ਪੁਲਿਸ ਤੇ ਪ੍ਰਸ਼ਾਸਨ ਦੀ ਹਾਜਰੀ ਵਿੱਚ ਕਿਸਾਨ ਮਾ ਪੁੱਤ ਦੀ ਖੁਦਕੁਸ਼ੀ ਸੂਬੇ ਦੇ ਭਰਿਸ਼ਟ ਸਿਸਟਮ ਦੇ ਮੂੰਹ ਤੇ ਕਰਾਰੀ ਚਪੇੜ

ਇਹ ਗੱਲ ਹੁਣ ਰੋਜ ਰੋਜ ਦੇ ਕਹਿਣ ਦੀ ਨਹੀ ਰਹੀ ਕਿ ਪੰਜਾਬ ਬਰਬਾਦੀ ਵੱਲ ਵਧ ਰਿਹਾ ਹੈ।ਆਏ ਦਿਨ ਕਿਸਾਨ ਖੁਦਕੁਸ਼ੀਆਂ ਦੀ ਦਰ ਵਿੱਚ ਵਾਧਾ ਖੇਤੀ ਪ੍ਰਧਾਨ ਸੂਬੇ ਦੀ ਬੁਰੀ ਤਰਾਂ ਲੜਖੜਾ ਚੁੱਕੀ ਅਰਥਿਕਤਾ ਦੀ ਕੂਕ ਕੂਕ ਕੇ ਦੁਹਾਈ ਪਾ ਰਿਹਾ ਹੈ।ਪਿਛਲੇ ਨੌਂ ਸਾਲਾਂ ਤੋਂ ਸੂਬੇ ਦੇ ਰਾਜ ਭਾਗ ਤੇ ਕਾਬਜ ਲੋਕਾਂ ਨੇ ਸੂਬੇ ਦੀ ਬਿਹਤਰੀ ਨਾਲੋਂ ਆਪਣੇ ਨਿੱਜੀ ਕਾਰੋਵਾਰ ਵਧਾਉਣ ਵਿੱਚ ਜਿਆਦਾ ਦਿਲਚਛਪੀ ਦਿਖਾਈ ਹੈ।ਹਰ ਖੇਤਰ ਵਿੱਚ ਨਿੱਜਵਾਦ ਦਾ ਬੋਲਬਾਲਾ ਰਿਹਾ ਹੈ। ਸੂਬੇ ਦੇ ਸਾਸਕਾਂ ਵੱਲੋਂ ਨੌਜਵਾਨਾਂ ਨੂੰ ਰੋਜਗਾਰ ਦੇ ਮੌਕੇ ਪ੍ਰਦਾਨ ਕਰਵਾਉਣ ਨਾਲੋਂ ਨਸ਼ਿਆਂ ਦੇ ਰਾਹ ਤੋਰਨ ਵੱਲ ਜਿਆਦਾ ਧਿਆਨ ਕੇਂਦਰਿਤ ਕੀਤਾ ਗਿਆ ਹੈ।ਪੰਜਾਬ ਦੀ ਜੁਆਨੀ ਨੂੰ ਨਸ਼ੇੜੀ ਬਨਾਉਣ ਨਾਲ ਜਿੱਥੇ ਸੂਬੇ ਦੇ ਹਾਕਮਾਂ ਨੇ ਆਪਣੇ ਨਜਦੀਕੀਆਂ ਨੂੰ ਨਿੱਜੀ ਤੌਰ ਤੇ ਅਣਕਿਆਸੀ ਕਮਾਈ ਨਾਲ ਮਾਲਾ ਮਾਲ ਕਰ ਦਿੱਤਾ ਉਥੇ ਪੰਜਾਬ ਦੁਸ਼ਮਣ ਕੇਂਦਰੀ ਏਜੰਸੀਆਂ ਅਤੇ ਉਹਨਾਂ ਦੇ ਮੁਖੀ ਸੰਗਠਨ ਆਰ ਐਸ ਐਸ ਦੀ ਸਾਬਾਸ਼ੀ ਵੀ ਲਈ ਹੈ ਤਾਂ ਕਿ ਕੁਰਸੀ ਦੀ ਸਲਾਮਤੀ ਯਕੀਨੀ ਬਣੀ ਰਹਿ ਸਕੇ।ਬਾਦਲ ਪਰਿਵਾਰ ਦੇ ਨਜਦੀਕੀ ਰਿਸਤੇਦਾਰ ਅਤੇ ਮੰਤਰੀ ਮੰਡਲ ਵਿੱਚ ਸਭ ਤੋਂ ਵੱਧ ਪਰਭਾਵ ਰੱਖਣ ਵਾਲੇ ਮੰਤਰੀ ਦੀ ਨਸ਼ਿਆਂ ਦੇ ਕਾਰੋਵਾਰ ਵਿੱਚ ਹਿੱਸੇਦਾਰੀ ਜੱਗ ਜਾਹਰ ਹੋ ਚੁੱਕੀ ਹੈ। ਹਸਦੇ ਵਸਦੇ ਪੰਜਾਬ ਨੂੰ ਨਸ਼ਿਆਂ ਦੇ ਗੰਦੇ ਛੱਪੜ ਵਿੱਚ ਗਲੇ ਤੱਕ ਡਬੋ ਦੇਣ ਵਾਲੇ ਇਹਨਾਂ ਚੌਧਰੀ ਲੋਕਾਂ ਨੇ ਪੰਜਾਬ ਪੁਲਿਸ ਦੇ ਅਫਸਰਾਂ ਨੂੰ ਇਸ ਖਤਰਨਾਕ ਖੇਡ ਵਿੱਚ ਬਰਾਬਰ ਦੇ ਭਾਗੀਦਾਰ ਹੀ ਨਹੀ ਰੱਖਿਆ ਬਲ ਕਿ ਉਹਨਾਂ ਨੂੰ ਇਸ ਕਾਰੋਵਾਰ ਵਿੱਚ ਮੁੱਖ ਕਰਿੰਦਿਆਂ ਦੇ ਤੌਰ ਤੇ ਸਾਮਲ ਕੀਤਾ ਹੋਇਆ ਹੈ। ਪੰਜਾਬ ਪੁਲਿਸ ਦੇ ਡਿਪਟੀ ਸੁਪਰਡੈਟ ਜਗਦੀਸ ਭੋਲੇ ਦੀ ਗਿਰਫਤਾਰੀ ਸਮੇ ਹੋਏ ਖੁਲਾਸਿਆਂ ਤੋਂ ਲੈ ਕੇ ਐਸ ਪੀ ਸਲਵਿੰਦਰ ਸਿੰਘ ਤੱਕ ਦਾ ਜੋ ਸੱਚ ਲੋਕਾਂ ਸਾਹਮਣੇ ਆਇਆ ਹੈ ਉਹਨੇ ਪੰਜਾਬ ਦੇ ਪੁਲਿਸ ਮਹਿਕਮੇ ਦੇ ਪਹਿਲਾਂ ਹੀ ਹੇਠਾਂ ਡਿੱਗੇ ਹੋਏ ਗਰਾਫ ਨੂੰ ਪੈਰਾਂ ਹੇਠ ਮਧੋਲ ਕੇ ਰੱਖ ਦਿੱਤਾ ਹੈ। ਨਸ਼ਾ ਤਸਕਰਾਂ ਦੇ ਪੰਜਾਬ ਪੁਲਿਸ ਨਾਲ ਸਬੰਧ ਉਪਰ ਤੋਂ ਲੈ ਕੇ ਹੇਠਾਂ ਤੱਕ ਖੁੱਲੇਆਮ ਬਣੇ ਹੋਏ ਹਨ।ਚਿੱਟੇ,ਸਮਾਇਕ ਤੋਂ ਲੈਕੇ ਨਜਾਇਜ ਸਰਾਬ,ਭੁੱਕੀ ਪੋਸਤ,ਗਾਂਜਾ, ਚਰਸ,ਨਸ਼ੇ ਵਾਲੀਆਂ ਗੋਲੀਆਂ,ਕੈਪਸੂਲ,ਸੀਸੀਆਂ ਗੱਲ ਕੀ ਹਰ ਇੱਕ ਨਸ਼ਾਂ ਪੰਜਾਬ ਸਰਕਾਰ ਦੀ ਸਤਰਸਾਇਆ ਹੇਠ ਪੁਲਿਸ ਦੀ ਮਿਲੀ ਭੁਗਤ ਨਾਲ ਹਰ ਸਹਿਰ ,ਕਸਬੇ,ਪਿੰਡ ਪਿੰਡ ਗਲੀ ਮੁਹੱਲੇ ਇਥੋਂ ਤੱਕ ਕਿ ਘਰ ਘਰ ਤੱਕ ਪਹੁੰਚਾਉਣ ਦੇ ਸਾਧਨ ਹਰ ਸਮੇ ਉਪਲਭਦ ਰਹਿੰਦੇ ਹਨ।ਨਸਿਆਂ ਦੀ ਇਸ ਚੰਦਰੀ ਬਿਮਾਰੀ ਨੇ ਜਿੱਥੇ ਆਰਖਿਕਤਾ ਨੂੰ ਭਾਰੀ ਢਾਹ ਲਾਈ ਹੈ ਉਥੇ ਵਸਦੇ ਰਸਦੇ ਘਰਾਂ ਦੇ ਦੀਵੇ ਗੁੱਲ ਕਰਨ ਵਿੱਚ ਵੀ ਮੁੱਖ ਭੂਮਿਕਾ ਨਿਭਾਈ ਹੈ।