ਨਾ ਕਰਿਓ ਵਿਸ਼ਵਾਸ਼ ਜਦੋਂ ਕੋਈ ਆਖੇ …ਮੈਂ ਇੰਡੀਅਨ ਹਾਈਕਮਿਸ਼ਨ ਵਲਿੰਗਟਨ ਤੋਂ ਬੋਲਦਾਂ

NZ PIC 10 June-1

ਨਿਊਜ਼ੀਲੈਂਡ ਦੇ ਵਿਚ ਭਾਰਤੀ ਲੋਕਾਂ ਨੂੰ ਭਾਰਤੀ ਹਾਈ ਕਮਿਸ਼ਨ ਵਲਿੰਗਟਨ ਦਫਤਰ ਦਾ ਨਾਂਅ ਅਤੇ ਪੂਰੀ ਤਰ੍ਹਾਂ ਮਿਲਦਾ ਜਾਅਲੀ ਫੋਨ ਨੰਬਰ ਵਰਤ ਕੇ ਲੋਕਾਂ ਨੂੰ ਠੱਗੀ ਲਾਉਣ ਦਾ ਸਿਲਸਿਲਾ ਅੱਜਕੱਲ੍ਹ ਕਾਫੀ ਜ਼ੋਰ ਨਾਲ ਚੱਲ ਰਿਹਾ ਹੈ। ਇਸ ਧੋਖੇਬਾਜ਼ੀ ਦੇ ਜਾਲ ਵਿਚ ਹੁਣ ਤੱਕ ਦਰਜਨਾਂ ਲੋਕ ਆ ਚੁੱਕੇ ਹਨ। ਪਹਿਲਾਂ ਕੁਝ ਕਾਲਾਂ ਇਮੀਗ੍ਰੇਸ਼ਨ ਦਾ ਨਾਂਅ ਲੈ ਕੇ ਆਉਂਦੀਆਂ ਸਨ ਅਤੇ ਵੈਸਟਨ ਯੂਨੀਅਨ ਰਾਹੀਂ ਪੈਸੇ ਦੀ ਮੰਗ ਕੀਤੀ ਜਾਂਦੀ ਸੀ, ਪਰ ਅੱਜ ਕੱਲ੍ਹ ਭਾਰਤੀ ਹਾਈਕਮਿਸ਼ਨ ਵਲਿੰਗਟਨ ਦਾ ਨਾਂਅ ਵਰਤਿਆ ਜਾ ਰਿਹਾ ਹੈ। ਬੀਤੇ ਕੱਲ੍ਹ ਇਕ ਔਰਤ ਨੇ 3500 ਡਾਲਰ ਧੋਖੇਬਾਜਾਂ ਦੇ ਕਹਿਣ ‘ਤੇ ਪ੍ਰੀਪੇਡ ਕਾਰਡਾਂ (ਆਈ ਟਿਊਨ) ਦੇ ਰਾਹੀਂ ਦੇ ਦਿੱਤੇ ਅਤੇ ਅੱਜ ਫਿਰ ਇਕ ਔਰਤ ਨੇ ਉਸੀ ਤਰ੍ਹਾਂ 4000 ਡਾਲਰ ਧੋਖੇਬਾਜ਼ਾਂ ਨੂੰ ਭੇਜ ਦਿੱਤੇ। ਧੋਖੇਬਾਜ਼ ਇਹ ਕਹਿੰਦੇ ਹਨ ਕਿ ਅਸੀਂ ਭਾਰਤੀ ਹਾਈ ਕਮਿਸ਼ਨ ਤੋਂ ਬੋਲਦੇ ਹਾਂ ਅਤੇ ਤੁਸੀਂ ਆਪਣੇ ਕਾਗਜ਼ਾਂ ਵਿਚ ਸਰਕਾਰ ਨੂੰ ਝੂਠੀ ਜਾਣਕਾਰੀ ਦਿੱਤੀ ਹੋਈ ਹੈ ਜਿਸ ਕਰਕੇ ਤੁਹਾਨੂੰ ਦੇਸ਼ ਤੋਂ ਬਾਹਰ ਕੱਢ ਦਿੱਤਾ ਜਾਵੇਗਾ ਜਾਂ ਫਿਰ ਗ੍ਰਿਫਤਾਰ ਕਰ ਲਿਆ ਜਾਵੇਗਾ। ਫਿਰ ਕਿਹਾ ਜਾਂਦਾ ਹੈ ਕਿ ਤੁਸੀਂ ਹਾਈ ਕਮਿਸ਼ਨ ਦੇ ਵਕੀਲ ਦੇ ਖਾਤੇ ਵਿਚ ਐਨੇ ਡਾਲਰ ਤੁਰੰਤ ਜਮ੍ਹਾ ਕਰਵਾਓ। ਇਸ ਤਰ੍ਹਾਂ ਕਈ ਭੋਲੇ-ਭਾਲੇ ਲੋਕ ਇਨ੍ਹਾਂ ਦੇ ਜਾਲ ਵਿਚ ਫਸ ਕੇ ਆਪਣੀ ਮਿਹਨਤ ਦੀ ਕਮਾਈ ਮਿੰਟਾਂ ਵਿਚ ਗਵਾ ਰਹੇ ਹਨ। ਭਾਰਤੀ ਹਾਈ ਕਮਿਸ਼ਨ ਨੇ ਜਾਰੀ ਪ੍ਰੈਸ ਰਿਲੀਜ਼ ਵਿਚ ਲੋਕਾਂ ਨੂੰ ਜਾਗੂਰਿਕ ਕਰਦਿਆਂ ਕਿਹਾ ਹੈ ਕਿ ਹਾਈ ਕਮਿਸ਼ਨ ਵੱਲੋਂ ਕਦੇ ਵੀ ਇਸ ਤਰ੍ਹਾਂ ਪੈਸੇ ਨਹੀਂ ਮੰਗੇ ਜਾਂਦੇ ਅਤੇ ਨਾ ਹੀ ਫੋਨ ਕਾਲ ਕੀਤੀ ਜਾਂਦੀ ਹੈ। ਹਾਈ ਕਮਿਸ਼ਨ ਦਾ ਖਾਤਾ ਨੰਬਰ ਵੈਬਸਾਈਟ ਉਤੇ ਦਿੱਤਾ ਗਿਆ ਹੈ। ਇਸ ਕਰਕੇ ਜਦੋਂ ਕੋਈ ਇੰਝ ਆਖੇ ਕਿ ਮੈਂ ਇੰਡੀਅਨ ਹਾਈ ਕਮਿਸ਼ਨ ਵਲਿੰਗਟਨ ਤੋਂ ਬੋਲਦਾਂ ਤਾਂ ਵਿਸ਼ਵਾਸ਼ ਨਾ ਕਰਿਓ।

Install Punjabi Akhbar App

Install
×