ਕਿਉਂ ਆਖਿਆ ਜਾਂਦੈਂ ਅੰਨ ਦਾਤਾ ਕਿਸਾਨ ਨੂੰ…….

Farmer001

ਭਾਵੇਂ ਸਮਾਜ ਦਾ ਅਮੀਰ ਵਰਗ ਹਰ ਪਾਸੇ ਹੀ ਆਪਣੇ ਆਪ ਦੀ ਪਰਸੰਸਾਂ ਕਰਵਾਉਂਦਾਂ ਹੈ ਪਰ ਸਮਾਜ ਅਤੇ ਕੁਦਰਤ ਦੇ ਅਸੂਲ ਕਦੇ ਵੀ ਮਾਇਆ ਧਾਰੀ ਲੋਕਾਂ ਦੀ ਉਸਤੱਤ ਨਹੀਂ ਬੋਲਦੇ । ਮਨੁੱਖ ਮੰਗਤਾਂ ਹੈ ਜਾਂ ਬਾਦਸਾਹੀ ਫਿਤਰਤ ਵਾਲਾ ਦਾ ਫੈਸਲਾ ਠੂਠਿਆਂ ਜਾਂ ਕੁਰਸੀਆਂ ਨਹੀਂ ਕਰਦੀਆਂ ਬੰਦੇ ਦੀ ਫਿਤਰਤ ਕਰਦੀ ਹੈ । ਜਿਸ ਮਨੁੱਖ ਵਿੱਚ ਲੋੜਵੰਦ ਦੀ ਮਦਦ ਕਰਨ ਦੀ ਤਾਕਤ ਹੁੰਦੀ ਹੈ ਹਮੇਸਾਂ ਬਾਦਸਾਹੀ ਬਿਰਤੀਆਂ ਦਾ ਮਾਲਕ ਹੁੰਦਾ ਹੈ ਰਾਜਗੱਦੀਆਂ ਤੇ ਬੈਠਕੇ ਵੀ ਦੁਨਿਆਂਵੀ ਲੋੜਾਂ ਪ੍ਰਤੀ ਮੰਗਤਾ ਬਣ ਕੇ ਰਹਿਣ ਵਾਲਾ ਰਾਜਸੱਤਾ ਦਾ ਮਾਲਕ ਬਾਦਸਾਹ ਵੀ ਮੰਗਤਾ ਹੀ ਅਖਵਾਉਂਦਾਂ ਹੈ। ਸੋ ਜਦ ਕੋਈ ਛੋਟੀ ਸੋਚ ਦਾ ਮਾਲਕ ਜਦ ਕਿਸੇ ਦੇਸ ਦਾ ਜਾਂ ਸੂਬੇ ਦਾ ਮੁੱਖ ਬਣ ਜਾਂਦਾ ਹੈ ਤਦ ਉਸਦਾ ਪਹਿਲਾ ਕਰਮ ਸੂਬੇ ਜਾਂ ਦੇਸ ਦੇ ਹਿੱਤ ਸੁਰੂ ਹੁੰਦਾਂ ਹੈ ਪਰ ਜੇ ਉਹ ਵਿਅਕਤੀ ਇਸ ਤਰਾਂ ਦੇ ਵੱਡੇ ਅਹੁਦਿਆਂ ਤੇ ਬੈਠਕੇ ਵੀ ਦੇਸ਼ ਜਾਂ ਸੂਬੇ ਦੇ ਲੋਕਾਂ ਦੇ ਹਿੱਤ ਸੋਚਣ ਦੀ ਥਾਂ ਆਪਣੇ ਧੀਆਂ ਪੁੱਤਰਾਂ ਜਾਂ ਪਰੀਵਾਰ ਨੂੰ ਹੀ ਪਹਿਲ ਦਿੰਦਾਂ ਰਹੇ ਤਦ ਉਹ ਵਿਅਕਤੀ ਰਾਜ ਗੱਦੀ ਤੇ ਬੈਠਣ ਦੇ ਯੋਗ ਨਹੀਂ ਮੰਨਿਆਂ ਜਾ ਸਕਦਾ । ਇਸ ਤਰਾਂ ਦੇ ਛੋਟੀ ਸੋਚਣੀ ਦੇ ਬੰਦੇ ਨੂੰ ਪਰੀਵਾਰ ਦੇ ਮੁੱਖੀ ਤੋਂ ਵੱਡਾ ਅਹੁਦਾ ਮਿਲ ਜਾਣਾਂ ਉਸ ਦੇਸ ਸੂਬੇ ਦੀ ਬਦਕਿਸਮਤੀ ਹੁੰਦਾਂ ਹੈ । ਦੇਸ਼ ਕੌਮ ਦੇ ਮੁੱਖੀ ਆਪਣੇ ਪਰੀਵਾਰਾਂ ਜਾਂ ਆਪਣੇ ਹਿੱਤ ਆਪਣੀ ਕੌਮ ਜਾਂ ਆਪਣੇ ਦੇਸ ਦੇ ਤਰੱਕੀ ਨਾਲ ਜੋੜ ਲੈਂਦੇ ਹਨ । ਜਦ ਦੇਸ ਤਰੱਕੀ ਕਰਦਾ ਹੈ ਤਦ ਉੱਥੋਂ ਦੇ ਸਾਰੇ ਬਸਿੰਦੇ ਵੀ ਤਰੱਕੀ ਕਰਦੇ ਹਨ ਜਿਸ ਵਿੱਚ ਮੁੱਖ ਆਗੂ ਦਾ ਪਰੀਵਾਰ ਵੀ ਹੁੰਦਾਂ ਹੈ । ਗੁਰੂ ਗੋਬਿੰਦ ਸਿੰਘ ਵਰਗੇ ਮਹਾਨ ਯੁੱਗ ਪੁਰਸ਼ ਨੇ ਆਪਣੇ ਪੁੱਤਰਾਂ ਸਮੇਤ ਸਭ ਕੁੱਝ ਵਾਰਕੇ ਆਗੂ ਲੋਕਾਂ ਲਈ ਰਾਹ ਦਰਸਾਇਆਂ ਹੈ ਕਿ ਕਿਸ ਤਰਾਂ ਆਪਣੇ ਲੋਕਾਂ ਲਈ ਕੰਮ ਕਰਨਾਂ ਚਾਹੀਦਾ ਹੈ । ਇਸ ਤਰਾਂ ਹੀ ਹੋਰ ਵੀ ਬਹੁਤ ਸਾਰੀਆਂ ਮਿਸਾਲਾਂ ਇਤਿਹਾਸ ਵਿੱਚ ਮਿਲਦੀਆਂ ਹਨ ਜਿੰਹਨਾਂ ਵਿੱਚ ਰਾਜਸੱਤਾ ਦੇ ਮਾਲਕਾਂ ਨੇ ਆਪਣੇ ਦੇਸ਼ ਅਤੇ ਕੌਮਾਂ ਲਈ ਆਪਣੇ ਪਰੀਵਾਰਕ ਹਿੱਤ ਕੁਰਬਾਨ ਕੀਤੇ ਹਨ ।

ਸਮਾਜ ਅਤੇ ਸਰਕਾਰਾਂ ਦੇ ਲਿਤਾੜੇ ਅਤੇ ਲੁੱਟੇ ਜਾਂਦੇ ਕਿਸਾਨ ਵਰਗ ਨੂੰ ਜਦ ਅੰਨ ਦਾਤਾ ਕਿਹਾ ਜਾਂਦਾ ਹੈ ਤਦ ਇਸ ਦੇ ਕਹਿਣ ਪਿੱਛੇ ਵੀ ਤਿਆਗ ਦੀ ਭਾਵਨਾਂ ਹੀ ਕੰਮ ਕਰਦੀ ਹੈ । ਸਭ ਤੋਂ ਜਿਆਦਾ ਸਖਤ ਮਿਹਨਤ ਕਰਨ ਵਾਲਾ ਇਹ ਵਰਗ ਸਭ ਤੋਂ ਜਿਆਦਾ ਕਰਜਾਈ ਵੀ ਹੈ ਪਰ ਇਹ ਵਰਗ ਫਿਰ ਵੀ ਕਿਰਤ ਕਰਨ ਤੋਂ ਮੁੱਖ ਨਹੀਂ ਮੋੜਦਾ । ਕਿਸਾਨ ਵਰਗ ਦੀ ਮਿਹਨਤ ਦਾ ਮੁੱਲ ਉਸਨੂੰ ਪੂਰਾ ਨਹੀਂ ਮਿਲਦਾ ਸਗੋਂ ਉਸ ਦੀ ਮਿਹਨਤ ਵਿੱਚੋਂ ਉਪਜੇ ਅਨਾਜ ਅਤੇ ਫਸਲਾਂ ਨੂੰ ਸਰਕਾਰਾਂ ਅਤੇ ਵਪਾਰੀ ਲੋਕ ਲੁਕਵੇਂ ਢੰਗਾ ਰਾਂਹੀ ਲੁੱਟਕੇ ਲੈ ਜਾਂਦੇ ਹਨ । ਆਪਣੇ ਉਤਪਾਦ ਦੀ ਕੀਮਤ ਆਪ ਦੱਸਦੇ ਹਨ ਪਰ ਕਿਸਾਨ ਵਰਗ ਦੇ ਉਤਪਾਦ ਦੀ ਕੀਮਤ ਸਰਕਾਰਾਂ ਅਤੇ ਵਪਾਰੀ ਲੋਕ ਤਹਿ ਕਰਦੇ ਹਨ । ਇਹ ਵਰਗ ਜਦ ਘਾਟਾ ਸਹਿ ਕੇ ਵੀ ਆਪਣਾ ਉਤਪਾਦਨ ਜਾਰੀ ਰੱਖਦਾ ਹੈ ਤਦ ਵੀ ਇਸਦੇ ਮਨ ਵਿੱਚ ਇਹੀ ਹੁੰਦਾਂ ਹੈ ਕਿ ਚਲੋ ਉਸਦੇ ਪੈਦਾ ਕੀਤੇ ਅਨਾਜ ਨਾਲ ਲੋਕਾਂ ਦਾ ਪੇਟ ਤਾਂ ਭਰਦਾ ਹੈ । ਦਾਤਾ ਵੀ ਉਸਨੂੰ ਹੀ ਆਖਿਆ ਜਾਂਦਾ ਹੈ ਜੋ ਦੂਸਰਿਆਂ ਨੂੰ ਕੁਝ ਦਿੰਦਾਂ ਹੈ ਅਤੇ ਕਿਸਾਨ ਆਪਣੀ ਕਿਰਤ ਦੂਸਰੇ ਵਰਗਾਂ ਦੇ ਮੁਕਾਬਲੇ ਤੇ ਦਾਨ ਹੀ ਕਰ ਰਿਹਾ ਹੈ । ਸਰਕਾਰਾਂ , ਅਮੀਰ ਲੋਕ ਅਤੇ ਦੂਸਰੇ ਸਮਾਜ ਸੇਵੀ ਵਰਗ ਜੋ ਵੱਡੇ ਦਾਨ ਦਾਤਾ ਅਖਵਾਉਂਦੇ ਹਨ ਕੋਲ ਸਾਰੀ ਦੀ ਸਾਰੀ ਜਾਇਦਾਦ ਅਤੇ ਪੈਸਾ ਆਮ ਲੋਕਾਂ ਤੋਂ ਉਗਰਾਹਿਆ ਹੁੰਦਾਂ ਹੈ ਪਰ ਕਿਸਾਨ ਕੋਲ ਜੋ ਵੀ ਪੈਦਾ ਹੁੰਦਾਂ ਹੈ ਜਿਆਦਾਤਰ ਉਸਦੀ ਕਿਰਤ ਅਤੇ ਮਿਹਨਤ ਦੀ ਉਪਜ ਹੁੰਦਾਂ ਹੈ ਜੋ ਕਿ ਦਾਨ ਬਣਕੇ ਹੀ ਰਹਿ ਜਾਦੀ ਹੈ । ਦੁਨੀਆਂ ਦਾ ਸਮੁੱਚਾ ਅੰਨ ਪੈਦਾ ਕਰਨ ਵਾਲਾ ਕਿਸਾਨ ਸੀਮਤ ਆਮਦਨ ਕਰਨ ਕਰਕੇ ਅੰਨਦਾਤਾ ਬਣਕੇ ਹੀ ਰਹਿ ਜਾਂਦਾ ਹੈ । ਵੱਡੇ ਉਦਯੋਗਪਤੀ ਆਪਣੇ ਉਦਯੋਗਾਂ ਰਾਂਹੀ ਵੱਡੀਆਂ ਵੱਡੀਆਂ ਮਸੀਨਾਂ ਤਾਂ ਪੈਦਾ ਕਰ ਸਕਦੇ ਹਨ ਜੋ ਐਸਪ੍ਰਸਤੀ ਅਤੇ ਅਖੌਤੀ ਵਿਕਾਸ ਦਾ ਮਾਡਲ ਅਖਵਾਉਂਦੀਆਂ ਹਨ ਪਰ ਮਨੁੱਖ ਜਾਤੀ ਦੀ ਪਹਿਲ ਲੋੜ ਰੋਟੀ ਨੂੰ ਸਿਰਫ ਕਿਸਾਨ ਹੀ ਪੈਦਾ ਕਰ ਸਕਦਾ ਹੈ । ਕਿਸਾਨ ਸਦਾ ਹੀ ਅੰਨਦਾਤਾ ਬਣਿਆ ਰਹੇਗਾ ਕਿਉਂਕਿ ਇਤਿਹਾਸ ਵਿੱਚ ਕਦੇ ਵੀ ਕਿਸਾਨ ਦੇ ਉਤਪਾਦਨ ਨੂੰ ਮੁਨਾਫੇ ਦਾ ਧੰਦਾ ਨਹੀਂ ਬਣਨ ਦਿੱਤਾ ਗਿਆਂ ਅਤੇ ਨਾਂ ਹੀ ਭਵਿੱਖ ਵਿੱਚ ਕਦੇ ਵੀ ਕੋਈ ਸਰਕਾਰ ਇਸਨੂੰ ਮੁਨਾਫੇ ਦਾ ਧੰਦਾ ਬਣਨ ਦੇਵੇਗੀ । ਕਿਸਾਨ ਨੂੰ ਸਿਰਫ ਉਨੀ ਕੁ ਕੀਮਤ ਹੀ ਦਿੰਦੀ ਜਾਂਦੀ ਰਹੀ ਹੈ ਜਿੰਨੀ ਕੁ ਨਾਲ ਉਹ ਗੁਲਾਮਾਂ ਵਾਂਗ ਜਿਉਂਦਾਂ ਰਹਿ ਸਕੇ ਅਤੇ ਭਵਿੱਖ ਵਿੱਚ ਵੀ ਇਸ ਤਰਾਂ ਹੀ ਹੁੰਦਾਂ ਰਹਿਣਾ ਹੈ । ਜਦ ਤੱਕ ਕਿਸਾਨ ਦੀ ਕਿਰਤ ਦੀ ਉਪਜ ਨੂੰ ਉਦਯੋਗਿਕ ਉਤਪਾਦਨ ਵਾਂਗ ਮਾਨਤਾ ਨਹੀਂ ਮਿਲੇਗੀ ਤਦ ਤੱਕ ਕਿਸਾਨ ਫਕੀਰਾਂ ਵਰਗੀ ਜਿੰਦਗੀ ਜਿਉਦਿਆ ਅੰਨਦਾਤਾ ਹੀ ਅਖਵਾਉਂਦਾ ਰਹੇਗਾ ।

Welcome to Punjabi Akhbar

Install Punjabi Akhbar
×
Enable Notifications    OK No thanks