ਪੰਜਾਬ ਦੇ ਕਿਸਾਨ ਨੂੰ ਜਿੱਥੇ ਮਹਿੰਗੇ ਤੇ ਨਕਲੀ ਬੀਜਾਂ, ਕੀੜੇਮਾਰ ਦਵਾਈਆਂ ਅਤੇ ਰੇਹਾਂ ਸਪਰੇਹਾਂ ਨੇ ਕੰਗਾਲ ਕਰ ਦਿੱਤਾ ਹੈ ਉਥੇ ਉਹਨਾਂ ਦੇ ਘਰਾਂ ਵਿੱਚ ਦਾਖਲ ਹੋ ਚੁੱਕੇ ਨਸ਼ਿਆਂ ਨੇ ਉਹਨਾਂ ਦੀ ਨੌਜਵਾਨੀ ਨੂੰ ਬੁਰੀ ਤਰਾਂ ਆਪਣੀ ਪਕੜ ਵਿੱਚ ਲੈ ਕੇ ਵਿਰਸੇ ਤੋਂ ਅਲੱਗ ਕਰ ਦਿੱਤਾ ਹੈ। ਇਹ ਸਾਰਾ ਕੁੱਝ ਚਾਣਚੱਕ ਵਾਪਰਨ ਵਾਲੀ ਘਟਨਾ ਨਹੀ ਇਹ ਬਹੁਤ ਹੀ ਸੋਚੀ ਸਮਝੀ ਸਾਜਿਸ਼ ਤਹਿਤ ਬੜੇ ਲੰਮੇ ਸਮੇ ਦੀ ਘੜੀ ਮਿਥੀ ਸਕੀਮ ਅਨੁਸਾਰ ਹੀ ਹੋ ਰਿਹਾ ਹੈ। ਇਸ ਸਾਰੇ ਵਰਤਾਰੇ ਦਾ ਕੇਂਦਰ ਬਿੰਦੂ ਪੰਜਾਬ ਦਾ ਕਿਸਾਨ ਹੀ ਬਣਾਇਆ ਗਿਆ ਹੈ। ਕਿਉ ਕਿ ਪੰਜਾਬ ਦੀ ਮਿਹਨਤਕਸ਼ ਜਮਾਤ ਕਿਸਾਨ ਤੇ ਮਜਦੂਰ ਦੀ ਆਪਸੀ ਸਾਂਝੇਦਾਰੀ ਨੇ ਜਿੱਥੇ ਪੂਰੇ ਮੁਲਕ ਵਿੱਚ ਆਪਣੀ ਸਖਤ ਮਿਹਨਤ ਦਾ ਲੋਹਾ ਮਨਵਾਇਆ ਹੋਇਆ ਹੈ ਉਥੇ ਇਹਨਾਂ ਦੀ ਅਣਖ ਰੜਕ ਅਤੇ ਗੈਰਤ ਦੇਸ ਦੇ ਤੰਗਦਿਲ ਹੁਕਮਰਾਨਾਂ ਅਤੇ ਉਹਨਾਂ ਦੇ ਮਾਲਕਾਂ ਨੂੰ ਗਵਾਰਾ ਨਹੀ ਖਾ ਸਕੀ ਜਿਸ ਕਰਕੇ ਉਹਨਾਂ ਨੇ ਸ਼ਭ ਤੋਂ ਪਹਿਲਾਂ ਪੰਜਾਬ ਦੇ ਕਿਸਾਨ ਦਾ ਲੱਕ ਭੱਨਣ ਦੀ ਬਿਉਂਤ ਬਣਾਈ ਤਾਂ ਕਿ ਪੰਜਾਬ ਦੀ ਆਰਥਿਕਤਾ ਕਮਜੋਰ ਕੀਤੀ ਜਾ ਸਕੇ। ਮੌਜੂਦਾ ਸਮੇ ਦੌਰਾਨ ਜੋ ਹਾਲਾਤ ਪੰਜਾਬ ਦੇ ਬਣੇ ਹੋਏ ਹਨ ਉਹ ਸਾਰੇ ਕੇਂਦਰੀ ਤਾਕਤਾਂ ਦੀ ਸ਼ਹਿ ਤੇ ਪੰਜਾਬ ਨੂੰ ਖਤਮ ਕਰਨ ਦੀ ਗਹਿਰੀ  ਸਾਜਿਸ਼ ਹੈ ਜਿਸ ਦੇ ਪਿੱਛੇ ਉਹ ਹੀ ਤਾਕਤਾਂ ਕੰਮ ਕਰਦੀਆਂ ਹਨ ਜਿਹੜੀਆਂ ਪੰਜਾਬ ਚੋਂ ਸਿੱਖੀ ਦਾ ਖੁਰਾਖੋਜ ਮਿਟਾਉਣ ਲਈ ਯਤਨਸ਼ੀਲ ਹਨ।ਪੰਜਾਬ ਦੇ ਕਿਸਾਨ ਦੀ ਅਧੋਗਤੀ ਦਾ ਮੁੱਖ ਕਾਰਨ ਉਹ ਦਾ ਇੱਕ ਖਾਸ ਫਿਰਕੇ ਭਾਵ ਸਿੱਖ ਧਰਮ ਨਾਲ ਸਬੰਧਤ ਹੋਣਾ ਹੈ ਜਿਸ ਲਈ ਕੇਂਦਰੀ ਤਾਕਤਾਂ ਨੂੰ ਤਰਾਂ ਤਰਾਂ ਦੇ ਬਾਨਣੂ ਬੰਨਣੇ ਪੈ ਰਹੇ ਹਨ। ਕਦੇ ਜੂਨ ਚੁਰਾਸੀ ਦਾ ਫੌਜੀ ਹਮਲਾ, ਕਦੇ ਝੂਠੇ ਪੁਲਿਸ ਮੁਕਾਬਲਿਆਂ ਦਾ ਦੌਰ, ਕਦੇ ਭਰਾ ਹੱਥੋਂ ਭਰਾ ਮਰਵਾਉਣ ਦਾ ਦੌਰ, ਕਦੇ ਨਸ਼ਿਆਂ ਦਾ ਦੌਰ ਅਤੇ ਕਦੇ ਪੰਜਾਬ ਦੀ ਕਿਸਾਨੀ ਦਾ ਲੱਕ ਭੰਨ ਕੇ ਖੁਦਕੁਸ਼ੀਆਂ ਦੇ ਰਾਹ ਤੋਰਨ ਦਾ ਮੌਜੂਦਾ ਦੌਰ ਇਹ ਪੰਜਾਬ ਦੁਸ਼ਮਣ ਕੇਂਦਰੀ ਤਾਕਤਾਂ ਦੀਆਂ ਪਹਿਲਾਂ ਹੀ ਤਿਆਰ ਕੀਤੀਆਂ ਸਾਜਿਸਾਂ ਦਾ ਹੀ ਹਿੱਸਾ ਸਮਝਣਾ ਚਾਹੀਂਦਾ ਹੈ।ਕਦੇ ਨਰਮੇ ਦੇ ਮਾੜੇ ਬੀਜਾਂ ਦੇ ਪੱਟੇ ਕਿਸਾਨ ਖੁਦਕੁਸ਼ੀਆਂ ਦੇ ਰਾਹ ਪੈ ਰਹੇ ਹਨ ਕਿਤੇ ਕਰਜੇ ਦੇ ਝੰਬੇ ਫਾਹੇ ਲੱਗ ਕੇ ਮਰਨ ਨੂੰ ਤਰਜੀਹ ਦੇ ਰਹੇ ਹਨ,ਕਿਧਰੇ ਨਸ਼ਿਆਂ ਦੀ ਲਤ ਪੂਰੀ ਨਾ ਹੋ ਸਕਣ ਕਾਰਨ  ਮੌਤ ਨੂੰ ਗਲੇ ਲਾ ਰਹੇ ਹਨ, ਇਹ ਸਭ ਦੀ ਤਾਰ ਇੱਕੋ ਥਾਂ ਤੇ ਜਾ ਕੇ ਜੁੜਦੀ ਹੈ।ਪਿਛਲੇ ਦਿਨੀ ਬਰਨਾਲਾ ਦੇ ਪਿੰਡ ਜੋਧਪੁਰ ਵਿਖੇ ਵਾਪਰੀ ਘਟਨਾਂ ਦੀ ਗਹਿਰਾਈ ਤੱਕ ਜਾਣ ਤੋਂ ਵਾਅਦ ਇਹ ਸੌਖਿਆਂ ਹੀ ਸਮਝ ਪੈ ਜਾਂਦੀ ਹੈ ਕਿ ਕਿਵੇ ਪੰਜਾਬ ਦੇ ਕਿਸਾਨ ਨੂੰ ਨਪੀੜਨ ਲਈ ਸਾਡੀਆਂ ਮਾਨਯੋਗ ਅਦਾਲਤਾਂ ਵੀ ਉਪਰਲੇ ਹੁਕਮਾਂ ਮੁਤਾਬਿਕ ਅੱਖਾਂ ਤੇ ਪੱਟੀ ਬੰਨ ਕੇ ਫੈਸਲੇ ਸਣਾਉਂਦੀਆਂ ਹਨ। ਆੜਤੀਆ ਕਿਸਾਨ ਦੇ ਕਰਜੇ ਦੀ ਪੰਡ ਨੂੰ ਕਿਵੇਂ ਭਾਰੀ ਕਰਦਾ ਹੈ ਇਹ ਕਿਸੇ ਤੋਂ ਲੁਕੀ ਛਿਪੀ ਗੱਲ ਨਹੀ ਮੈ ਖੁਦ ਇੱਕ ਕਿਸਾਨ ਹਾਂ ਮੈਂ ਇਹ ਦਰਦ ਆਪਣੇ ਪਿੰਡੇ ਤੇ ਹੰਢਾਇਆ ਵੀ ਹੈ ਮੈ ਆੜਤੀਆਂ ਦੁਆਰਾ ਕੀਤੀ ਜਾਂਦੀ ਲੁੱਟ ਨੂੰ ਉਦੋਂ ਹੋਰ ਵੀ ਬਰੀਕੀ ਨਾਲ ਜਾਣਿਆ ਦੇਖਿਆ ਜਦੋਂ ਮੇਰੇ ਪਿੰਡ ਦਾ ਇੱਕ ਡੇਢ ਸੌ ਵਿੱਘੇ ਜਮੀਨ ਦੇ ਮਾਲਕ ਕਿਸਾਨ ਨੇ ਮੈਨੂੰ ਆੜਤੀਏ ਦੁਆਰਾ ਬਿਆਜ ਤੇ ਬਿਆਜ ਲਾ ਕੇ ਤੇ ਕੁੱਝ ਖਾਲੀ ਪਰੋਨੋਟਾਂ ਤੇ ਦਸਤਖਤ ਕਰਵਾ ਕੇ ਉਹਦੇ ਕੋਲੋਂ 55 ਵਿੱਘੇ ਜਮੀਨ ਦੀ ਰਜਿਸਟਰੀ 22 ਲੱਖ ਰੁਪਏ ਵਿੱਚ ਕਰਵਾ ਲਈ ਜਦੋਂ ਕਿ ਕਿਸਾਨ ਨੂੰ ਸਿਰਫ ਦਸ ਲੱਖ ਰੁਪਏ ਹੀ ਨਗਦ ਦਿੱਤੇ ਗਏ ਤੇ ਉਹਦੇ ਵਿੱਚੋਂ ਵੀ ਸਾਢੇ ਸੱਤ ਲੱਖ  ਵਿਆਜੂ ਕਰਕੇ ਪਰਨੋਟ ਤੇ ਵੱਖਰੇ ਤੌਰ ਤੇ ਦਸਤਖਤ ਕਰਵਾ ਲਏ ਗਏ ਸਨ।ਬੇਸ਼ੱਕ ਮੈ ਉਸ ਆੜਤੀਏ ਤੋਂ ਉਹਦੇ ਨਜਾਇਜ ਭਰੇ ਪਰੋਨੋਟ ਪੜਵਾ ਕੇ ਅਾੜਤੀਏ ਤੋਂ ਇਹ ਲਿਖ ਕੇ ਦਿਵਾ ਵੀ ਦਿੱਤਾ ਸੀ ਕਿ ਮੇਰਾ ਉਕਤ ਕਿਸਾਨ ਨਾਲ ਗਹਿਣੇ ਵਾਲੀ ਜਮੀਨ ਤੋਂ ਬਿਨਾ ਕੋਈ ਹਿਸਾਬ ਕਿਤਾਬ ਨਹੀ ਹੈ ਫਿਰ ਵੀ ਉਹ ਕਿਸਾਨ ਕੁੱਝ ਦਿਨਾਂ ਵਾਦ ਇਹ ਗਮ ਨਾ ਸਹਾਰਦਾ ਹੋਿਆ ਪਾਗਲ ਹੋ ਗਿਆ ਤੇ ਬਹੁਤ ਹੀ ਥੋੜੇ ਦਿਨਾਂ ਵਿੱਚ ਰੱਬ ਨੂੰ ਪਿਆਰਾ ਵੀ ਹੋ ਗਿਆ। ਸੋ ਮੇਰਾ ਇੱਥੇ ਇਹ ਲਿਖਣ ਦਾ ਮਕਸਦ ਸਿਰਫ ਐਨਾ ਹੀ ਹੈ ਕਿ ਫਿਰ ਵੀ ਸਾਡਾ ਸਿਸਟਮ, ਸਾਡਾ ਸਰਕਾਰੀ ਤੰਤਰ ਸਰਮਾਏਦਾਰ ਲੁਟੇਰੀ ਜਮਾਤ ਦੀ ਪਿੱਠ ਪੂਰਦਾ ਹੈ। ਥੋੜੇ ਜਿਹੇ ਪੈਸਿਆਂ ਬਦਲੇ ਕਿਸਾਨ ਦੀ ੧੪ ਕਨਾਲਾਂ ਜਮੀਨ ਦੀ ਕੁਰਕੀ ਦੇ ਅਦੇਸ਼ ਪੰਜਾਬ ਹਰਿਆਣਾ ਹਾਈਕੋਰਟ ਵੱਲੋਂ ਦੇਣੇ, ਫਿਰ ਉਹਨਾਂ ਤੇ ਅਮਲ ਕਰਵਾਉਣ ਨੂੰ ਪੂਰੇ ਪ੍ਰਸਾਸਨ ਦਾ ਪੱਬਾਂ ਭਾਰ ਹੋਣਾ ਉਸ ਤੋਂ ਵੀ ਅੱਗੇ ਜਾ ਕੇ ਕਿਸਾਨ ਦੀ ਹਮਾਇਤ ਤੇ ਆਈਆਂ ਕਿਸਾਨ ਮਜਦੂਰ ਜਥੇਵੰਦੀਆਂ ਨੂੰ ਖਦੇੜਨ ਲਈ ਜਿਲੇ ਦੀ ਸਾਰੀ ਪੁਲਿਸ ਨੇ ਐਸ ਪੀ ਡੀ ਦੀ ਅਗਵਾਈ ਵਿੱਚ ਕਿਸਾਨਾਂ ਦੀਆਂ ਗਿਰਫਤਾਰੀਆਂ ਕਰਨੀਆ ਅਤੇ ਫਿਰ ਜਿਹੜਾ ਉਸ ਤੋਂ ਵਾਅਦ ਦਿਲ ਨੂੰ ਦਹਿਲਾ ਦੇਣ ਵਾਲਾ ਭਾਣਾ ਉਸ ਸਮੇ ਵਾਪਰਿਆ ਉਹ ਸੱਚਮੁੱਚ ਇਸ ਸਿਸਟਮ ਦੇ ਮੂੰਹ ਤੇ ਵੱਜੀ ਕਰਾਰੀ ਚਪੇੜ ਹੈ ਜਿਸ ਨੇ ਹਰ ਸੂਝਵਾਨ ਪੰਜਾਬੀ ਨੂੰ ਇਹ ਸੋਚਣ ਲਈ ਮਜਬੂਰ ਕਰ ਦਿੱਤਾ ਹੈ ਕਿ ਆਖਰ ਇਸ ਵਰਤਾਰੇ ਦਾ ਅਸਲ ਮਕਸਦ ਕੀ ਹੈ।ਪੰਜਾਬ ਪੁਲਿਸ ਦੇ ਇੱਕ ਜੁੰਮੇਵਾਰ ਅਫਸਰ ਐਸ ਪੀ ਡੀ ਅਤੇ ਡਿਉਟੀ ਮੈਜਿਸਟਰੇਟ ਦੀ ਹਾਜਰੀ ਵਿੱਚ ਪੱਤਰਕਾਰਾਂ ਅਤੇ ਇਲਾਕੇ ਦੇ ਲੋਕਾਂ ਸਾਹਮਣੇ ਦੋ ਬੇਬਸ ਮਾ ਪੁੱਤਾਂ ਨੇ ਜਹਿਰ ਪੀ ਕੇ ਆਪਣੀ ਜੀਵਨ ਲੀਲਾ ਇਸ ਲਈ ਸਮਾਪਤ ਕਰ ਲਈ ਕਿ ਜਦੋਂ ਵਾੜ ਹੀ ਖੇਤ ਨੂੰ ਖਾਣ ਆ ਪਈ ਹੁਣ ਸਾਡੀ ਜਮੀਨ ਕਿਵੇਂ ਬਚ ਸਕਦੀ ਹੈ। ਜਦੋਂ ਪੁੱਤ ਮਾਂ ਨੂੰ ਜਹਿਰ ਪੀ ਕੇ ਮਰਦੀ ਦੇਖਦਾ ਹੈ ਤਾਂ ਉਹਨੂੰ ਆਪਣਾ ਸਾਰਾ ਜਹਾਨ ਉਜੜ ਗਿਆ ਜਾਪਦਾ ਹੈ ਉਹ ਵੀ ਗੁੱਸ਼ੇ ਵਿੱਚ ਆ ਕੇ ਜਹਿਰ ਦੀ ਬੋਤਲ ਚੁੱਕ ਕੇ ਕੋਠੇ ਤੇ ਚੜਦਾ ਹੈ ਤੇ ਫਿਰ ਕਬਜਾ ਕਰਵਾਉਣ ਆਏ ਸਾਰੇ ਸਰਕਾਰੀ ਤੰਤਰ ਨੂੰ ਕੂਕ ਕੂਕ ਕੇ ਦਸਦਾ ਹੈ ਕਿ ਹੁੱਣ ਤੁਸੀ ਜਮੀਨ ਸਾਂਭੋਂ ਮੈ ਵੀ ਮਰਨ ਲੱਗਿਆ ਹਾਂ ਇੱਥੇ ਸਭ ਤੋਂ ਵੱਡੇ ਦੁੱਖ ਦੀ ਗੱਲ ਇਹ ਹੈ ਕਿ ਉਥੇ ਮੌਕੇ ਤੇ ਹਾਜਰ ਕਿਸੇ ਵੀ ਪੁਲਿਸ ਅਫਸਰ ਜਾਂ ਪ੍ਰਸਾਸਨਿਕ ਅਧਿਕਾਰੀ ਨੇ ਇਨਸਾਨੀਅਤ ਦਾ ਪੱਲਾ ਨਹੀ ਫੜਿਆ ਬਲਕਿ ਬਹੁਤ ਹੀ ਕਰੂਰਤਾ ਦਾ ਵਿਖਾਵਾ ਕਰਦਿਆਂ ਉਹ ਕਿਸਾਨ ਨੂੰ ਮਰਨ ਦਾ ਸਮਾ ਦਿੱਤਾ ਗਿਆ। ਕਿਸੇ ਨੇ ਉਹ ਨੂੰ ਬਚਾਉਣ ਲਈ ਇਹ ਨਹੀ ਕਿਹਾ ਕਿ ਨਾ ਉਏ ਭਰਾਵਾ ਇਹ ਜਮੀਨਾਂ ਤਾਂ ਇਥੇ ਹੀ ਰਹਿ ਜਾਣੀਆਂ ਨੇ ਤੇਰਾ ਬੈਠ ਕੇ ਫੈਸਲਾ ਕਰਵਾ ਦੇਵਾਂਗੇ  ਤੂੰ ਇਹ ਕਦਮ ਨਾ ਚੁੱਕ।ਕੋਰਟ ਕਚਹਿਰੀਆਂ ਦੇ ਫੈਸਲੇ ਇਨਸਾਨੀਅਤ ਤੋਂ ਉਪਰ ਨਹੀ ਹੋ ਸਕਦੇ ਇਸ ਲਈ ਜੇਕਰ ਬਰਨਾਲਾ ਪੁਲਿਸ ਨੇ ਇਨਸਾਨੀਅਤ ਵਾਲਾ ਫੈਸਲਾ ਲੈ ਕੇ ਘੱਟੋ ਘੱਟ ਉਹ ਕਿਸਾਨ ਨੂੰ ਹੀ ਬਚਾ ਲਿਆ ਹੁੰਦਾ ਤਾਂ ਵੀ ਅੱਜ ਪੂਰੀ ਦੁਨੀਆ ਵਿੱਚ ਬਰਨਾਲਾ ਪੁਲਿਸ ਦੇ ਮਨੁਖਤਾ ਪੱਖੀ ਫੈਸਲੇ ਦੀ ਸਰਾਹਣਾ ਹੋਣੀ ਸੀ ਤੇ ਅਦਾਲਤਾਂ ਨੂੰ ਵੀ ਆਪੇ ਝੁਕਣਾ ਪੈਣਾ ਸੀ ਪਰ ਅਫਸੋਸ! ਕਿ ਅਜਿਹਾ ਨਹੀ ਹੋਇਆ। ਜਿਵੇਂ ਉਪਰ ਲਿਖਿਆ ਜਾ ਚੁੱਕਾ ਹੈ ਕਿ ਇਹ ਸਾਰੇ ਵਰਤਾਰੇ ਪਿੱਛੇ ਜੋ ਤਾਕਤਾਂ ਕੰਮ ਕਰਦੀਆਂ ਹਨ ਉਹਨਾਂ ਦੇ ਹੁਕਮਾਂ ਨੂੰ ਟਾਲਣ ਦੀ ਹਿੰਮਤ ਇਹਨਾਂ ਪਦਾਰਥਵਾਦ ਦੀ ਦੌੜ ਦੇ ਅੰਨ੍ਹੇ ਕੀਤੇ ਪੁਲਿਸ ਜਾਂ ਪ੍ਰਸਾਸਨਿਕ ਅਫਸਰਾਂ ਵਿੱਚ ਕਿਵੇਂ ਹੋ ਸਕਦੀ ਹੈ।।