ਕਿਸਾਨਾਂ ਨੇ ਕਿਉਂ ਕੀਤਾ ਹੈ ਸਰਕਾਰ ਪੱਖੀ ਮੀਡੀਆ ਦਾ ਬਾਈਕਾਟ?

ਸਹੀ ਤੇ ਸੰਤੁਲਿਤ ਕਵਰੇਜ ਲਈ ਮੁੱਦੇ ਮਸਲੇ ਦੇ ਸਾਰੇ ਪੱਖਾਂ ਪਹਿਲੂਆਂ ਦੀ ਗੱਲ ਕਰਨੀ ਜ਼ਰੂਰੀ ਹੈ। ਸਹੀ ਤੇ ਸੰਤੁਲਿਤ ਕਵਰੇਜ ਦਾ ਮਨੋਰਥ ਸ਼ੁੱਧਤਾ ਤੇ ਸੱਚ ਨੂੰ ਸਾਹਮਣੇ ਲਿਆਉਣਾ ਹੈ। ਝੂਠੀ ਤੇ ਉਲਾਰ ਕਵਰੇਜ ਦਾ ਮਕਸਦ ਰਿਪੋਰਟਰ ਅਤੇ ਐਂਕਰ ਦੀ ਇੱਛਾ ਅਨੁਸਾਰ ਨਤੀਜੇ ਕੱਢਣਾ ਤੇ ਲੋਕਾਂ ਦੀ ਰਾਏ ਨੂੰ ਪ੍ਰਭਾਵਤ ਕਰਨਾ ਹੁੰਦਾ ਹੈ।

ਕਿਹਾ ਜਾਂਦਾ ਹੈ ਕਿ ਪੱਤਰਕਾਰ ਤੇ ਐਂਕਰ ਸਟੋਰੀ ਦੇ ਸਾਰੇ ਪਹਿਲੂਆਂ ਨੂੰ ਸਮੇਟਦੇ ਹੋਏ ਕਦੇ ਵੀ ਸਹੀ ਤੇ ਸੰਤੁਲਿਤ ਕਵਰੇਜ ਕਰਨ ਵਿਚ ਕਾਮਯਾਬ ਨਹੀਂ ਹੁੰਦਾ। ਜੋ ਤਾਕਤਵਰ ਧਿਰ ਹੁੰਦੀ ਹੈ ਉਸਦਾ ਝੁਕਾ ਓਧਰ ਹੋ ਜਾਂਦਾ ਹੈ। ਚੋਣਾਂ ਦੌਰਾਨ ਛੋਟੀਆਂ ਸਿਆਸੀ ਪਾਰਟੀਆਂ ਨੂੰ ਕਦੇ ਵੀ ਬਰਾਬਰ ਦੀ ਅਤੇ ਬਣਦੀ ਕਵਰੇਜ ਨਹੀਂ ਮਿਲਦੀ।

ਵੱਡਾ ਸਵਾਲ ਹੈ ਕਿ ਕੋਈ ਪੱਤਰਕਾਰ ਸਟੋਰੀ ਕਰਦੇ ਵਕਤ ਮੁੱਦੇ ਮਸਲੇ ਸਬੰਧੀ ਕੀ ਵਿਖਾਉਂਦਾ ਹੈ, ਕੀ ਟਿੱਪਣੀ ਕਰਦਾ ਹੈ ਅਤੇ ਕਿਹੜੇ ਲੋਕਾਂ ਕੋਲੋਂ ਕੀ ਪ੍ਰਸ਼ਨ ਪੁੱਛਦਾ ਹੈ। ਸਟੋਰੀ ਦਾ ਸਹੀ ਤੇ ਸੰਤੁਲਿਤ ਹੋਣਾ ਇਨ੍ਹਾਂ ਗੱਲਾਂ, ਇਨ੍ਹਾਂ ਪ੍ਰਸ਼ਨਾਂ ‘ਤੇ ਨਿਰਭਰ ਕਰਦਾ ਹੈ।

ਦੋ ਗੱਲਾਂ ਕਰਕੇ ਕਿਸਾਨ ਸਰਕਾਰ ਪੱਖੀ ਮੀਡੀਆ ਦਾ ਬਾਈਕਾਟ ਕਰ ਰਹੇ ਹਨ। ਕਿਸਾਨ ਮੰਗਾਂ ਦੇ ਪ੍ਰਸੰਗ ਵਿਚ ਕਿਸਾਨ ਅੰਦੋਲਨ ਦੀ ਕਵਰੇਜ ਨਹੀਂ ਕੀਤੀ ਜਾ ਰਹੀ। ਜਦੋਂ ਕੀਤੀ ਜਾਂਦੀ ਹੈ ਤਾਂ ਅੰਦੋਲਨ ਨੂੰ ਗ਼ਲਤ ਸਿੱਧ ਕਰਨ ਅਤੇ ਬਦਨਾਮ ਕਰਨ ਦਾ ਹੀ ਉਪਰਾਲ ਕੀਤਾ ਜਾਂਦਾ ਹੈ। ਜਿਸਨੂੰ ਪੱਤਰਕਾਰੀ ਮਾਪਦੰਡਾਂ ਅਨੁਸਾਰ ਨਾ ਸਹੀ ਨਾ ਸੰਤੁਲਿਤ ਕਿਹਾ ਜਾ ਸਕਦਾ ਹੈ।

ਰੱਖਿਆ ਪਰੰਤੂ ਜਿਸ ਦਿਨ ਲਾਲ ਕਿਲ੍ਹੇ ਵਾਲੀ ਘਟਨਾ ਵਾਪਰੀ ਉਨ੍ਹਾਂ ਨੂੰ ਮਸਾਲਾ ਮਿਲ ਗਿਆ। ਉਸਨੂੰ ਖੂਬ ਵਿਖਾਇਆ, ਖੂਬ ਪ੍ਰਚਾਰ ਕੀਤਾ। ਦੂਸਰੇ ਪਾਸੇ ਸ਼ਾਂਤਮਈ ਟਰੈਕਟਰ ਪਰੇਡ ਵੀ ਹੋਈ ਜਿਸ ‘ਤੇ ਲੋਕਾਂ ਨੇ ਫੁੱਲਾਂ ਦੀ ਵਰਖ਼ਾ ਕੀਤੀ। ਉਸਦਾ ਇਕ ਵੀ ਦ੍ਰਿਸ਼ ਇਨ੍ਹਾਂ ਚੈਨਲਾਂ ਨੇ ਨਹੀਂ ਵਿਖਾਇਆ।

