
ਬਠਿੰਡਾ– ਕਣਕ ਦੀ ਫ਼ਸਲ ਨੂੰ ਬੀਮਾਰੀਆਂ ਤੋਂ ਬਚਾਉਣ ਅਤੇ ਚੰਗਾ ਝਾੜ ਹਾਸਲ ਕਰਨ ਲਈ ਖੇਤੀਬਾੜੀ ਵਿਭਾਗ ਤੇ ਆਤਮਾ ਵੱਲੋਂ ਵਿਸੇਸ਼ ਧਿਆਨ ਦਿੱਤਾ ਜਾ ਰਿਹਾ ਹੈ। ਇਸ ਤਹਿਤ ਸ੍ਰ: ਬਹਾਦਰ ਸਿੰਘ ਮੁੱਖ ਖੇਤੀਬਾੜੀ ਅਫ਼ਸਰ ਬਠਿੰਡਾ ਅਤੇ ਡਾ: ਤੇਜਦੀਪ ਕੌਰ ਪ੍ਰੋਜੈਕਟ ਡਾਇਰੈਕਟਰ ਆਤਮਾ ਦੇ ਨਿਰਦੇਸਾਂ ਅਧੀਨ ਡਾ: ਕੰਵਲ ਕੁਮਾਰ ਜਿੰਦਲ ਖੇਤੀਬਾੜੀ ਅਫਸਰ ਕਮ ਬੀ ਟੀ ਟੀ ਕਨਵੀਨਰ ਆਤਮਾ ਦੀ ਅਗਵਾਈ ਵਿੱਚ ਡਾ: ਗੁਰਮਿਲਾਪ ਸਿੰਘ ਬਲਾਕ ਟੈਕਨਾਲੌਜੀ ਮੈਨੇਜਰ ਬਠਿੰਡਾ ਵੱਲੋਂ ਕਣਕ ਦੀ ਫ਼ਸਲ ਸਬੰਧੀ ਆਤਮਾ ਸਕੀਮ ਅਧੀਨ ਪਿੰਡ ਮੁਲਤਾਨੀਆ ਵਿਖੇ ਫਾਰਮ ਸਕੂਲ ਦਾ ਆਯੋਜਨ ਕੀਤਾ ਗਿਆ। ਇਸ ਸਕੂਲ ਵਿੱਚ ਪਿੰਡਾਂ ਮੁਲਤਾਨੀਆਂ, ਮੀਆਂ, ਤਿਉਣਾ ਤੇ ਝੁੰਬਾ ਦੇ ਕਿਸਾਨਾਂ ਨੇ ਭਾਗ ਲਿਆ।
ਇਸ ਮੌਕੇ ਵਿਸੇਸ਼ ਤੌਰ ਤੇ ਪਹੁੰਚੇ ਕ੍ਰਿਸੀ ਵਿਗਿਆਨ ਕੇਂਦਰ ਬਠਿੰਡਾ ਦੇ ਡਾ: ਪ੍ਰਿਤਪਾਲ ਸਿੰਘ ਜਿਲਾ ਪਸਾਰ ਮਾਹਰ ਭੂਮੀ ਵੱਲੋਂ ਕਣਕ ਦੀ ਫ਼ਸਲ ਵਿੱਚ ਤੱਤਾਂ ਦੀ ਆ ਰਹੀ ਘਾਟ ਅਤੇ ਇਹਨਾਂ ਦੀ ਪੂਰਤੀ ਲਈ ਵਿਸਥਾਰ ਸਹਿਤ ਜਾਣਕਾਰੀ ਦਿੱਤੀ ਅਤੇ ਆਰਗੈਨਿਕ ਕਣਕ ਪੈਦਾ ਕਰਨ ਲਈ ਜਰੂਰੀ ਨੁਕਤੇ ਸਾਂਝੇ ਕੀਤੇ। ਡਾ: ਮਨਜਿੰਦਰ ਸਿੰਘ ਏ ਡੀ ਓ ਵੱਲੋਂ ਜਿੱਥੇ ਨਦੀਨਾਂ ਦੀ ਸੁਚੱਜੀ ਰੋਕਥਾਮ ਲਈ ਜਾਣਕਾਰੀ ਦਿੱਤੀ, ਉੱਥੇ ਕਿਸਾਨਾਂ ਨੂੰ ਨਦੀਨਨਾਸਕ ਸਪਰੇ ਕਰਨ ਦੇ ਸਹੀ ਢੰਗ ਬਾਰੇ ਜਾਣੂ ਕਰਵਾਇਆ। ਉਹਨਾਂ ਇਸ ਸਬੰਧੀ ਕਿਸਾਨਾਂ ਵੱਲੋਂ ਪੁੱਛੇ ਸਵਾਲਾਂ ਦੇ ਜਵਾਬ ਦਿੱਤੇ ਅਤੇ ਜਾਣਕਾਰੀ ਮੁਹੱਈਆ ਕਰਵਾਈ।
