ਕਿਸਾਨ ਮੋਰਚਿਆਂ ਤੋਂ ਚੜ੍ਹਦੀ ਕਲਾ, ਹੌਸਲੇ ਅਤੇ ਉਮੀਦ ਵਾਲੀਆਂ ਖ਼ਬਰਾਂ ਦੀ ਕਮੀ ਚਿੰਤਾ ਦਾ ਵਿਸ਼ਾ

ਕਿਸੇ ਵੀ ਯਤਨ, ਸੰਘਰਸ਼ ਜਾਂ ਮੁਹਿੰਮ ਨੂੰ ਮਿਲੀ ਭਰਵੀਂ ਹਮਾਇਤ ਨੂੰ ਨਿੱਜੀ ਤੌਰਤੇ ਨਹੀਂ ਲੈਣਾ ਚਾਹੀਦਾ ਕਈ ਵਾਰ ਉਹ ਹਮਾਇਤ ਮੁੱਦੇ ਨੂੰ ਵੀ ਹੋ ਸਕਦੀ ਹੈ ਖਾਸ ਕਰ ਉਦੋਂ ਜਦੋਂ ਯਤਨ, ਸੰਘਰਸ਼ ਜਾਂ ਮੁਹਿੰਮ ਸਮੂਹਿਕ ਹੋਵੇ, ਇਸਦਾ ਪ੍ਰਭਾਵ ਖੇਤਰ ਵਿਸ਼ਾਲ ਹੋਵੇ ਅਤੇ ਇਸ ਦਾ ਕੱਦ ਤੇ ਘੇਰਾ ਬਹੁਤ ਵੱਡਾ ਹੋਵੇ। ਪਿਛਲੇ ਸਾਲ ਕੇਂਦਰ ਸਰਕਾਰ ਵਲੋਂ ਲਿਆਂਦੇ ਤਿੰਨ ਲੋਕ ਮਾਰੂ ਖੇਤੀ ਕਾਨੂੰਨਾਂ ਵਿਰੁੱਧ ਜਦੋਂ ਕਿਸਾਨਾਂ ਨੇ ਸੰਘਰਸ਼ ਅਰੰਭ ਕੀਤਾ ਅਤੇ ਵੱਖ-ਵੱਖ ਮੋਰਚਿਆਂ ਤੋਂ ਇਹਨਾਂ ਖਿਲਾਫ਼ ਅਵਾਜ ਉਠਾਉਣੀ ਸ਼ੁਰੂ ਕੀਤੀ ਤਾਂ ਉਦੋਂ ਤੋਂ ਲੈ ਕੇ ਰੇਲ ਪਟੜੀਆਂ ਉੱਪਰ ਧਰਨਿਆਂ, ਦਿੱਲੀ ਕੂਚ ਅਤੇ ਫਿਰ ਦਿੱਲੀ ਦੀਆਂ ਸਰਹੱਦਾਂ ਉੱਪਰ ਲਗਾਏ ਮੋਰਚਿਆਂ ਸਮੇਤ ਸ਼ੰਘਰਸ਼ ਨਾਲ ਸਬੰਧਤ ਹਰ ਗਤੀ ਵਿਧੀ ਤੋਂ ਲੰਬਾ ਸਮਾਂ ਚੜ੍ਹਦੀ ਕਲਾ ਵਾਲੀਆਂ, ਹੌਸਲੇ ਨਾਲ ਭਰਪੂਰ ਅਤੇ ਲੋਕਾਂ ਵਿੱਚ ਨਵੀਂ ਉਮੀਦ ਜਗਾਉਣ ਵਾਲੀਆਂ ਖ਼ਬਰਾਂ ਦੀ ਬਹੁਤ ਭਰਮਾਰ ਰਹੀ। ਇਹਨਾਂ ਹਾਂ-ਪੱਖੀ ਨਤੀਜਿਆਂ ਦੀ ਉਮੀਦ ਲੈ ਕੇ ਆਉਣ ਵਾਲੀਆਂ ਖ਼ਬਰਾਂ, ਤਕਰੀਰਾਂ ਅਤੇ ਇਹਨਾਂ ਦੀਆਂ ਵੀਡੀਓਜ਼ ਨੇ ਸਿੱਧੇ ਤੌਰ ਤੇ, ਖ਼ਬਰਾਂ ਰਾਹੀਂ ਅਤੇ ਨੈਟ ਮੀਡੀਆ ਉੱਪਰ ਫੈਲ ਕੇ ਲੋਕਾਂ ਵਿੱਚ ਇੱਕ ਨਵੀਂ ਲਹਿਰ ਪੈਦਾ ਕਰ ਦਿੱਤੀ। ਪੰਜਾਬ ਜਾਂ ਪੂਰਾ ਦੇਸ਼ ਹੀ ਨਹੀਂ ਸਾਰੇ ਵਿਸ਼ਵ ਨੂੰ ਇਸ ਵਿਲੱਖਣ ਅੰਦੋਲਨ ਤੋਂ ਬਹੁਤ ਆਸਾਂ ਬੱਝ ਗਈਆਂ। ਇਸ ਅੰਦੋਲਨ ਦੇ ਪੂਰੇ ਜੋਬਨ ਤੇ ਪਹੁੰਚਣ ਤੋਂ ਪਹਿਲਾਂ ਹੀ ਇਹ ਸਮੁੱਚੇ ਵਿਸ਼ਵ ਦੀ ਨਜ਼ਰੇ ਚੜ੍ਹ ਗਿਆ ਸੀ। ਇਸ ਅੰਦੋਲਨ ਦਾ ਕੱਦ ਅਤੇ ਦਾਇਰਾ ਏਨਾ ਵਿਸ਼ਾਲ ਹੋ ਜਾਣਾ ਕਿਸੇ ਕ੍ਰਿਸ਼ਮੇ ਤੋਂ ਘੱਟ ਨਹੀਂ ਸੀ। ਅੰਦੋਲਨ ਵਿੱਚ ਕਿਸਾਨਾਂ, ਆਮ ਲੋਕਾਂ, ਸਮਾਜ ਦੇ ਸਭ ਵਰਗਾਂ ਸਮੇਤ ਬੁੱਧੀ-ਜੀਵੀਆਂ, ਸੰਗਠਨਾਂ ਅਤੇ ਪ੍ਰਤਿਭਾਵਾਨ ਸਖਸ਼ੀਅਤਾਂ ਦੀ ਆਪ ਮੁਹਾਰੀ ਭਰਵੀਂ ਸ਼ਮੂਲੀਅਤ ਇਸ ਦੀ ਤਾਕਤ ਬਣ ਗਈ, ਇਸੇ ਸ਼ਮੂਲੀਅਤ ਨੇ ਦੁਨੀਆਂ ਨੂੰ ਕਾਇਲ ਕੀਤਾ ਪਰ ਕੁੱਝ ਲੋਕ ਇਸ ਨੂੰ ਨਿੱਜੀ ਪੱਧਰ ਤੇ ਲੈ ਬੈਠੇ। ਅੰਦੋਲਨ ਨੂੰ ਦੇਸ਼ ਅਤੇ ਵਿਦੇਸ਼ ਤੋਂ ਮਿਲੀ ਇਸ ਰਿਕਾਰਡ-ਤੋੜ ਹਮਾਇਤ ਨੂੰ ਸੰਭਾਲਣ ਲਈ ਅਤੇ ਕਾਇਮ ਰੱਖਣ ਲਈ ਇਸ ਦੇ ਸੰਚਾਲਕਾਂ ਨੂੰ ਜਿਸ ਪੱਧਰ ਦੀ ਮਿਹਨਤ ਅਤੇ ਤਪੱਸਿਆ ਦੀ ਜਰੂਰਤ ਸੀ, ਪੰਜਾਬੀ ਤੇ ਭਾਰਤੀ ਲੋਕ ਅਤੇ ਆਗੂ ਉਸ ਪੱਧਰ ਦੇ ਅਭਿਆਸ ਦੇ ਆਦੀ ਨਹੀਂ ਸਨ। ਅਜਿਹੇ ਵੱਡੇ ਅੰਦੋਲਨਾਂ ਨੂੰ ਸਮਰਪਿਤ, ਸੱਚੀ, ਇਮਾਨਦਾਰ, ਸਪੱਸ਼ਟ ਅਤੇ ਨਿਰੋਲ ਤਰਜ਼ਮਾਨੀ ਵਾਲੀ ਅਗਵਾਈ ਦੀ ਲੋੜ ਹੁੰਦੀ ਹੈ, ਜੋ ਪੀੜਤ ਲੋਕਾਂ ਅਤੇ ਮੁੱਦਿਆਂ ਦੇ, ਵਫ਼ਾਦਾਰੀ ਨਾਲ ਨੇੜੇ ਹੋ ਕੇ ਵਿਚਰੇ।

