ਗੁਰਦੁਆਰਾ ਸ੍ਰੀ ਕਲਗੀਧਰ ਸਾਹਿਬ ਔਕਲੈਂਡ ਤੋਂ ਭਾਈ ਰਣਜੀਤ ਸਿੰਘ ਦੇ ਰਾਗੀ ਜੱਥੇ ਨੂੰ ਭਾਵ-ਭਿੰਨੀ ਵਿਦਾਇਗੀ – ਪਿਛਲੇ 6 ਮਹੀਨਿਆਂ ਤੋਂ ਕਰ ਰਹੇ ਸਨ ਕੀਰਤਨ ਦੀ ਸੇਵਾ

NZ PIC 17 Aug-2lr

ਭਾਈ ਰਣਜੀਤ ਸਿੰਘ ਦੇ ਰਾਗੀ ਜੱਥੇ ਨੂੰ ਭਾਵ-ਭਿੰਨੀ ਵਿਦਾਇਗੀ ਦਿੰਦੇ ਹੋਏ ਭਾਈ ਬਲਵੰਤ ਸਿੰਘ,ਭਾਈ ਸਤਨਾਮ ਸਿੰਘ, ਭਾਈ ਮੰਦੀਪ ਸਿੰਘ ਪੁਹੀੜ ਤੇ ਸਾਥੀ।

ਸੁਪਰੀਮ ਸਿੱਖ ਸੁਸਾਇਟੀ ਨਿਊਜ਼ੀਲੈਂਡ ਦੇ ਸੱਦੇ ਉਤੇ ਗੁਰਦੁਆਰਾ ਸ੍ਰੀ ਕਲਗੀਧਰ ਸਾਹਿਬ ਟਾਕਾਨੀਨੀ ਵਿਖੇ ਪਿਛਲੇ ਛੇ ਮਹੀਨਿਆਂ ਤੋਂ ਕੀਰਤਨ ਦੀ ਸੇਵਾ ਨਿਭਾਅ ਰਹੇ ਭਾਈ ਰਣਜੀਤ ਸਿੰਘ, ਭਾਈ ਸਮਾਈਲਰਪ੍ਰੀਤ ਸਿੰਘ ਤੇ ਭਾਈ ਅਵਨਿੰਦਰ ਸਿੰਘ ( ਹਜ਼ੂਰੀ ਰਾਗੀ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ) ਵਾਲਿਆਂ ਨੂੰ ਅੱਜ ਸੁਸਾਇਟੀ ਵੱਲੋਂ ਭਾਵ-ਭਿੰਨੀ ਵਿਦਾਇਗੀ ਦਿੱਤੀ ਗਈ। ਗੁਰਦੁਆਰਾ ਸਾਹਿਬ ਦੇ ਮੁੱਖ ਗ੍ਰੰਥੀ ਭਾਈ ਬਲਵੰਤ ਸਿੰਘ ਰਾਮਾ ਮੰਡੀ ਜਲੰਧਰ ਵਾਲਿਆਂ, ਭਾਈ ਸਤਨਾਮ ਸਿੰਘ ਡੀ.ਪੀ.ਈ ਅਤੇ ਪ੍ਰਸਿੱਧ ਡਾਢੀ ਭਾਈ ਮੰਦੀਪ ਸਿੰਘ ਪੁਹੀੜ ਦੇ ਢਾਡੀ ਜੱਥੇ ਵੱਲੋਂ ਇਨ੍ਹਾਂ ਕੀਰਤਨੀ ਸਿੰਘਾਂ ਨੂੰ ਸਿਰੋਪਾ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਸਮੇਂ ਦੌਰਾਨ ਉਨ੍ਹਾਂ ਜਿੱਥੇ ਉਨ੍ਹਾਂ ਰਾਗੀ ਸਿੰਘਾਂ ਦੀ ਡਿਊਟੀ ਨਿਭਾਈ ਉਥੇ ਗੁਰਦੁਆਰਾ ਸਾਹਿਬ ਵਿਖੇ ਹੁੰਦੇ ਹੋਰ ਸਮਾਮਗਾਂ ਦੇ ਵਿਚ ਵੀ ਭਾਗ ਲੈ ਕੇ ਆਪਣੀ ਸੇਵਾ ਪੂਰੀ ਤਨਦੇਹੀ ਨਾਲ ਨਿਭਾਈ। ਅੱਜ ਹੋਏ ਹਫਤਾਵਾਰੀ ਸਮਾਗਮ ਦੇ ਵਿਚ ਭਾਈ ਰਣਜੀਤ ਸਿੰਘ ਦੇ ਰਾਗੀ ਜੱਥੇ ਨੇ ਹਮੇਸ਼ਾਂ ਦੀ ਤਰ੍ਹਾਂ ਰਸਭਿੰਨਾ ਕੀਰਤਨ ਕੀਤਾ ਅਤੇ ਸੰਗਤਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਨ੍ਹਾਂ ਨੂੰ ਇਥੇ ਘਰ ਵਰਗਾ ਪਿਆਰ ਮਿਲਿਆ ਹੈ ਜਿਸ ਦੇ ਉਹ ਸਦਾ ਰਿਣੀ ਰਹਿਣਗੇ। ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਬੁਲਾਰੇ ਸ. ਦਲਜੀਤ ਸਿੰਘ ਨੇ ਕਮੇਟੀ ਅਤੇ ਸੰਗਤ ਵੱਲੋਂ ਭਾਈ ਰਣਜੀਤ ਸਿੰਘ ਦੇ ਰਾਗੀ ਜੱਥੇ ਦਾ ਤਹਿ ਦਿਲੋਂ ਧੰਨਵਾਦ ਕੀਤਾ।