ਇਸ ਦੌਰਾਨ ਡਾ: ਜਗਪਾਲ ਸਿੰਘ ਏ ਡੀ ਓ ਨੇ ਕਣਕ ਨੂੰ ਲੱਗਣ ਵਾਲੀਆਂ ਬੀਮਾਰੀਆਂ ਦੀ ਰੋਕਥਾਮ ਲਈ ਭਰਪੂਰ ਜਾਣਕਾਰੀ ਦਿੱਤੀ ਅਤੇ ਡਾ: ਅਜੈਪਾਲ ਸਿੰਘ ਏ ਡੀ ਓ ਨੇ ਹਾੜੀ ਦੀਆਂ ਫ਼ਸਲਾਂ ਤੇ ਕੀੜੇ ਮਕੌੜਿਆਂ ਦੇ ਹੋਣ ਵਾਲੇ ਹਮਲਿਆਂ ਬਾਰੇ ਜਾਗਰੂਕ ਕਰਦਿਆਂ ਉਹਨਾਂ ਦੀ ਰੋਕਥਾਮ ਲਈ ਸੁਝਾਅ ਦਿੱਤੇ। ਸ੍ਰੀਮਤੀ ਕੁਲਵੀਰ ਕੌਰ ਏ ਐੱਸ ਆਈ ਅਤੇ ਸ੍ਰ: ਜਗਪ੍ਰੀਤ ਸਿੰਘ ਖੇਤੀਬਾੜੀ ਸਹਾਇਕ ਆਤਮਾ ਨੇ ਕਿਸਾਨਾਂ ਨੂੰ ਸੁਪਰ ਸੀਡਰ ਅਤੇ ਹੈਪੀ ਸੀਡਰ ਨਾਲ ਬੀਜੀ ਹੋਈ ਕਣਕ ਦੀ ਫ਼ਸਲ ਦੇ ਪ੍ਰਦਰਸਨੀ ਪਲਾਂਟ ਦਾ ਦੌਰਾ ਕਰਵਾਇਆ ਅਤੇ ਨਵੀਆਂ ਖੇਤੀ ਤਕਨੀਕਾਂ ਅਪਣਾ ਕੇ ਸੁਚੱਜੇ ਢੰਗ ਨਾਲ ਖੇਤੀ ਕਰਨ ਦੀ ਅਪੀਲ ਕੀਤੀ। ਇਸ ਮੌਕੇ ਕਿਸਾਨਾਂ ਨੂੰ ਹਾੜੀ ਦੀਆਂ ਫ਼ਸਲਾਂ ਸਬੰਧੀ ਲਿਟਰੇਚਰ ਤੇ ਕਿੱਟਾਂ ਵੀ ਤਕਸੀਮ ਕੀਤੀਆਂ ਗਈਆਂ। ਅਖੀਰ ਵਿੱਚ ਗੁਰਮਿਲਾਪ ਸਿੰਘ ਬੀ ਟੀ ਐੱਮ ਨੇ ਆਏ ਹੋਏ ਖੇਤੀ ਮਾਹਰਾਂ ਤੇ ਕਿਸਾਨਾਂ ਦਾ ਧੰਨਵਾਦ ਕਰਦਿਆਂ ਵਿਸਵਾਸ ਦਿਵਾਇਆ ਕਿ ਸਮੇਂ ਸਮੇਂ ਖੇਤੀਬਾੜੀ ਅਤੇ ਕਿਸਾਨਾਂ ਦੀ ਭਲਾਈ ਲਈ ਤਕਨੀਕੀ ਜਾਣਕਾਰੀ ਦੇਣ ਲਈ ਕੈਂਪ ਲਗਾਏ ਜਾਂਦੇ ਰਹਿਣਗੇ।