ਅੰਦੋਲਨ ਦੌਰਾਨ ਸਰਕਾਰ ਨਾਲ ਚੱਲੇ ਮੀਟਿੰਗਾਂ ਦੇ ਦੌਰ, ਭਰਵੀਂ ਵਿਦੇਸ਼ੀ ਹਮਾਇਤ, ਸਰਕਾਰ ਦੇ ਅੜੀਅਲ ਰਵੱਈਏ, 26 ਜਨਵਰੀ ਦੀਆਂ ਕੁੱਝ ਅਣ-ਕਿਆਸੀਆਂ ਤੇ ਕੁੱਝ ਗਿਣੀਆਂ-ਮਿੱਥੀਆਂ ਘਟਨਾਵਾਂ ਅਤੇ ਫਿਰ ਉੱਪਰੋ-ਥੱਲੀ ਵਾਪਰੇ ਹੇਠਲੇ ਮਿਆਰ ਦੇ ਘਟਨਾਕ੍ਰਮ ਦਰਮਿਆਨ ਸਿਰਜੇ ਬਿਰਤਾਂਤ ਦੇ ਸਿਲਸਿਲੇ ਤੋਂ ਪਹਿਲਾਂ ਕਿਸਾਨ ਅੰਦੋਲਨ ਵਿੱਚੋਂ ਆਉਣ ਵਾਲੀਆਂ ਖ਼ਬਰਾਂ ਲੋਕਾਂ ਲਈ ਉਤਸ਼ਾਹ-ਜਨਕ, ਦਿਲ-ਖਿੱਚਵੀਆਂ, ਹੌਸਲਾ ਵਧਾਉਣ ਵਾਲੀਆਂ ਅਤੇ ਨਿੱਤ ਨਵੀਂ ਉਮੀਦ ਜਗਾਉਣ ਵਾਲੀਆਂ ਬਣੀਆਂ ਰਹੀਆਂ। 26 ਜਨਵਰੀ ਦੇ ਟਰੈਕਟਰ ਮਾਰਚ ਦੌਰਾਨ ਵਾਪਰੀਆਂ ਘਟਨਾਵਾਂ ਉਪਰੰਤ ਸਟੇਜਾਂ ਤੋਂ ਅਤੇ ਸੋਸ਼ਲ ਮੀਡੀਏ ਉੱਪਰ ਕੀਤੀ ਗਈ ‘ ਅਪਣਾ ਢਿੱਡ ਨੰਗਾ ‘ ਕਰਨ ਵਾਲੀ ਬਿਆਨਬਾਜ਼ੀ ਅੰਦੋਲਨ ਦੀ ਸਾਖ਼ ਵਾਸਤੇ ਸਭ ਤੋਂ ਵੱਧ ਮੰਦਭਾਗੀ ਸਾਬਤ ਹੋਈ ਜਿਸ ਸਦਕਾ ਸਰਕਾਰ ਦੇ ਦਮਨ-ਚੱਕਰ ਚਲਾਉਣ ਦੇ ਹੌਸਲੇ ਵਧੇ ਅਤੇ ਠਾਣਿਆਂ ਤੇ ਜੇਲ੍ਹਾਂ ਵਿੱਚ ਕਿਸਾਨਾਂ ਤੇ ਨੌਜਵਾਨਾਂ ਨੂੰ ਤਸ਼ੱਦਦ ਦਾ ਸ਼ਿਕਾਰ ਹੋਣਾ ਪਿਆ। ਇਹਨਾਂ ਦੀ ਹੋਈ ਦੁਰਗਤ ਪ੍ਰਤੀ ਅਪਣਾਏ ਕਿਸਾਨ ਆਗੁਆਂ ਦੇ ਬੇਰੁਖੀ ਵਾਲੇ ਰਵੱਈਏ ਤੋਂ ਪੈਦਾ ਹੋਏ ਤਣਾਅ ਕਾਰਨ ਜਥੇਬੰਦੀਆਂ ਅਤੇ ਲੋਕਾਂ ਵਿੱਚ ਆਪਸੀ ਖਿੱਚੋਤਾਣ ਅਤੇ ਪਾਟੋਧਾੜ ਦਾ ਸਿਲਸਿਲਾ ਆਰੰਭ ਹੋ ਗਿਆ। ਜਿਸ ਅੰਦੋਲਨ ਵਿੱਚ ਕਿਸਾਨਾਂ, ਆਮ ਲੋਕਾਂ ਸਮੇਤ ਲੱਗਭਗ ਸਾਰੇ ਵਰਗਾਂ ਦੀ ਸ਼ਮੂਲੀਅਤ ਆਪ-ਮੁਹਾਰੇ ਹੋ ਰਹੀ ਸੀ ਅੱਜ ਉਸੇ ਅੰਦੋਲਨ ਦੇ ਆਗੂ ਇਕੱਠ ਵਾਸਤੇ ਲੋਕਾਂ ਨੂੰ ਆਵਾਜਾਂ ਮਾਰਦੇ ਦੇਖੇ-ਸੁਣੇ ਜਾ ਰਹੇ ਹਨ। ਮੋਰਚਿਆਂ ਦੀਆਂ ਗਤੀ ਵਿਧੀਆਂ ਦਾ ਵਧੇਰੇ ਹਿੱਸਾ ਖੁਦ ਹੀ ਪੈਦਾ ਕੀਤੀ ਆਪਸੀ ਜੰਗ ਨਾਲ ਨਜਿੱਠਣ ਵੱਲ ਕੇਂਦਰਤ ਹੈ। ਕਿਸਾਨ ਅੰਦੋਲਨ ਅਤੇ ਕਿਸਾਨ ਹਿਤਾਂ ਨਾਲ ਸਬੰਧਤ ਤਾਜ਼ਾ ਪੈਦਾ ਹੋ ਰਹੇ ਮਸਲਿਆਂ ਬਾਰੇ ਕਿਸਾਨ ਆਗੂਆਂ ਦੀ ਧਾਰੀ ਚੁੱਪ ਦੇ ਨਾਲ ਨਾਲ ਸਰਕਾਰ ਦਾ ਖੇਤੀ ਸਬੰਧੀ ਲਾਗੂ ਕੀਤੇ ਜਾ ਰਹੇ ਮਾਰੂ ਨਿਯਮਾਂ ਦਾ ਜਾਰੀ ਰਹਿਣਾ ਆਗੂਆਂ ਦੀ ਕਾਰਗੁਜ਼ਾਰੀ ਸਾਰੇ ਬਹੁਤ ਸ਼ੱਕ ਅਤੇ ਸੁਆਲ ਪੈਦਾ ਕਰ ਰਿਹਾ ਹੈ।

ਇਸ ਵਰਤਾਰੇ ਦੇ ਕਾਰਨਾਂ ਅਤੇ ਕਾਰਕਾਂ ਨੂੰ ਖੋਜਣਾ, ਦੂਰ ਕਰਨਾ ਅਤੇ ਉਠਦੇ ਸੁਆਲਾਂ ਦੇ ਜੁਆਬ ਦੇਣਾ ਮੋਰਚਿਆਂ ਦੀ ਪਹਿਲੀ ਤਰਜੀਹ ਹੋਣਾ ਚਾਹੀਦਾ ਹੈ। ਮੋਰਚਿਆਂ ਦੇ ਵਜੂਦ ਨੂੰ ਲੈ ਕੇ ਹੋਣ ਵਾਲੀ ਜਿੰਮੇਵਾਰ ਬਿਆਨਬਾਜੀ ਅਤੇ ਸਹੀ ਸੂਚਨਾਂ ਦੀ ਕਮੀ ਹੁਣ ਲੋਕਾਂ ਨੂੰ ਹੁਣ ਖਟਕਣ ਲੱਗੀ ਹੈ। ਮੋਰਚਿਆਂ ਦੇ ਬੁਲਾਰਿਆਂ ਅਤੇ ਆਗੂਆਂ ਦੇ ਬਿਆਨਾਂ ਦੀਆਂ ਸੁਰਾਂ, ਰੰਗ ਅਤੇ ਨਿਸ਼ਾਨੇ ਹੁਣ ਬਦਲ ਗਏ ਹਨ। ਇਹ ਸਭ ਹੁਣ ਕੀਤੇ ਕੰਮਾਂ ਅਤੇ ਦਿੱਤੇ ਬਿਆਨਾਂ ਦੀਆਂ ਸਫ਼ਾਈਆਂ ਦੇਣ ਵਿੱਚ ਹੀ ਉਲ਼ਝ ਕੇ ਰਹਿ ਗਏ ਹਨ। ਮੋਰਚਿਆਂ ਦੇ ਬਿਆਨਾਂ ਦੇ ਤੀਰ ਅਤੇ ਕਾਰਜਾਂ ਦੇ ਖੇਤਰ ਹੁਣ ਸਰਕਾਰ ਵਲੋਂ ਹਟ ਕੇ ਆਪਣਿਆਂ ਨੂੰ ਫੁੰਡਣ ਅਤੇ ਹੇਠਾਂ ਸੁੱਟਣ ਵੱਲ ਹੋ ਗਏ ਹਨ। ਕਿਸਾਨ ਅੰਦੋਲਨ ਦੇ ਹੋ ਚੁੱਕੇ ਉੱਚੇ ਕੱਦ ਅਤੇ ਵਿਸ਼ਾਲ ਦਾਇਰੇ ਨੂੰ ਦੇਖਦਿਆਂ ਸੰਚਾਲਕਾਂ, ਬੁਲਾਰਿਆਂ ਅਤੇ ਆਗੂਆਂ ਨੂੰ ਲੋੜ ਤਾਂ ਆਪਣਾ ਵਿਚਾਰਕ ਪੱਧਰ, ਅਧਿਐਨ, ਮਿਹਨਤ, ਤਪੱਸਿਆ ਅਤੇ ਲੋਕ-ਸੰਪਰਕ ਵਧਾਉਣ ਦੀ ਸੀ, ਪਰ ਅੰਦੋਲਨ ਦੀ ਇਸ ਪ੍ਰਾਪਤੀ ਨੂੰ ਵਿਅਕਤੀਗਤ ਸਮਝ ਉਹ ਆਪਣਾ ਸਮਾਜਿਕ ਪੱਧਰ, ਜਥੇਬੰਦਕ ਦਾਇਰਾ, ਹੈਕੜ, ਉੱਚਤਾ ਦੀ ਭਾਵਨਾਂ ਅਤੇ ਲੋਕਾਂ ਤੋਂ ਦੂਰੀ ਵਧਾਉਣ ਦੇ ਰਸਤੇ ਤੁਰ ਪਏ। ਲੋਕਾਂ ਨੂੰ ਇੰਝ ਜਾਪਣ ਲੱਗ ਪਿਆ ਹੈ ਕਿ ਕਿਸਾਨ ਸੰਘਰਸ਼ ਦੇ ਸਿੰਗ ਹੁਣ ਸਰਕਾਰ ਨਾਲ ਨਹੀਂ ਬਲਕਿ ਅੰਦੋਲਨ ਵਿਚਲੇ ਮੁਕਾਬਲੇ ਦੇ ਆਗੂਆਂ ਦੇ ਆਪਸ ਵਿੱਚ ਫਸੇ ਹੋਏ ਹਨ। ਅੰਦੋਲਨ ਵਿੱਚ ਸ਼ਮੂਲੀਅਤ ਅਤੇ ਮਿਲਣ ਵਾਲੀ ਹਮਾਇਤ ਦਾ ਘੇਰਾ ਵੀ ਸੀਮਤ ਹੋਣ ਲੱਗਾ ਹੈ। ਅੰਦੋਲਨ ਦੇ ਪਿੜ ਦੀ ਮੁੱਖ ਰੌਣਕ ਅਤੇ ਤਾਕਤ ਬਣਨ ਵਾਲੇ ਲਗਾਤਾਰ ਆਉਣ-ਜਾਣ ਵਾਲੇ ਲੋਕਾਂ ਦੀ ਦਿਲਚਸਪੀ ਅਤੇ ਵਿਸ਼ਵਾਸ ਬਣਾਈ ਰੱਖਣ ਲਈ ਹੁਣ ਨਵੇਂ ਸਿਰੇ ਤੋਂ ਯਤਨ ਕਰਨੇ ਪੈਣਗੇ ਤਾਂ ਕਿ ਅੰਦੋਲਨ ਦੇ ਮੋਰਚਿਆਂ ਤੋਂ ਉਤਸ਼ਾਹ, ਹੌਸਲੇ ਅਤੇ ਚੜ੍ਹਦੀ ਕਲਾ ਵਾਲੀਆਂ ਖ਼ਬਰਾਂ ਅਤੇ ਸੂਚਨਾਵਾਂ ਆਉਂਦੀਆਂ ਰਹਿਣ ਅੰਦੋਲਨ ਦਾ ਪ੍ਰਭਾਵ ਕਾਇਮ ਰੱਖਣ ਲਈ, ਦਬਦਬਾ ਬਣਾਈ ਰੱਖਣ ਲਈ, ਸਰਕਾਰ ਖਿਲਾਫ਼ ਟਿਕੇ ਰਹਿਣ ਲਈ, ਭਰੋਸੇ ਉੱਪਰ ਖਰਾ ਉੱਤਰਨ ਲਈ ਅਤੇ ਜਿੱਤ ਵੱਲ ਵਧਣ ਲਈ ਇਹ ਹੁਣ ਜਰੂਰੀ ਵੀ ਹੋ ਗਿਆ ਹੈ।

(ਸੁਖਵੀਰ ਸਿੰਘ ਕੰਗ) +91 85678-72291

Install Punjabi Akhbar App

Install
×