25 ਸਾਲਾਂ ਬਾਅਦ ਆਇਆ ਲਖਨਊ ਸੀ.ਬੀ.ਆਈ. ਕੋਰਟ ਦਾ ਫਰਜ਼ੀ ਮੁਕਾਬਲੇ ਰਾਹੀਂ ਮਾਰੇ ਗਏ 10 ਸਿੱਖਾਂ ਸਬੰਧੀ ਫੈਸਲਾ

IndiaTvb64aff_fakeਬੀਤੇ ਕੱਲ੍ਹ ਸੀ.ਬੀ.ਆਈ. ਦੀ ਵਿਸ਼ੇਸ਼ ਅਦਾਲਤ ਨੇ 25 ਸਾਲ ਪਹਿਲਾਂ ਦੇ ਇਕ ਮਾਮਲੇ ਵਿਚ 47 ਪੁਲਿਸ ਕਰਮਚਾਰੀਆਂ ਨੂੰ ਦੋਸ਼ੀ ਪਾਇਆ ਹੈ। ਪੀਲੀਭੀਤ (ਉਤਰ ਪ੍ਰਦੇਸ਼) ਦੇ ਵਿਚ 12 ਜੁਲਾਈ 1991 ਨੂੰ ਇਕ ਫਰਜ਼ੀ ਮੁੱਠਭੇੜ ਵਿਚ 10 ਸਿੱਖਾਂ ( ਬਲਜੀਤ ਸਿੰਘ ਪੱਪੂ-ਜਸਵੰਤ ਸਿੰਘ ਜੱਸਾ ਦੋਵੇਂ ਭਰਾ, ਹਰਬਿੰਦਰ ਸਿੰਘ ਮਿੰਟਾ, ਸੁਜਾਨ ਸਿੰਘ ਬਿੱਟੂ, ਜਸਵੰਤ ਸਿੰਘ ਫੌਜੀ, ਬਚਿੱਤਰ ਸਿੰਘ, ਕਰਤਾਰ ਸਿੰਘ, ਤਰਸੇਮ ਸਿੰਘ ਉਪਰੋਕਤ ਸਾਰੇ ਗੁਰਦਾਸਪੁਰ ਤੋਂ, ਲਖਵਿੰਦਰ ਸਿੰਘ ਤੇ ਨਰਿੰਦਰ ਸਿੰਘ ਦੋਵੇਂ ਪੀਲੀਭੀਤ ਤੋਂ)  ਨੂੰ ਬੱਸ ਵਿਚੋਂ ਉਤਾਰ ਕੇ ਅੱਤਵਾਦੀ ਕਹਿੰਦਿਆਂ ਮਾਰ ਦਿੱਤਾ ਗਿਆ ਸੀ। ਇਹ ਯਾਤਰੂ ਸ੍ਰੀ ਪਟਨਾ ਸਾਹਿਬ ਅਤੇ ਹੋਰ ਧਾਰਮਿਕ ਅਸਥਾਨਾਂ ਦੀ ਯਾਤਰਾ ਕਰਕੇ ਜਾ ਰਹੇ ਸਨ। ਅਦਾਲਤ ਦੀ ਸੁਣਵਾਈ ਸਮੇਂ 20 ਪੁਲਿਸ ਕਰਮਚਾਰੀ ਤਾਂ ਹਾਜਿਰ ਸਨ ਪਰ 27 ਹੋਰਾਂ ਦੇ ਗ੍ਰਿਫਤਾਰੀ ਵਾਰੰਟ ਜਾਰੀ ਕੀਤੇ ਹਨ। ਇਨ੍ਹਾਂ ਵਿਚੋਂ 10 ਪੁਲਿਸ ਕਰਮਚਾਰੀਆਂ ਦੀ ਮੌਤ ਹੋ ਚੁੱਕੀ ਹੈ। 4 ਅਪ੍ਰੈਲ ਨੂੰ ਇਸ ਕੇਸ ਦੇ ਵਿਚ ਸਾਰੇ ਦੋਸ਼ੀਆਂ ਨੂੰ ਸਜ਼ਾ ਸੁਣਾਈ ਜਾਣੀ ਹੈ।  