ਗੁਰਦੁਆਰਾ ਸਿੱਖ ਸੈਂਟਰ ਗਲੈਨਵੁੱਡ ਦੇ ਹੈਡ ਗ੍ਰੰਥੀ ਭਾਈ ਪਰਗਟ ਸਿੰਘ ਜੀ ਦੀ ਵਿਦਾਇਗੀ ਅਤੇ ਹੋਰ ਮੁਖ ਸਰਗਰਮੀਆਂ

(ਸਿਡਨੀ) ਆਸਟ੍ਰੇਲੀਅਨ ਸਿੱਖ ਐਸੋਸੀਏਸ਼ਨ ਦੇ ਸਹਿਯੋਗ ਅਤੇ ਸਹਾਇਤਾ ਨਾਲ਼, ਸੀਨੀਅਰ ਗਰੁਪ ਨੇ ਕਰਨੋਲਾ ਬੀਚ ਉਪਰ ਪਿਕਨਿਕ ਮਨਾਈ। ਓਥੇ ਇਕ ਖ਼ੂਬਸੂਰਤ ਸ਼ੈਡ ਵਿਚ ਉਤਾਰਾ ਕੀਤਾ ਗਿਆ। ਚਾਹ ਪਾਣੀ ਤੋਂ ਬਾਅਦ ਕਵੀ ਦਰਬਾਰ ਸਜਾਇਆ ਗਿਆ। ਸਟੇਜ ਸੰਚਾਲਨ ਦਾ ਕਾਰਜ ਸਦਾ ਵਾਂਗ ਮੋਹਨ ਸਿੰਘ ਵਿਰਕ ਨੇ ਕੀਤਾ। ਸਭ ਤੋਂ ਪਹਿਲਾਂ ਗਿਆਨੀ ਸੰਤੋਖ ਸਿੰਘ ਜੀ ਨੇ ਆਪਣੇ ਹਾਸਰਸੀ ਸੁਭਾ ਅਨੁਸਾਰ, ਮਾਹੌਲ ਨੂੰ ਸੁਖਾਵਾਂ ਬਣਾਉਣ ਵਿਚ ਹਿੱਸਾ ਪਾਇਆ। ਫਿਰ ਜੀਵਨ ਸਿੰਘ ਦੁਸ਼ਾਂਝ ਜੀ ਨੇ ਇਕ ਖ਼ੂਬਸੂਰਤ ਗੀਤ ਸੁਣਾਇਆ। ਉਪ੍ਰੰਤ ਸ. ਜੋਗਿੰਦਰ ਸਿੰਘ ਜੀ ਦੀ ਕਵਿਤਾਵਾਂ ਦੀ ਨਵੀਂ ਕਿਤਾਬ ‘ਮਹਿਕਾਂ’, ਗੁਰੂ ਨਾਨਕ ਯੂਨੀਵਰਸਿਟੀ ਦੇ ਸਾਬਕਾ ਡੀਨ, ਡਾ. ਬਿਕਰਮ ਸਿੰਘ ਘੁੰਮਣ ਦੇ ਹੱਥੀਂ ਰੀਲੀਜ਼ ਕੀਤੀ ਗਈ। ਇਸ ਦੇ ਨਾਲ਼ ਹੀ ਡਾਕਟਰ ਸਾਹਿਬ ਜੀ ਨੇ ਆਪਣੇ ਜੀਵਨ ਦੀਆਂ ਕੁਝ ਝਾਕੀਆਂ ਸਰੋਤਿਆਂ ਨਾਲ਼ ਸਾਂਝੀਆਂ ਕੀਤੀਆਂ। ਤਕਰੀਬਨ ਸਾਰੇ ਹੀ ਸੁਘੜ ਭੈਣਾਂ ਅਤੇ ਭਰਾਵਾਂ ਨੇ ਆਪੋ ਆਪਣੀ ਵਾਰੀ ਨਾਲ਼, ਆਪੋ ਆਪਣੀ ਕਲਾ ਦੇ ਜੌਹਰ ਵਿਖਾਏ।
ਲੰਗਰ ਛਕਣ ਉਪ੍ਰੰਤ ਦੁਸਾਂਝ ਜੀ ਨੇ ਇਕ ਗੀਤ ਸੁਣਾਇਆ ਤੇ ਸਾਰੀ ਸੰਗਤ ਦਾ ਧੰਨਵਾਦ ਕੀਤਾ। ਫਿਰ ਵਾਪਸੀ ਚਾਲੇ ਪਾਏ ਗਏ। ਸਾਰੇ ਹੀ ਮਾਈਆਂ ਭਾਈਆਂ ਨੇ ਇਸ ਯਾਤਰਾ ਦਾ ਭਰਪੂਰ ਆਨੰਦ ਮਾਣਿਆਂ।
ਅੰਮ੍ਰਿਤ ਸੰਚਾਰ: 18 ਜਨਵਰੀ ਵਾਲ਼ੇ ਸੁਭਾਗੇ ਦਿਨ ਗੁਰਦੁਆਰਾ ਸਾਹਿਬ ਗਲੈਨਵੁੱਡ ਵਿਖੇ ਅੰਮ੍ਰਿਤ ਸੰਚਾਰ ਕੀਤਾ ਗਿਆ। ਬਾਰਾਂ ਪ੍ਰਾਣੀ ਖੰਡੇ ਬਾਟੇ ਦੀ ਪਾਹੁਲ ਲੈ ਕੇ ਗੁਰੂ ਵਾਲ਼ੇ ਬਣੇ।
ਕਿਲ੍ਹਾ ਲੋਹਗੜ੍ਹ: ਦੇਸੋਂ ਆਏ ਹਰਿਆਣਾ ਸਰਕਾਰ ਦੇ ਇਕ ਡਿਪਟੀ ਸੈਕਟਰੀ, ਸ. ਗਗਨਦੀਪ ਸਿੰਘ ਨੇ ਗੁਰਦੁਆਰਾ ਸਾਹਿਬ ਵਿਖੇ, ਸਲਾਈਡਾਂ ਅਤੇ ਆਪਣੇ ਲੈਕਚਰ ਰਾਹੀਂ, ਬਾਬਾ ਬੰਦਾ ਸਿੰਘ ਬਹਾਦਰ ਵੱਲੋਂ ਸਾਜੀ ਗਈ ਖ਼ਾਲਸਾ ਰਾਜ ਦੀ ਪਹਿਲੀ ਰਾਜਧਾਨੀ ਬਾਰੇ ਖੋਜ ਭਰਪੂਰ ਜਾਣਕਾਰੀ ਦਿਤੀ। ਉਹਨਾਂ ਨੇ ਦੱਸਿਆ ਕਿ ਇਹ ਲੋਹਗੜ੍ਹ ਦਾ ਕਿਲ੍ਹਾ, ਜਿਸ ਨੂੰ ਉਸ ਸਮੇ ਖ਼ਾਲਸਾ ਰਾਜ ਦੀ ਸਭ ਤੋਂ ਪਹਿਲੀ ਰਾਜਧਾਨੀ ਬਣਨ ਦਾ ਸੁਭਾਗ ਪ੍ਰਾਪਤ ਹੋਇਆ, ਦੁਨੀਆ ਦਾ ਸਭ ਤੋਂ ਵੱਡਾ ਕਿਲ੍ਹਾ ਹੈ। ਮੁਗਲ ਸਰਕਾਰ ਨੇ ਤਿੰਨ ਸਾਲਾਂ ਦੀ ਲੜਾਈ ਪਿੱਛੋਂ ਉਸ ਕਿਲ੍ਹੇ ਨੂੰ ਜਿੱਤ ਕੇ ਬਰਬਾਦ ਕੀਤਾ ਤੇ ਓਥੋਂ ਦੀ ઠਸਾਰੀ ਵਣਜਾਰਾ ਸਿੱਖ ਵਸੋਂ ਨੂੰ ਉਜਾੜ ਕੇ, ਉਹਨਾਂ ਦੇ ਥਾਂ ਮੁਸਲਮਾਨਾਂ ਨੂੰ ਵਸਾਇਆ। ਅੱਜ ਵੀ ਕਿਲ੍ਹੇ ਦੇ ਖੰਡਰਾਤ ਦਿਸਦੇ ਹਨ। ਉਹਨਾਂ ਨੇ ਇਸ ਬਾਰੇ ਆਪਣੀ ਪੰਜਾਬੀ ਵਿਚ ਲਿਖੀ ਹੋਈ ਕਿਤਾਬ ਵੀ ਸੰਗਤਾਂ ਵਿਚ ਵੰਡੀ ਜਿਸ ਵਿਚ ਬਾਬਾ ਬੰਦਾ ਸਿੰਘ ਬਹਾਦਰ ਜੀ ਦਾ ਸਾਰਾ ਇਤਿਹਾਸ, ਬੜੀ ਖੋਜ ਕਰਕੇ ਲਿਖਿਆ ਗਿਆ ਹੈ। ਇਹ ਕਿਤਾਬ ਅੰਗ੍ਰੇਜ਼ੀ, ਮਰਾਠੀ ਅਤੇ ਕੰਨੜ ਭਾਸ਼ਾਵਾਂ ਵਿਚ ਵੀ ਅਨਵਾਦਤ ਹੋ ਚੁੱਕੀ ਹੈ।
ਹੈਡ ਗ੍ਰੰਥੀ ਜੀ ਦੀ ਵਿਦਾਇਗੀ: ਯਾਰਾਂ ਮਹੀਨੇ ਦੀ ਸਫ਼ਲ ਸੇਵਾ ਉਪ੍ਰੰਤ ਗੁਰਦੁਆਰਾ ਸਾਹਿਬ ਦੇ ਮੁਖ ਗ੍ਰੰਥੀ, ਭਾਈ ਪਰਗਟ ਸਿੰਘ ਜੀ ਨੂੰ ਕਮੇਟੀ ਅਤੇ ਸੰਗਤ ਵੱਲੋਂ, ਗੁਰਦੁਆਰਾ ਸਾਹਿਬ ਦੇ ਭਰਵੇਂ ਐਤਵਾਰੀ ਦੀਵਾਨ ਵਿਚ ਨਿੱਘੀ ਵਿਦਾਇਗੀ ਦਿਤੀ ਗਈ। ਭਾਈ ਸਾਹਿਬ ਜੀ ਗੁਰਮਤਿ ਦੇ ਗਿਆਤਾ ਅਤੇ ਸਫ਼ਲ ਪ੍ਰਚਾਰਕ ਹਨ। ਗੁਰਦੁਆਰਾ ਸਾਹਿਬ ਦੇ ਸੈਕਟਰੀ ਮੋਹਨ ਸਿੰਘ ਵਿਰਕ ਨੇ ਉਹਨਾਂ ਬਾਰੇ ਵਿਦਾਇਗੀ ਦੀਵਾਨ ਵਿਚ ਬੋਲਦਿਆਂ ਇਉਂ ਆਖਿਆ: ਭਾਈ ਪਰਗਟ ਸਿੰਘ ਜੀ ਦੀ ਵਿਦਿਆਕ ਯੋਗਤਾ, ਮਿਲਾਪੜੇ ਸੁਭਾ, ਹਸਮੁਖ ਚੇਹਰਾ, ਗੁਰੂ ਅਤੇ ਗੁਰੂ ਦੀਆਂ ਸੰਗਤਾਂ ਦੀ ਸੇਵਾ ਵਾਸਤੇ ਹਰ ਸਮੇ ਤਤਪਰਤਾ, ਸੰਗਤਾਂ ਨਾਲ਼ ਮੇਲ ਮਿਲਾਪ, ਪ੍ਰਬੰਧਕਾਂ ਨਾਲ਼ ਮਿਲਵਰਤਣ, ਕਥਾ, ਸ਼ਬਦ ਵਿਚਾਰ ਆਦਿ ਦੀ ਯੋਗਤਾ ਦਾ, ਸਦਾ ਹੀ ਸੰਗਤਾਂ ਦੇ ਦਿਲਾਂ ਵਿਚ ਸਤਿਕਾਰ ਬਣਿਆ ਰਹੇਗਾ। ਅਸੀਂ ਨਹੀਂ ਸੀ ਚਾਹੁੰਦੇ ਕਿ ਅਜਿਹਾ ਵਿੱਦਵਾਨ ਗੁਰਸਿੱਖ ਸਾਡੇ ਪਾਸੋਂ ਜਾਵੇ ਪਰ ਇਹਨਾਂ ਦੇ ਅਗਲੇ ਹੋਰ ਦੇਸਾਂ ਵਿਚ ਬੁੱਕ ਪ੍ਰੋਗਰਾਮਾਂ ਅਤੇ ਕਮੇਟੀ ਦੇ ਨਿਯਮਾਂ ਅਨੁਸਾਰ, ਇਹਨਾਂ ਨੂੰ ਭਰੇ ਦਿਲਾਂ ਨਾਲ਼ ਅੱਜ ਵਿਦਾਇਗੀ ਦਿਤੀ ਜਾ ਰਹੀ ਹੈ। ਗੁਰੂ ਨਾਨਕ ਜੀ ਦੀ ਸਿੱਖਿਆ ਅਨੁਸਾਰ ਇਹ ਜਿੱਥੇ ਵੀ ਜਾਣਗੇ ਗੁਰਬਾਣੀ ਅਨੁਸਾਰ ਦਰਸਾਈ ਗਈ ਜੀਵਨ ਜਾਚ ਦੀ ਸੁਗੰਧੀ ਹੀ ਫੈਲਾਉਣਗੇ। ਸਾਡੀ ਅਰਦਾਸ ਹੈ ਕਿ ਗੁਰੂ ਸਾਹਿਬ ਜੀ ਇਹਨਾਂ ਦੇ ਅੰਗ ਸੰਗ ਹੋ ਕੇ ਇਹਨਾਂ ਪਾਸੋਂ ਆਪਣੇ ਪ੍ਰਚਾਰ ਦੀ ਸੇਵਾ ਲੈਣ।
ਉਪ੍ਰੰਤ ਭਾਈ ਸਾਹਿਬ ਜੀ ਨੂੰ ਗੁਰੂ ਦਰਬਾਰ ਵਿਚ ਸਿਰੋਪਾ ਦੇ ਕੇ, ਆਸਟ੍ਰੇਲੀਅਨ ਸਿੱਖ ਐਸੋਸੀਏਸ਼ਨ ਦੇ ਚੇਅਰਮੈਨ ਸ. ਸਤਨਾਮ ਸਿੰਘ ਬਾਜਵਾ ਦੀ ਅਗਵਾਈ ਵਿਚ, ਵਿਦਾਇਗੀ ਦਿਤੀ ਗਈ।

ਮੋਹਨ ਸਿੰਘ ਵਿਰਕ
ਗੁਰਦੁਆਰਾ ਸੈਕਟਰੀ – ਸਿਡਨੀ, ਆਸਟ੍ਰੇਲੀਆ +61 409 660 701

Install Punjabi Akhbar App

Install
×