ਜੰਪਿੰਗ ਕਾਸਲ ਪੀੜਿਤਾਂ ਵਾਸਤੇ ਮਦਦਗਾਰਾਂ ਵੱਲੋਂ 1.4 ਮਿਲੀਅਨ ਮਦਦ ਰਾਸ਼ੀ ਕੀਤੀ ਗਈ ਇਕੱਠੀ, ਪ੍ਰਧਾਨ ਮੰਤਰੀ ਨੇ ਵੀ 8 ਲੱਖ ਡਾਲਰਾਂ ਦੀ ਮਦਦ ਰਾਸ਼ੀ ਦਾ ਕੀਤਾ ਐਲਨ

12 ਸਾਲਾਂ ਦਾ ਜੇਨ ਮੈਲਰ, ਜੋ ਕਿ ਤਸਮਾਨੀਆ ਜੰਪਿੰਗ ਕਾਸਲ ਦੁਰਘਟਨਾ (ਹਿਲਕਰੈਸਟ ਪ੍ਰਾਇਮਰੀ ਸਕੂਲ) ਦਾ ਸ਼ਿਕਾਰ 6ਵਾਂ ਬੱਚਾ ਹੈ, ਨੂੰ ਅੱਜ ਪਰਵਾਰਿਕ ਮੈਂਬਰਾਂ, ਸਮੇਤ ਸੈਂਕੜੇ ਹੀ ਦਰਦ ਵੰਡਾਉਣ ਵਾਲੇ ਰਿਸ਼ਤੇ ਨਾਤਿਆਂ ਅਤੇ ਹੋਰਨਾਂ, ਵੱਲੋਂ ਡੈਵਨਪੋਰਟ ਵਿਖੇ ਹੰਝੂਆਂ ਭਰੀ ਵਿਦਾਇਗੀ ਦਿੱਤੀ ਗਈ।

ਦਰਦ ਭਰੀ ਆਵਾਜ਼ ਵਿੱਚ ਗਾਇਆ ਗਿਆ ਗੀਤ, ਜਿਸ ਦੇ ਬੋਲ ਸਨ -ਤੇਰੇ ਜਾਣ ਨਾਲ ਸਾਡਾ ਦਿਲ ਟੁੱਟ ਗਿਆ ਹੈ ਪਰੰਤੂ ਤੂੰ ਇਕੱਲਾ ਨਹੀਂ ਗਿਆ ਹੈਂ… ਅਤੇ ਅਸੀਂ ਵੀ ਹੁਣ ਇਸ ਜਹਾਨ ਤੋਂ ਤੇਰੇ ਨਾਲ ਹੀ ਰੁਖ਼ਸਤ ਹੋ ਗਏ ਹਾਂ…., ਨੇ ਸਭ ਦੀਆਂ ਪਹਿਲਾਂ ਤੋਂ ਹੀ ਗਿੱਲੀਆਂ ਅੱਖਾਂ ਵਿੱਚ ਹੰਝੂਆਂ ਦੇ ਹੜ੍ਹ ਲਿਆ ਦਿੱਤੇ।
ਸੈਂਕੜਿਆਂ ਦੀ ਗਿਣਤੀ ਵਿੱਚ ਦੁੱਖ ਨਾਲ ਭਰੇ ਲੋਕਾਂ ਨੇ ਭਾਰੀ ਮਨ ਨਾਲ ਜੇਲ ਮੈਲਰ ਦੀ ਯਾਦ ਵਿੱਚ ਫੁੱਲ, ਛੋਟੇ ਛੋਟੇ ਖਿਡੌਣੇ ਰੱਖੇ ਅਤੇ ਭਾਵਪੂਰਨ ਸ਼ਰਧਾਂਜਲੀਆਂ ਭੇਟ ਕੀਤੀਆਂ।

ਬੀਤੇ ਕੱਲ੍ਹ, ਤਸਮਾਨੀਆ ਰਾਜ ਦੇ ਗਵਰਨਰ -ਬਾਰਬਰਾ ਬੇਕਰ, ਨੇ ਵੀ ਸਕੂਲ ਦਾ ਦੌਰਾ ਕੀਤਾ ਸੀ ਅਤੇ ਸਕੂਲ ਦੇ ਸਟਾਫ ਆਦਿ ਨਾਲ ਸਮਾਂ ਬਿਤਾਇਆ ਸੀ ਜਿਸ ਵਿੱਚ ਕਿ ਉਨ੍ਹਾਂ ਨੇ ਇਸ ਦੁੱਖ ਦੀ ਘੜੀ ਵਿੱਚ ਸੰਤਾਵਨਾ ਦੇ ਨਾਲ ਅਜਿਹੀਆਂ ਹਦਾਇਤਾਂ ਵੀ ਦਿੱਤੀਆਂ ਜਿਨ੍ਹਾਂ ਨਾਲ ਕਿ ਭਵਿੱਖ ਵਿੱਚ ਅਜਿਹੀਆਂ ਦੁਰਘਟਨਾਵਾਂ ਨਾ ਹੋਣ।
ਡੈਵਨਪੋਰਟ ਵਿਚ ਹੀ ਜਿਓ ਸਮਿਥ ਵੱਲੋਂ, ਦੁਰਘਟਨਾ ਦੇ ਸ਼ਿਕਾਰ ਹੋਏ ਬੱਚਿਆਂ ਲਈ ਇੱਕ ਵੈਬਪੇਜ ਦੀ ਸਥਾਪਨਾ ਵੀ ਕੀਤੀ ਗਈ ਹੈ ਜਿਸ ਰਾਹੀਂ 1.4 ਮਿਲੀਅਨ ਡਾਲਰਾਂ ਦੀ ਰਾਸ਼ੀ ਇਕੱਠੀ ਕਰਕੇ ਪੀੜਿਤ ਪਰਵਾਰਾਂ ਨੂੰ ਸੌਂਪੀ ਜਾ ਰਹੀ ਹੈ।
ਪ੍ਰਧਾਨ ਮੰਤਰੀ ਸਕਾਟ ਮੋਰੀਸਨ ਨੇ ਵੀ ਉਨ੍ਹਾਂ ਦੀ ਧਰਮ ਪਤਨੀ ਜੇਨੀ ਸਮੇਤ ਬੀਤੇ ਸ਼ਨਿਚਰਵਾਰ ਨੂੰ ਸਕੂਲ ਦਾ ਦੌਰਾ ਕੀਤਾ ਸੀ ਅਤੇ ਪੀੜਿਤ ਪਰਵਾਰਾਂ ਲਈ 800,000 ਡਾਲਰਾਂ ਦੀ ਰਾਸ਼ੀ ਇਕੱਠੀ ਕਰਨ ਦਾ ਐਲਾਨ ਕੀਤਾ ਸੀ।
ਪੁਲਿਸ ਹਾਲੇ ਵੀ ਦੁਰਘਟਨਾ ਦੀ ਜਾਂਚ ਪੜਤਾਲ ਕਰ ਰਹੀ ਹੈ।

Install Punjabi Akhbar App

Install
×