ਕਿਰਤੀ ਕਿਸਾਨ ਯੂਨੀਅਨ ਵਲੋਂ ਕਿਸਾਨ ਮੰਗਾਂ ਲਈ ਪੰਜਾਬ ਭਰ ਚ 4 ਜੂਨ ਨੂੰ ਕੀਤੇ ਜਾਣਗੇ ਰੋਸ ਪ੍ਰਦਰਸ਼ਨ-ਰਜਿੰਦਰ ਸਿੰਘ ਦੀਪ ਸਿੰਘ ਵਾਲਾ

ਫਰੀਦਕੋਟ 1 ਜੂਨ –ਕਿਰਤੀ ਕਿਸਾਨ ਯੂਨੀਅਨ ਵਲੋਂ ਲਾਕਡਾਊਨ ਦੌਰਾਨ ਹੋਏ ਕਿਸਾਨੀ ਦੇ ਨੁਕਸਾਨ ਲਈ ਰਾਹਤ ਸਬੰਧੀ ਮੰਗਾਂ ਨੂੰ ਲੈ ਕੇ ਪੂਰੇ ਪੰਜਾਬ ਵਿਚ ਜਿਲ੍ਹਾ ਤੇ ਤਹਿਸੀਲ ਕੇਂਦਰਾਂ ਤੇ 4 ਜੂਨ ਨੂੰ ਰੋਸ ਪ੍ਰਦਰਸ਼ਨ ਕੀਤੇ ਜਾਣਗੇ। ਫਰੀਦਕੋਟ ਜਿਲ੍ਹੇ ਵਿਚ ਇਹ ਰੋਸ ਪ੍ਰਦਰਸ਼ਨ ਸਾਦਿਕ ਅਤੇ ਜੈਤੋ ਵਿਖੇ ਕੀਤੇ ਜਾਣਗੇ। ਇਹ ਐਲਾਨ ਕਿਰਤੀ ਕਿਸਾਨ ਯੂਨੀਅਨ ਦੇ ਸੂਬਾ ਮੀਤ ਪ੍ਰਧਾਨ ਰਜਿੰਦਰ ਸਿੰਘ ਦੀਪ ਸਿੰਘ ਵਾਲਾ ਨੇ ਅੱਜ ਪਿੰਡ ਮੁਮਾਰਾ, ਡੋਡ, ਸੰਗਰਾਹੂਰ, ਗੁੱਜਰ, ਚੰਨੀਆਂ ਅਤੇ ਦੀਪ ਸਿੰਘ ਵਾਲਾ ਚ ਇਸ ਰੋਸ ਰੈਲੀ ਦੀਆਂ ਤਿਆਰੀਆਂ ਸਬੰਧੀ ਮੀਟਿੰਗ ਰੈਲੀਆਂ ਨੂੰ ਸੰਬੋਧਨ ਕਰਦਿਆਂ ਕੀਤਾ। ਉਨ੍ਹਾਂ ਕਿਹਾ ਕਿ ਲਾਕਡਾਊਨ ਦੌਰਾਨ ਦੁੱਧ, ਸਬਜ਼ੀਆਂ, ਪੋਲਟਰੀ ਉਤਪਾਦਕਾਂ ਦਾ ਜੋ ਨੁਕਸਾਨ ਹੋਇਆ , ਉਨ੍ਹਾਂ ਨੂੰ ਵੀ ਰਾਹਤ ਪੈਕੇਜ ਮਿਲਣਾ ਚਾਹੀਦਾ ਹੈ। ਕਿਸਾਨ ਆਗੂ ਨੇ ਕਿਹਾ ਕਿ ਹਵਾਈ ਜ਼ਹਾਜਾਂ ਦਾ ਤੇਲ 22 ਰੁਪਏ ਲਿਟਰ ਦਿੱਤਾ ਜਾ ਰਿਹਾ ਹੈ। ਉਸੇ ਹਿਸਾਬ ਨਾਲ ਇਹ ਲੋਕਾਂ ਨੂੰ ਵੀ ਦਿੱਤਾ ਜਾਵੇ। ਕਿਸਾਨ ਆਗੂ ਨੇ ਕਿਹਾ ਕਿ ਮੋਦੀ ਹਕੂਮਤ ਪ੍ਰਾਈਵੇਟ ਅਨਾਜ ਮੰਡੀਆਂ ਬਣਾਉਣ ਅਤੇ ਬਿਜਲੀ ਬਿੱਲ 2020 ਤਹਿਤ ਸੂਬਿਆਂ ਤੋਂ ਬਿਜਲੀ ਅਧਿਕਾਰ ਖੋਹ ਕੇ ਕਿਸਾਨਾਂ ਦੀਆਂ ਮੋਟਰਾਂ ਤੇ ਬਿੱਲ ਲਾਉਣ ਵਾਲੇ ਕਿਸਾਨ ਵਿਰੋਧੀ ਫੈਸਲੇ ਲੈ ਰਹੀ ਹੈ। ਉਨ੍ਹਾਂ ਮੰਗ ਕੀਤੀ ਕਿ ਲਾਕਡਾਊਨ ਸਮੇਂ ਦੇ ਘਰੇਲੂ ਬਿਜਲੀ ਬਿੱਲ ਮੁਆਫ ਕੀਤੇ ਜਾਣ। ਕਿਸਾਨ ਆਗੂ ਨੇ ਵਿਸ਼ੇਸ਼ ਟਰੇਨਾਂ ਚਲਾਕੇ ਦੂਸਰੇ ਸੂਬਿਆਂ ਤੋਂ ਮਜ਼ਦੂਰਾਂ ਨੂੰ ਵਾਪਸ ਲਿਆਉਣ ਦੀ ਗੱਲ ਵੀ ਆਖੀ ਤਾਂ ਜੋ ਕਿਸਾਨਾਂ ਨੂੰ ਝੋਨਾ ਲਾਉਣ ਵਿਚ ਕੋਈ ਦਿੱਕਤ ਨਾਂ ਆਵੇ। ਇਸ ਮੌਕੇ ਗੁਰਜੋਤ ਸਿੰਘ ਡੋਡ, ਜਸਕਰਨ ਸਿੰਘ ਸੰਗਰਾਹੂਰ, ਗੁਰਮੀਤ ਸਿੰਘ ਸੰਗਰਾਹੂਰ ਆਦਿ ਕਿਸਾਨ ਆਗੂਆਂ ਲੇ ਵੀ ਸੰਬੋਧਨ ਕੀਤਾ।
ਕੈਪਸ਼ਨ 01 ਜੀ ਐਸ ਸੀ : ਪਿੰਡ ਮੁਮਾਰਾ ਵਿਖੇ ਕਿਸਾਨਾਂ ਦੇ ਇਕੱਠ ਨੂੰ ਸੰਬੋਧਨ ਕਰਦੇ ਹੋਏ ਰਜਿੰਦਰ ਸਿੰਘ ਦੀਪ ਸਿੰਘ ਵਾਲਾ ਸੂਬਾ ਮੀਤ ਪ੍ਰਧਾਨ ਕਿਰਤੀ ਕਿਸਾਨ ਯੂਨੀਅਨ ਪੰਜਾਬ। ਤਸਵੀਰ ਗੁਰਭੇਜ ਸਿੰਘ ਚੌਹਾਨ

Install Punjabi Akhbar App

Install
×