ਦੇਸ਼-ਵਿਦੇਸ਼ ਦੇ ਵਿਚ ਇਸ ਫੈਸਲੇ ਨੇ ਭਾਰਤ ਦੇ ਵਿਚ ਸਿੱਖਾਂ ਦੇ ਉਤੇ ਹੁੰਦੇ ਅਤਿਆਚਾਰ ਉਤੇ ਫਿਰ ਦੁਬਾਰਾ ਮੋਹਰ ਲਾਈ ਹੈ। ਇਸ ਸਬੰਧੀ ਬੀਬੀ ਬਲਵਿੰਦਰਜੀਤ ਕੌਰ ਸੁਪਤਨੀ ਸ਼ਹੀਦ ਬਲਜੀਤ ਸਿੰਘ ਪੱਪੂ ਹੋਰਾਂ ਨੇ ਵੀ ਸਾਰੀ ਜਾਣਕਾਰੀ ਫੋਨ ਉਤੇ ਦਿੱਤੀ ਅਤੇ ਨਵੀਂ ਦਿੱਲੀ ਵਿਖੇ ਉਨ੍ਹਾਂ ਦੇ ਸਰਕਾਰੀ ਵਕੀਲ ਸ. ਆਰ. ਐਸ. ਸੋਢੀ  ਵੱਲੋਂ ਕੀਤੀ ਗਈ ਸਹਾਇਤਾ ਦਾ ਖਾਸ ਜ਼ਿਕਰ ਕੀਤਾ ਅਤੇ ਉਨ੍ਹਾਂ ਦਾ ਸ਼ੁਕਰਾਨਾ ਕੀਤਾ।
ਭਾਈ ਸਰਵਣ ਸਿੰਘ ਅਗਵਾਨ ਨੇ ਕੀਤੀ ਫੋਨ ਤੇ ਗੱਲਬਾਤ: ਨਿਊਜ਼ੀਲੈਂਡ ਵਸਦੇ ਸਿੱਖਾਂ ਦੇ ਵੀ ਇਸ ਮਾਮਲੇ ਪ੍ਰਤੀ ਹਿਰਦੇ ਦੁਖੀ ਹੋਏ ਹਨ। ਭਾਈ ਸਰਵਣ ਸਿੰਘ ਅਗਵਾਨ (ਭਰਾਤਾ ਸ਼ਹੀਦ ਸਤਵੰਤ ਸਿੰਘ) ਨੇ ਇਸ ਪੱਤਰਕਾਰ ਨਾਲ ਆਪਣੇ ਵਿਚਾਰਾਂ ਦਾ ਪ੍ਰਗਟਾਵਾ ਕਰਦਿਆਂ ਕਿਹਾ ਹੈ ਕਿ ਹੁਣ ਤਾਂ ਅਦਾਲਤਾਂ ਵੀ 25 ਸਾਲਾਂ ਦੇ ਅੰਤਰਾਲ ਬਾਅਦ ਸਿੱਖਾਂ ਨਾਲ ਹੋਏ ਜਬਰ ਨੂੰ ਕਾਲੇ ਇਤਿਹਾਸ ਵਿਚ ਲਿਖ ਰਹੀਆਂ ਹਨ। ਉਨ੍ਹਾਂ ਕਿਹਾ ਕਿ ਅਜਿਹੇ ਮਾਮਲੇ ਸਿਰਫ ਉਤਰ ਪ੍ਰਦੇਸ਼ ਦੇ ਵਿਚ ਹੀ ਨਹੀਂ ਹੋਏ ਸਗੋਂ ਪੰਜਾਬ ਸਮੇਤ ਹੋਰ ਬਹੁਤ ਸਾਰੇ ਸੂਬਿਆਂ ਦੇ ਵਿਚ ਹੋਏ ਹਨ। ਉਨ੍ਹਾਂ ਸ਼੍ਰੋਮਣੀ ਕਮੇਟੀ ਅੰਮ੍ਰਿਤਸਰ ਅਤੇ ਆਪਣੇ ਤੌਰ ‘ਤੇ ਸਿੱਖ ਹੱਕਾਂ ਦੇ ਲਈ ਲੜਨ ਵਾਲੀਆਂ ਗੈਰ ਸਰਕਾਰੀ ਸੰਸਥਾਵਾਂ ਨੂੰ ਅਪੀਲ ਕੀਤੀ ਹੈ ਕਿ ਇਸ ਫੈਸਲੇ (ਜੱਜਮੈਂਟ) ਦੀ ਕਾਪੀ ਲੈ ਕੇ ਯੂ.ਐਨ. ਹਿਊਮਨ ਰਾਈਟਸ ਕਮਿਸ਼ਨ (ਕੌਂਸਿਲ) ਨੂੰ ਭੇਜੀ ਜਾਵੇ ਤਾਂ ਕਿ ਉਹ ਇਸ ਫੈਸਲੇ ਨੂੰ ਵਿਚਾਰ ਕੇ ਭਾਰਤ ਦੇ ਵਿਚ ਹੋਏ ਵੱਖ-ਵੱਖ ਥਾਵਾਂ ਉਤੇ ਬਣਾਏ ਗਏ ਫਰਜ਼ੀ ਮੁਕਾਬਲਿਆਂ ਨੂੰ ਪਛਾਣ ਕੇ ਦੋਸ਼ੀਆਂ ਨੂੰ ਨੰਗਾ ਕੀਤਾ ਜਾ ਸਕੇ। ਇਹ ਸਾਰਾ ਮਾਮਲਾ ਸਬ ਕਮਿਸ਼ਨ ਆਨ ਦਾ ਪ੍ਰੋਮੋਸ਼ਨ ਐਂਡ ਪ੍ਰੋਟੈਕਸ਼ਨ ਆਫ ਹਿਊਮਨ ਰਾਈਟਸ ਦੇ ਕੋਲ ਵੱਡੇ ਪੱਧਰ ਉਤੇ ਉਠਾਉਣ ਦੀ ਲੋੜ ਹੈ। ਇਨ੍ਹਾਂ ਫਰਜ਼ੀ ਮੁਕਾਬਿਲਆਂ ਦੇ ਦੋਸ਼ੀ ਪਾਏ ਗਏ ਸਾਰੇ ਪੁਲਿਸ ਕਰਮਚਾਰੀਆਂ ਨੂੰ ਵੱਧ ਤੋਂ ਵੱਧ ਸਜ਼ਾ ਦਿੱਤੀ ਜਾਵੇ ਤਾਂ ਕਿ ਉਨ੍ਹਾਂ ਨੂੰ ਕੀਤੇ ਇਨ੍ਹਾਂ ਕੁਕਰਮਾਂ ਦਾ ਫਲ ਇਸੇ ਜਨਮ ਵਿਚ ਭੁਗਤਣਾ ਪਵੇ। ਉਨ੍ਹਾਂ ਸ਼ਹੀਦ ਬਲਜੀਤ ਸਿੰਘ ਦੀ ਧਰਮ ਪਤਨੀ ਬੀਬੀ ਬਲਵਿੰਦਰਜੀਤ ਕੌਰ ਦੇ ਨਾਲ ਵੀ ਫੋਨ ਉਤੇ ਗੱਲਬਾਤ ਕੀਤੀ ਅਤੇ ਉਨ੍ਹਾਂ ਨਾਲ ਹਮਦਰਦੀ ਪ੍ਰਗਟ ਕਰਦਿਆਂ ਹਰ ਪ੍ਰਕਾਰ ਦੀ ਸਹਾਇਤਾ ਦੀ ਅਪੀਲ ਕੀਤੀ ਹੈ।
ਇਸ ਫੈਸਲੇ ਪ੍ਰਤੀ ਸ. ਖੜਗ ਸਿੰਘ, ਸ. ਅਮਰਿੰਦਰ ਸਿੰਘ ਸੰਧੂ, ਸ. ਗੁਰਦਿੰਰ ਸਿੰਘ ਸੀ.ਏ., ਜਗਜੀਤ ਸਿੰਘ ਕੰਗ, ਕੁਲਦੀਪ ਸਿੰਘ, ਕੁਲਵੰਤ ਸਿੰਘ ਖੈਰਾਬਾਦੀ, ਪਰਵਿੰਦਰ ਸਿੰਘ ਸੰਧੂ, ਤੇਜਦੀਪ ਸਿੰਘ, ਅਮਰੀਕ ਸਿੰਘ ਪੁੱਕੀਕੁਈ, ਦਾਰਾ ਸਿੰਘ, ਕੁਲਦੀਪ ਸਿੰਘ ਰਾਜਾ, ਕੁਲਵੰਤ ਸਿੰਘ ਬੰਗੜ, ਗੁਰਪਾਲ ਸਿੰਘ ਜੰਮੂ, ਗੁਰਜੀਤ ਸਿੰਘ ਵਲਿੰਗਟਨ, ਜਗਜੀਤ ਸਿੰਘ ਰੰਧਾਵਾ, ਹਰਜਤਿੰਦਰਪਾਲ ਸਿੰਘ ਯੂ.ਪੀ., ਜਤਿੰਦਰ ਸਿੰਘ ਕ੍ਰਾਈਸਟਚਰਚ, ਹਰਜਿੰਦਰ ਸਿੰਘ, ਮੇਜਰ ਸਿੰਘ, ਤਜਿੰਦਰ ਸਿੰਘ ਅਤੇ ਮਨਪ੍ਰੀਤ ਸਿੰਘ ਸੰਧੂ ਹੋਰਾਂ ਨੇ ਵੀ ਆਪਣੀ ਸਹਿਮਤੀ ਵਿਖਾਉਂਦਿਆਂ ਅਜਿਹੇ ਹੋਰ ਘਿਨਾਉਣੇ ਕਾਰਨਾਮਿਆਂ ਤੋਂ ਪਰਦਾ ਚੁੱਕਣ ਦੀ ਸੀ.ਬੀ.ਆਈ. ਨੂੰ ਅਪੀਲ ਕੀਤੀ ਹੈ।

Install Punjabi Akhbar App

Install
×