ਫਿਰ ਜਦ 27 ਅਤੇ 28 ਜਨਵਰੀ ਨੂੰ ‘ਲੋਕਾਂ’ ਦੀ ਟੋਲੀ ਵੱਲੋਂ ਨਾਅਰੇਬਾਜ਼ੀ, ਪੱਥਰਬਾਜ਼ੀ ਕਰਦਿਆਂ ਕਿਸਾਨਾਂ ਦਾ ਵਿਰੋਧ ਕੀਤਾ ਜਾ ਰਿਹਾ ਸੀ ਤਾਂ ਉਸਨੂੰ ਅਜਿਹੇ ਚੈਨਲਾਂ ਨੇ ਸਾਰਾ ਦਿਨ, ਚੌਵੀ ਘੰਟੇ ਵਿਖਾਇਆ। ਉਨ੍ਹਾਂ ਨੂੰ ਪ੍ਰਾਈਮ ਟਾਈਮ ਦਾ ਮੁੱਦਾ ਮਿਲ ਗਿਆ। ਦੋ ਮਹੀਨਿਆਂ ਤੋਂ ਚਲ ਰਿਹਾ ਕਿਸਾਨ ਅੰਦੋਲਨ ਜਿਨ੍ਹਾਂ ਲਈ ਮੁੱਦਾ ਹੀ ਨਹੀਂ ਹੈ। ਕਿਸਾਨ ਅੰਦੋਲਨ ਦਾ ਵਿਰੋਧ ਕਰ ਰਹੇ ਚੰਦ ਲੋਕ ਉਨ੍ਹਾਂ ਚੈਨਲਾਂ ਲਈ ਵੱਡਾ ਮੁੱਦਾ ਬਣ ਗਏ। ਉਨ੍ਹਾਂ ਦੀ ਪੱਤਰਕਾਰੀ ਵਿਚ ਇਮਾਨਦਾਰੀ ਨਹੀਂ ਹੈ। ਜ਼ਮੀਰ ਦੀ ਆਵਾਜ਼ ਨਹੀਂ ਹੈ। ਸਹੀ ਤੇ ਗ਼ਲਤ ਦਾ ਨਿਖੇੜਾ ਨਹੀਂ ਹੈ। ਸੱਚ ਤੇ ਝੂਠ ਦਾ ਨਿਤਾਰਾ ਨਹੀਂ ਹੈ। ਮੁੱਦੇ ਮਸਲੇ ਅਤੇ ਸਿਆਸੀ ਚੁਸਤੀਆਂ ਚਲਾਕੀਆਂ ਪ੍ਰਤੀ ਦਰੁਸਤ ਪਹੁੰਚ ਨਹੀਂ ਹੈ। ਮੀਡੀਆ ਨੇ ਲੋਕਾਂ ਦੀਆਂ ਜਾਇਜ਼ ਮੰਗਾਂ ਉਮੰਗਾਂ ਲਈ ਉਨ੍ਹਾਂ ਨਾਲ ਖੜੇ ਹੋਣਾ ਹੁੰਦਾ ਹੈ। ਉਸ ਸਬੰਧ ਵਿਚ ਸਰਕਾਰ ਨੂੰ ਸਵਾਲ ਕਰਨੇ ਹੁੰਦੇ ਹਨ। ਇਥੇ ਉਲਟ ਹੋ ਰਿਹਾ ਹੈ। ਸਰਕਾਰ ਨਾਲ ਖੜੇ ਹੋ ਕੇ ਅੰਦੋਲਨ ਕਰ ਰਹੇ ਕਿਸਾਨਾਂ ਨੂੰ ਪੁੱਠੇ ਸਿੱਧੇ ਸਵਾਲ ਕੀਤੇ ਜਾ ਰਹੇ ਹਨ। ਇਹੀ ਕਾਰਨ ਹਨ ਕਿ ਕਿਸਾਨਾਂ ਅੰਦਰ ਸਰਕਾਰ ਪੱਖੀ ਮੀਡੀਆ ਪ੍ਰਤੀ ਸਖ਼ਤ ਰੋਹ ਤੇ ਰੋਸ ਹੈ ਅਤੇ ਉਹ ਇਨ੍ਹਾਂ ਚੈਨਲਾਂ ਦਾ ਬਾਈਕਾਟ ਕਰ ਰਹੇ ਹਨ।

