ ਕਰਦੇ ਕਿ ਸਰਕਾਰ ਕਾਨੂੰਨਾਂ ਨੂੰ ਰੱਦ ਕਰਨ ਬਾਰੇ ਫ਼ੈਸਲਾ ਕਰਨ ਲਈ ਸੰਜੀਦਾ ਹੈ।
ਉਪਰੋਕਤ ਗੱਲਾਂ ਕਿਸਾਨ ਆਗੂ ਮੀਟਿੰਗ ਵਿਚ ਸ਼ਾਮਲ ਹੋਣ ਲਈ ਜਾਂਦੇ ਸਮੇਂ ਖ਼ੁਦ ਕਹਿੰਦੇ ਸੁਣੇ ਜਾ ਰਹੇ ਹਨ।ਇਹਦੇ ਵਿਚ ਕੋਈ ਸ਼ੱਕ ਨਹੀਂ ਕਿ ਸਰਕਾਰ ਸਮਾ ਬਰਬਾਦ ਕਰਕੇ ਕਿਸਾਨਾਂ ਦੇ ਅੰਦੋਲਨ ਨੂੰ ਲਮਕਾਉਣਾ ਚਾਹੁੰਦੀ ਹੈ, ਤਾਂ ਕਿ ਲੰਮੇ ਸਮੇਂ ਵਿਚ ਕਿਸਾਨਾਂ ਦੀ ਕੋਈ ਕਮਜ਼ੋਰ ਕੜੀ ਲੱਭ ਕੇ ਅੰਦੋਲਨ ਨੂੰ ਤਾਰਪੀਡੋ ਕੀਤਾ ਜਾ ਸਕੇ, ਪਰ ਹੁਣ ਤੱਕ ਦੇ ਤਜਰਬੇ ਦੱਸਦੇ ਹਨ ਕਿ ਸਰਕਾਰ ਦੀ ਇਹ ਬਦਨੀਤੀ ਉਨ੍ਹਾਂ ਤੇ ਹੀ ਭਾਰੂ ਪੈ ਰਹੀ ਹੈ।ਫਿਰ ਵੀ ਏਜੰਸੀਆਂ ਦੀ ਇਹ ਹਰ ਸੰਭਵ ਕੋਸ਼ਿਸ਼ ਰਹੇਗੀ ਕਿ ਉਹ ਕੋਈ ਅਜਿਹਾ ਦਾਅ ਖੇਡਣ, ਜਿਸ ਨਾਲ ਅੰਦੋਲਨ ਦਾ ਰੁੱਖ ਹੀ ਪਲਟ ਜਾਵੇ, ਪਰ ਇਸ ਵਾਰ ਕਿਸਾਨ ਅੰਦੋਲਨ ਤੇ ਸਰਕਾਰ ਦੀਆਂ ਏਜੰਸੀਆਂ ਦੀ ਕੋਈ ਵੀ ਚਾਲ ਸਫਲ ਨਹੀਂ ਹੋ ਰਹੀ, ਕਿਉਂਕਿ ਇਸ ਅੰਦੋਲਨ ਦੀ ਅਗਵਾਈ ਅਕਾਲ, ਪੁਰਖ ਦੀ ਵਰੋਸਾਈ ਸਾਧ ਸੰਗਤ ਖ਼ੁਦ ਕਰ ਰਹੀ ਹੈ।ਕੁਦਰਤ ਨੇ ਅਜਿਹਾ ਕ੍ਰਿਸ਼ਮਾ ਕੀਤਾ ਹੈ ਜਿਸ ਦੇ ਸਾਹਮਣੇ ਹਕੂਮਤਾਂ ਦੇ ਸਾਰੇ ਮਨਸੂਬੇ ਫ਼ੇਲ੍ਹ ਹੁੰਦੇ ਆ ਰਹੇ ਹਨ। ਸਰਬ ਸਾਂਝੀਵਾਲਤਾ, ਨਿਮਰਤਾ, ਆਪਸੀ ਪਿਆਰ, ਇਸ ਅੰਦੋਲਨ ਦੀ ਤਾਕਤ ਬਣਿਆ ਹੋਇਆ ਹੈ। ਅੰਦੋਲਨਕਾਰੀਆਂ ਨੇ ਭਾਂਵੇਂ ਉਹ ਕਿਸੇ ਵੀ ਸੂਬੇ ਦੇ ਹੋਣ ਤੇ ਕਿਸੇ ਵੀ ਮਜ਼੍ਹਬ ਦੇ ਹੋਣ, ਸਭ ਨੇ ਪੰਜਾਬੀ ਸਿੱਖ ਸਭਿਆਚਾਰ, ਪੰਜਾਬੀ ਕੌਮ ਦੀ ਬਹਾਦਰੀ ਵਾਲੀ ਭਾਵਨਾ, ਸਰਬੱਤ ਦੇ ਭਲੇ ਅਤੇ ਲੰਗਰ ਦੀ ਮਹਾਨ ਪਰੰਪਰਾ ਨੂੰ ਸ਼ਿੱਦਤ ਨਾਲ ਜਾਣਿਆ ਤੇ ਕਬੂਲਿਆ ਹੈ, ਹਰ ਪਾਸੇ ਤੋਂ ਜੈਕਾਰਿਆਂ ਦੀ ਗੂੰਜ ਦਾ ਸੁਣਾਈ ਦੇਣਾ ਵੀ ਸਿੱਖਾਂ ਪ੍ਰਤੀ ਬਣੀ ਨਵੀਂ ਧਾਰਨਾ ਨੂੰ ਪਰਗਟ ਕਰਦਾ ਹੈ, ਇਸ ਅਲੌਕਿਕ ਵਰਤਾਰਾ ਦਰਸਾਉਂਦਾ ਹੈ ਕਿ ਮਾਨਵਤਾ-ਵਾਦੀ ਸਿੱਖੀ ਸੋਚ ਦਾ ਬੋਲਬਾਲਾ ਹੁਣ ਹਰ ਪਾਸੇ ਦੇਖਿਆ, ਸੁਣਿਆ ਤੇ ਮਹਿਸੂਸ ਕੀਤਾ ਜਾ ਰਿਹਾ ਹੈ ਅਤੇ ਇਸ ਵੱਡੇ ਰੂਹਾਨੀ ਬਦਲਾਅ ਦਾ ਜਰੀਆ ਇਹ ਕਿਸਾਨ ਅੰਦੋਲਨ ਬਣ ਰਿਹਾ ਹੈ, ਇਸ ਲਈ ਅੰਦੋਲਨ ਦੀ ਅਗਵਾਈ ਕਰਦੀਆਂ ਜਥੇਬੰਦੀਆਂ ਦੇ ਉਨ੍ਹਾਂ ਆਗੂਆਂ ਨੂੰ ਵੀ ਇਹ ਸਲਾਹ ਹੈ, ਜਿਹੜੇ ਅਜੇ ਵੀ ਰੂਸ ਅਤੇ ਚੀਨ ਦੇ ਇਨਕਲਾਬ ਨੂੰ ਪਰੇਰਨਾ ਸਰੋਤ ਮੰਨਦੇ ਹਨ, ਕਿ ਉਹ , ਸਟਾਲਿਨ ਤੇ ਮਾਓ ਵਰਗੇ ਕਾਮਰੇਡਾਂ ਦੀ ਹਿਟਲਰਸ਼ਾਹੀ ਸੋਚ ਤੋ ਕਿਨਾਰਾ ਕਰਕੇ ਉਸ ਸੋਚ ਵੱਲ ਰੁੱਖ ਕਰਨ ਜਿਹੜੀ ਸੋਚ ਨੂੰ ਧਾਰਨ ਕਰਕੇ ਪੱਚੀ ਸਿਰਲੱਥ ਸਿੱਖਾਂ ਦੇ ਸਾਥ ਨਾਲ ਬਾਬਾ ਬੰਦਾ ਸਿੰਘ ਬਹਾਦਰ ਨੇ ਦੁਨੀਆ ਦਾ ਪਹਿਲਾ ਤੇ ਅਲੌਕਿਕ ਲੋਕ ਰਾਜ ਸਥਾਪਤ ਕੀਤਾ, ਜਿਸ ਸੋਚ ਨੇ ਤਾਕਤ ਵਿਚ ਆਉਂਦਿਆਂ ਹੀ ਲੋਕਾਂ ਦੇ ਖ਼ੂਨ ਨਾਲ ਆਪਣੇ ਹੱਥ ਨਹੀਂ ਰੰਗੇ, ਬਲਕਿ ਬਾਹੀ ਕਰਨ ਵਾਲੇ ਕਾਸ਼ਤਕਾਰਾਂ ਨੂੰ ਮਾਲਕੀ ਦੇ ਹੱਕ ਦੇ ਕੇ ਦੁਨੀਆ ਦੇ ਇਤਿਹਾਸ ਵਿਚ ਅਜਿਹੇ ਮੀਲ ਪੱਥਰ ਗੱਡੇ, ਜਿਹੜੇ ਕਿਸੇ ਵੀ ਮਾਓ, ਸਟਾਲਿਨ ਦੇ ਹਿੱਸੇ ਨਹੀਂ ਆਏ।
ਸੋ ਇਹ ਯਾਦ ਰੱਖਣਾ ਹੋਵੇਗਾ ਕਿ ਉਹ ਹੀ ਕੌਮਾਂ ਇਤਿਹਾਸ ਸਿਰਜ ਸਕਣ ਦੇ ਸਮਰੱਥ ਹੁੰਦੀਆਂ ਹਨ, ਜਿਹੜੀਆਂ ਆਪਣੇ ਜਾਨਦਾਰ ਵਿਰਸੇ ਤੇ ਮਾਣ ਕਰਦੀਆਂ ਹਨ ਅਤੇ ਆਪਣੇ ਪੁਰਖਿਆਂ ਤੋ ਪਰੇਰਨਾ ਲੈ ਕੇ ਚੱਲਦੀਆਂ ਹਨ, ਜੇਕਰ ਬੇਗਾਨੇ ਵਿਰਸੇ ਤੋ ਪਰੇਰਨਾ ਲੈ ਕੇ ਕਾਮਯਾਬੀ ਮਿਲਦੀ ਹੁੰਦੀ, ਤਾਂ ਭਾਰਤ ਅੰਦਰ ਖੱਬੇ ਪੱਖੀ ਸੋਚ ਦਾ ਬੋਲਬਾਲਾ ਲਾਜ਼ਮੀ ਹੋਣਾ ਸੀ, ਇਹ ਸਮਝਣ ਦੀ ਲੋੜ ਹੈ।
ਇਸ ਕਿਸਾਨੀ ਅੰਦੋਲਨ ਵਿਚ ਜਿੱਤ ਕਿਸਾਨਾਂ ਦੀ ਹੋਵੇਗੀ, ਜਾਂ ਸਰਕਾਰ ਕੋਈ ਦਾਅ ਖੇਡਣ ਵਿਚ ਸਫਲ ਹੋ ਸਕੇਗੀ, ਕੀ ਸਰਕਾਰ ਸੁਪਰੀਮ ਕੋਰਟ ਦਾ ਸਹਾਰਾ ਲੈ ਕੇ ਵੀ ਅੰਦੋਲਨ ਨੂੰ ਠੱਲ੍ਹ, ਪਾਉਣ ਵਿਚ ਕਾਮਯਾਬੀ ਹਾਸਲ ਕਰ ਸਕਦੀ ਹੈ, ਇਹ ਵੀ ਸੰਦੇਹ ਜਤਾਇਆ ਜਾ ਰਿਹਾ ਹੈ, ਇਸ ਸਭ ਕਿਆਸ-ਅਰਾਈਆਂ ਅਤੇ ਸ਼ੰਕਿਆਂ ਦੇ ਬਾਵਜੂਦ ਇਹ ਜ਼ਰੂਰ ਕਹਿਣਾ ਬਣਦਾ ਹੈ ਕਿ ਸੋਸ਼ਲ ਮੀਡੀਏ ਦੇ ਕਾਰਨ ਭਾਰਤੀ ਲੋਕਾਂ ਵਿਚ ਆਈ ਜਾਗ੍ਰਿਤੀ ਨੇ ਨਵੀਆਂ ਸਿਆਸੀ ਸੰਭਾਵਨਾਵਾਂ ਜ਼ਰੂਰ ਪੈਦਾ ਕਰ ਦਿੱਤੀਆਂ ਹਨ, ਜਿਹੜੀਆਂ ਸਿੱਖੀ ਦੇ ਸਰਬ ਸਾਂਝੀਵਾਲਤਾ ਦੇ ਸੰਕਲਪ ਦੀ ਤਰਜਮਾਨੀ ਕਰਦੀਆਂ ਲੋਕ ਮਨਾਂ ਚ ਤੇਜ਼ੀ ਨਾਲ ਪ੍ਰਵੇਸ਼ ਕਰ ਰਹੀਆਂ ਹਨ। ਅਜਿਹੇ ਮੌਕੇ ਚਰਚਾਵਾਂ ਇਹ ਵੀ ਨਿਕਲ ਕੇ ਸਾਹਮਣੇ ਆ ਰਹੀਆਂ ਹਨ ਕਿ ਕੇਂਦਰ ਸਰਕਾਰ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀਆਂ ਸੇਵਾਵਾਂ ਵੀ ਲੈਣ ਦੀ ਇੱਛਾ ਰੱਖਦੀ ਹੈ, ਤਾਂ ਕਿ ਇੱਕ ਤੀਰ ਨਾਲ ਫਿਰ ਦੋ ਦੋ ਨਿਸ਼ਾਨੇ ਫੁੰਡੇ ਜਾ ਸਕਣ। ਜੇਕਰ ਜਥੇਦਾਰ ਅੰਦੋਲਨ ਖ਼ਤਮ ਕਰਵਾਉਣ ਵਿਚ ਸਫਲ ਨਹੀਂ ਵੀ ਹੁੰਦਾ ਤਾਂ ਵੀ ਘੱਟੋ ਘੱਟ ਅੰਦੋਲਨ ਚ ਪਾੜ ਪਾ ਕੇ ਕਮਜ਼ੋਰ ਤਾਂ ਕੀਤਾ ਜਾ ਸਕਦਾ ਹੈ।
ਇੱਥੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੂੰ ਕਹਿਣਾ ਬਣਦਾ ਹੈ ਕਿ ਉਹ ਕੋਈ ਅਜਿਹੀ ਗ਼ਲਤੀ ਭੁੱਲ ਕੇ ਵੀ ਨਾ ਕਰ ਲੈਣ, ਜਿਹੜੀ ਦੁਨੀਆ ਵਿਚ ਸਤਿਕਾਰ ਕਮਾ ਚੁੱਕੀ ਕੌਮ ਨੂੰ ਨਮੋਸ਼ੀ ਦੇ ਆਲਮ ਵੱਲ ਧੱਕ ਦੇਵੇ। ਜਥੇਦਾਰ ਸਾਹਿਬ ਨੂੰ ਇਹ ਵੀ ਸਮਝਣਾ ਹੋਵੇਗਾ ਕਿ ਜੇਕਰ ਉਹ ਹਕੂਮਤ ਦਾ ਹੁਕਮ ਮੰਨ ਕੇ ਵਿਚੋਲਗੀ ਕਰਨਾ ਸਵੀਕਾਰ ਕਰਦੇ ਹਨ ਤਾਂ ਉਹ ਜਿੱਥੇ ਇਸ ਅੰਦੋਲਨ ਦੇ ਗੁਨਾਹਗਾਰ ਹੋਣਗੇ, ਓਥੇ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਆਜ਼ਾਦ ਪ੍ਰਭੂਸੱਤਾ ਦੇ ਸੰਕਲਪ ਨੂੰ ਹੋਰ ਕਮਜ਼ੋਰ ਕਰਨ ਦੇ ਗੁਨਾਹਗਾਰ ਵੀ ਹੋਣਗੇ, ਜਿਸ ਲਈ ਇਤਿਹਾਸ ਉਨ੍ਹਾਂ ਨੂੰ ਕਦੇ ਮੁਆਫ਼ ਨਹੀਂ ਕਰੇਗਾ। ਜਥੇਦਾਰ ਸਾਹਿਬ ਨੂੰ ਇਹ ਅਪੀਲ ਕਰਨੀ ਬਣਦੀ ਹੈ ਕਿ ਉਹ ਸਿੱਖੀ ਦੀਆਂ ਉੱਚੀਆਂ ਸੁੱਚੀਆਂ ਕਦਰਾਂ ਕੀਮਤਾਂ ਨੂੰ ਕਾਇਮ ਰੱਖਣ। ਸੋ ਦੇਸ਼ ਦੇ ਕੁੱਝ ਕੁ ਉੱਚ ਘਰਾਣਿਆਂ ਦੀ ਪੁਸ਼ਤ ਪਨਾਹੀ ਕਰਨ ਵਾਲੀ ਕੇਂਦਰ ਸਰਕਾਰ ਦੁਆਰਾ ਦੇਸ਼ ਦੇ ਕਰੋੜਾਂ ਕਿਸਾਨਾਂ ਸਮੇਤ ਸਵਾ ਅਰਬ ਲੋਕਾਂ ਨੂੰ ਰੋਟੀ ਖ਼ਾਤਰ ਕੁੱਝ ਕੁ ਗਿਣੇ ਚੁਣੇ ਪਰਿਵਾਰਾਂ ਦੇ ਮੁਥਾਜ ਕਰਨ ਦੇ ਵਿਰੋਧ ਵਿਚ ਅਤੇ ਕਿਸਾਨਾਂ ਦੇ ਸਿੱਧੇ ਤੌਰ ਤੇ ਖੋਹੇ ਜਾ ਰਹੇ ਹੱਕਾਂ ਦੀ ਬਹਾਲੀ ਲਈ ਵਿੱਢੇ ਅੰਦੋਲਨ ਨੂੰ ਕਾਮਯਾਬ ਕਰਨਾ ਹੀ ਅਸਲ ਮਾਨਵਤਾ ਦੀ ਸੇਵਾ ਵਾਲਾ ਕਾਰਜ ਹੈ।ਇਹ ਵਰਤਾਰਾ ਕੋਈ ਮਨੁੱਖ ਦੁਆਰਾ ਸਿਰਜਿਆ ਖੇਲ੍ਹ ਵੀ ਨਹੀਂ ਸਮਝ ਲੈਣਾ ਚਾਹੀਦਾ, ਬਲਕਿ ਕਿਸੇ ਅਗਮ ਤੇ ਅਦਿੱਖ ਤਾਕਤ ਦੁਆਰਾ ਵਰਤਾਏ ਜਾ ਰਹੇ ਇਸ ਵਰਤਾਰੇ ਤੋ ਪੈਦਾ ਹੋ ਰਹੇ, ਉਨ੍ਹਾਂ ਹਾਲਤਾਂ ਨਾਲ ਇੱਕ-ਮਿੱਕ ਹੋ ਕੇ ਗਹੁ ਨਾਲ ਮਹਿਸੂਸ ਕਰਨ ਦੀ ਵੀ ਜ਼ਰੂਰਤ ਹੈ, ਜਿਹੜੇ ਸੱਚਮੁੱਚ ਉਸ ਪਾਸੇ ਵੱਲ ਜਾਂਦੇ ਪ੍ਰਤੀਤ ਹੋਣਗੇ, ਜਿੱਧਰੋਂ
ਸਭੇ ਸਾਝੀਵਾਲ ਸਦਾਇਨਿ ਤੂੰ ਕਿਸੈ ਨ ਦਿਸਹਿ ਬਾਹਰਾ ਜੀਉ॥
ਦੀ ਰੂਹਾਨੀ ਸੱਦ ਵਾਲੇ ਹਲੇਮੀ ਰਾਜ ਦਾ ਕੁਦਰਤੀ ਝਲਕਾਰਾ ਪੈਂਦਾ ਹੈ।
ਬਘੇਲ ਸਿੰਘ ਧਾਲੀਵਾਲ
+91 99142-58142

Install Punjabi Akhbar App

Install
×