ਮਾਨ ਸਿੰਘ ਹਕੀਰ ਜੀ ਦਾ ਇੱਕ ਦੋਹਾ ਹੈ:
”ਲਿੱਖਣ ਜੋਗੇ ਕੁੱਝ ਕੁ, ਹੋਏ ਸਾਂ ਮੁਸ਼ਕਲ ਨਾਲ…
ਚੱਲਣ ਖਾਤਰ ਆ ਗਿਆ, ਲੈ ਕੇ ਪਾਤੀ ਕਾਲ਼॥”
ਇਨਸਾਨ ਆਪਣਾ ਜੀਵਨ ਜਿਊਣ ਵਾਸਤੇ ਬਹੁਤ ਜੱਦੋ-ਜਹਿਦ ਕਰਦਾ ਹੈ। ਹਰ ਮੁਸ਼ਕਿਲ ਨੂੰ ਪਾਰ ਕਰਕੇ ਆਪਣੀ ਮੰਜ਼ਿਲ ਤੱਕ ਪੰਹੁਚਣ ਲਈ ਅਗਰਸਰ ਰਹਿੰਦਾ ਹੈ ਪਰੰਤੂ ਜਦੋਂ ਸਾਹਮਣੇ ਮੰਜ਼ਿਲ ਦਿਖਾਈ ਦੇ ਰਹੀ ਹੋਵੇ ਅਤੇ ਇਨਸਾਨ ਦੀ ਜ਼ਿੰਦਗੀ ਦੇ ਆਖ਼ਰੀ ਪਲ਼ ਆ ਜਾਣ ਤਾਂ ਫੇਰ ਕੁੱਝ ਵੀ ਕੀਤਾ ਨਹੀਂ ਜਾ ਸਕਦਾ। ਇਹੀ ਕਿਹਾ ਜਾਂਦਾ ਹੈ ਕਿ ‘ਜੋ ਰੱਬ ਦੀ ਮਰਜ਼ੀ’।
ਡਿੰਪੀ (ਮੋਂਗੀਆ) ਵੀ ਬਚਪਨ ਤੋਂ ਹੀ ਬਹੁਤ ਹੀ ਸੁਹਿਰਦ, ਬੇਸ਼ੱਕ ਮਜ਼ਾਕੀਆ ਪਰੰਤੂ ਘੱਟ ਅਤੇ ਸਟੀਕ ਸ਼ਬਦ ਬੋਲਣ ਵਾਲਾ ਮਿੱਤਰ ਸੀ। ਯਾਰਾਂ ਦੋਸਤਾਂ ਦੀ ਕੰਪਨੀ ਵਿੱਚ ਜਲਦੀ ਹੀ ਖੁਭ ਜਾਂਦਾ ਸੀ।
ਬਹੁਤ ਹੀ ਮਿਹਨਤੀ ਅਤੇ ਆਪਣੇ ਨਿਸ਼ਾਨੇ ਵੱਲ ਅਗਰਸਰ ਰਿਹਾ। ਕਾਲਜ ਸਮੇਂ ਤੋਂ ਹੀ ਉਸਨੂੰ ਸਟੇਜ ਦਾ ਸ਼ੋਕ ਹੋ ਗਿਆ ਸੀ ਅਤੇ ਉਸਨੇ ਪੰਜਾਬੀ ਯੂਨੀਵਰਸਿਟੀ ਦੇ ਡਰਾਮਾ ਵਿਭਾਗ ਤੋਂ ਸਿਖਲਾਈ ਅਤੇ ਡਿਗਰੀ ਵੀ ਹਾਸਿਲ ਕੀਤੀ ਸੀ।
ਕਾਫੀ ਲੰਬਾ ਸਮਾਂ ਉਹ ਫਿਲਮ ਦੀ ਦੁਨੀਆਂ ਨਾਲ ਜੁੜਿਆ ਰਿਹਾ। ਬੀਤੇ ਕੁੱਝ ਕੁ ਸਾਲਾਂ ਦੌਰਾਨ, ਪੰਜਾਬੀ ਫਿਲਮਾਂ ਵਿੱਚ ਉਸ ਨੂੰ ਵਧੀਆ ਕਿਰਦਾਰ ਨਿਭਾਉਣ ਦੇ ਮੋਕੇ ਮਿਲੇ। ਅਸੀਂ ਬੇਸ਼ੱਕ ਹੁਣ ਉਸਨੂੰ ਮਿਲ ਨਹੀਂ ਸੀ ਰਹੇ ਪਰੰਤੂ ਇਹੀ ਲੱਗਦਾ ਸੀ ਕਿ ਡਿੰਪੀ ਦੀ ਮਿਹਨਤ ਹੁਣ ਰੰਗ ਲਿਆ ਰਹੀ ਹੈ ਅਤੇ ਜਲਦੀ ਹੀ ਉਹ ਪੰਜਾਬੀ ਸਿਨੇਮਾ ਦੇ ਮੁੱਖ ਕਿਰਦਾਰ ਦੇ ਰੂਪ ਵਿੱਚ ਦਿਖਾਈ ਦੇਵੇਗਾ। ਅਸੀਂ ਹਮੇਸ਼ਾ ਹੀ ਉਸ ਦੀਆਂ ਚੜ੍ਹਦੀ ਕਲਾ ਦੀਆਂ ਦੁਆਵਾਂ ਉਸਦੇ ਕਿਰਦਾਰ ਨੂੰ ਦੇਖ ਕੇ ਕਰਦੇ ਰਹਿੰਦੇ ਸਾਂ।
ਪਰੰਤੂ ਸਮੇਂ ਨੂੰ ਕੁੱਝ ਹੋਰ ਹੀ ਮਨਜ਼ੂਰ ਸੀ ਅਤੇ ਉਹ ਆਪਣੇ ਸਵਾਸਾਂ ਦੀ ਪੂੰਜੀ ਨੂੰ ਖਰਚ ਕਰਦਾ ਹੋਇਆ ਗੁਰੂ ਚਰਨਾਂ ਵਿਚ ਜਾ ਬਿਰਾਜਿਆ ਹੈ।
ਅਰਦਾਸ ਇਹੀ ਹੈ ਕਿ ਪ੍ਰਮਾਤਮਾ ਉਸ ਵਿਛੜੀ ਰੂਹ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖ਼ਸ਼ੇ ਅਤੇ ਪਿੱਛੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ਼ ਬਖ਼ਸ਼ੇ।