ਇਨ੍ਹਾਂ ਚੈਨਲਾਂ ਦੇ ਰਿਪੋਰਟਰ ਫੀਲਡ ਵਿਚੋਂ ਰਿਪੋਰਟਿੰਗ ਕਰਦੇ ਵਕਤ ਅਤੇ ਐਂਕਰ ਸਟੂਡੀਓ ਵਿਚੋਂ ਪ੍ਰੋਗਰਾਮ ਪੇਸ਼ ਕਰਦੇ  ਵਕਤ ਸਿਰੇ ਦਾ ਝੂਠ ਮਾਰਦੇ ਹਨ। ਗੱਲ ਕੋਈ ਹੋਰ ਹੁੰਦੀ ਹੈ, ਮੁੱਦਾ ਮਸਲਾ ਹੋਰ ਹੁੰਦਾ ਹੈ, ਸਟੋਰੀ ਹੋਰ ਹੁੰਦੀ ਹੈ ਉਸਨੂੰ ਆਪਣੀ ਸੋਚ ਅਤੇ ਨਜ਼ਰੀਏ ਦੇ ਰੰਗ ਵਿਚ ਰੰਗ ਕੇ ਕੁਝ ਹੋਰ ਹੀ ਬਣਾ ਦਿੰਦੇ ਹਨ। ਵੇਖਣ ਸੁਣਨ ਵਾਲੇ ਦਰਸ਼ਕ ਹੱਕੇ ਬੱਕੇ ਰਹਿ ਜਾਂਦੇ ਹਨ। ਇਸ ਸਬੰਧ ਵਿਚ ਸ਼ੋਸ਼ਲ ਮੀਡੀਆ ‘ਤੇ ਬਹੁਤ ਸਾਰੀ ਸਮੱਗਰੀ ਅਕਸਰ ਵੇਖੀ ਜਾ ਸਕਦੀ ਹੈ। ਜਿਸ ਤੋਂ ਪਤਾ ਚੱਲਦਾ ਹੈ ਕਿ ਬਹੁਤੇ ਕੌਮੀ ਚੈਨਲਾਂ ‘ਤੇ ਲੋਕਾਂ ਨੂੰ ਭਰੋਸਾ ਨਹੀਂ ਰਿਹਾ। ਸਹੀ ਜਾਣਕਾਰੀ ਲਈ ਬਹੁਤੇ ਲੋਕ ਬਦਲਵੇਂ ਮਾਧਿਅਮ ਵਰਤਣ ਲੱਗੇ ਹਨ।

ਇਸ ਸਥਿਤੀ ਦੇ ਬਾਵਜੂਦ ਕਿਸਾਨਾਂ ਨੂੰ ਕਿਸੇ ਵੀ ਚੈਨਲ ਦੇ ਪੱਤਰਕਾਰ ਜਾਂ ਐਂਕਰ ਨਾਲ ਬੁਰਾ ਵਿਵਹਾਰ ਨਹੀਂ ਕਰਨਾ ਚਾਹੀਦਾ। ਉਨ੍ਹਾਂ ਪ੍ਰਤੀ ਰੋਹ ਤੇ ਰੋਸ ਨੂੰ ਸ਼ਾਂਤਮਈ ਤੇ ਸਲੀਕੇ ਨਾਲ ਪ੍ਰਗਟਾਉਂਦਿਆਂ ਕਿਸਾਨਾਂ ਅਤੇ ਦੇਸ਼ ਵਾਸੀਆਂ ਨੂੰ ਚੇਤੰਨ ਕਰਨਾ ਚਾਹੀਦਾ ਹੈ।

ਦੇਰ ਸਵੇਰ ਸਰਕਾਰ ਪੱਖੀ ਮੀਡੀਆ ਨੂੰ ਖੁਦ ਅਹਿਸਾਸ ਹੋਵੇਗਾ ਕਿ ਸਹੀ ਤੇ ਸੰਤੁਲਿਤ ਕਵਰੇਜ ਕਰਦਿਆਂ ਲੋਕਾਂ ਦੇ ਮੁੱਦਿਆਂ ਮਸਲਿਆਂ ਨੂੰ ਉਭਾਰਨਾ ਜ਼ਰੂਰੀ ਹੈ। ਇਉਂ ਕਰਕੇ ਹੀ ਸਿਹਤਮੰਦ ਪੱਤਰਕਾਰੀ ਅਤੇ ਲੋਕਤੰਤਰ ਦੀ ਹੋਂਦ ਬਰਕਰਾਰ ਰਹਿ ਸਕਦੀ ਹੈ।

(ਪ੍ਰੋ. ਕੁਲਬੀਰ ਸਿੰਘ) +91 9417153513

prof_kulbir@yahoo.com

Install Punjabi Akhbar App

Install
×