ਸੋ ਅਖੀਰ ਵਿੱਚ ਇਹ ਕਹਿਣਾ ਵੀ ਗਲਤ ਨਹੀ ਹੋਵੇਗਾ ਕਿ ਕਿਤੇ ਨਾ ਕਿਤੇ ਇਹਨਾਂ ਮੰਦਭਾਗੀਆਂ ਘਟਨਾਵਾਂ ਦੇ ਵਾਪਰਨ ਪਿੱਛੇ ਜਿੱਥੇ ਚੌਧਰ ਅਤੇ ਪਦਾਰਥ ਦੇ ਭੁੱਖੇ ਆਗੂ ਵੀ ਕਾਫੀ ਹੱਦ ਤੱਕ ਜੁੰਮੇਵਾਰ ਹਨ ਉਥੇ ਸੂਬੇ ਦੇ ਹਾਕਮਾਂ ਵੱਲੋਂ ਬੇਗਾਨੇ ਹੱਥਾਂ ਦੇ ਖਿਡਾਉਣੇ ਬਣਕੇ ਸਿੱਖੀ ਸਿਧਾਤਾਂ ਦੇ ਕੀਤੇ ਗਏ ਘਾਣ ਕਾਰਨ ਵੀ ਅਜਿਹੀਆਂ ਘਟਨਾਵਾਂ ਵਿੱਚ ਵਾਧਾ ਹੋਇਆ ਹੈ ਕਿਉਂ ਕਿ ਸ੍ਰੀ ਗੁਰੂ ਗਰੰਥ ਸਹਿਬ ਜੀ ਦੇ ਸਿਧਾਤਾਂ ਤੋਂ ਸਿੱਖਾਂ ਨੂੰ ਦੂਰ ਕਰਨ ਲਈ ਸੂਬਾ ਸਰਕਾਰ ਨੇ ਸਾਡੇ ਗੁਰਦੁਆਰਾ ਪ੍ਰਬੰਧ ਨੂੰ ਬੁਰੀ ਤਰਾ ਨਿਘਾਰ ਵੱਲ ਧੱਕ ਦਿੱਤਾ ਹੈ ਜਿਸ ਕਰਕੇ ਸਿੱਖ ਗੁਰੂ ਦੀ ਸਿੱਖਿਆ ਤੋਂ ਦੂਰ ਹੋ ਕੇ ਮਨੋਵਲ ਹਾਰ ਚੁੱਕਾ ਹੈ। ਇਹੋ ਕਾਰਨ ਹੈ ਕਿ ਪੰਜਾਬ ਅੱਜ ਖੁਦਕੁਸ਼ੀਆਂ ਵਾਲਾ ਪੰਜਾਬ ਬਣਕੇ ਰਹਿ ਗਿਆ ਹੈ।ਜਿਸ ਨੂੰ ਇਸ ਰਾਹ ਤੋਂ ਮੋੜਨ ਲਈ ਲਈ ਸਾਡੇ ਸਿੱਖੀ ਸਿਧਾਤਾਂ ਨੂੰ ਬਚਾਉਣਾ ਵੀ ਬੇਹੱਦ ਜਰੂਰੀ ਹੈ ਤਾਂ ਕਿ ਖੁਦਕੁਸ਼ੀ  ਕਰਨ ਨਾਲੋਂ ਕਿਸਾਨ ਦੁਸ਼ਮਣ ਦੀ ਹਿੱਕ ਵਿੱਚ ਵੱਜਣ ਵਾਲਾ ਰਾਹ ਅਖਤਿਆਰ ਕਰਨ ਵਾਲੇ ਪਾਸੇ ਨੂੰ ਤੁਰਨ ਫਿਰ ਹੀ ਪੰਜਾਬ ਦੀ ਅਣਖ ਗੈਰਤ ਬਹਾਲ ਹੋ ਸਕੇਗੀ ਤੇ ਫਿਰ ਆਰਥਿਕਤਾ ਵੀ ਮਿਹਨਤ ਅੱਗੇ ਸਿਜਦਾ ਕਰੇਗੀ।

Welcome to Punjabi Akhbar

Install Punjabi Akhbar
×