ਖਬਰਦਾਰ! ਤੁਸੀਂ ਕਿਤੇ ਕੁਦਰਤੀ ਦੀ ਬਜਾਏ ਸਿੰਥੈਟਿਕ ਹੀਰੇ ਤਾਂ ਨਹੀਂ ਖਰੀਦ ਰਹੇ….?

ਅੱਜ ਕਲ੍ਹ ਜਦੋਂ ਗਾਹਕ ਕਿਸੇ ਜੌਹਰੀ ਕੋਲੋਂ ਹੀਰਿਆਂ ਦੇ ਜੜਾਊ ਗਹਿਣੇ ਖਰੀਦਦੇ ਹਨ ਤਾਂ ਬਹੁਤਿਆਂ ਨੂੰ ਇਹ ਪਤਾ ਨਹੀਂ ਹੁੰਦਾ ਕਿ ਜਿਹੜੇ ਹੀਰਿਆਂ ਦਾ ਮੁੱਲ ਉਹ ਅਸਲੀ ਸਮਝ ਕੇ ਚੁਕਾ ਰਹੇ ਹਨ, ਉਹ ਅਸਲ ਵਿੱਚ ਕਿਸੇ ਫੈਕਟਰੀ ਦੁਆਰਾ ਤਿਆਰ ਕੀਤੇ ਹੋਏ ਸਿੰਥੈਟਿਕ ਹੀਰੇ ਹਨ। ਇਹਨਾਂ ਹੀਰਿਆਂ ਦੀ ਕਠੋਰਤਾ, ਚਮਕ, ਕੱਟ, ਕੈਰੇਟ ਅਤੇ ਰਸਾਇਣਕ ਸੰਰਚਣਾ ਬਿਲਕੁਲ ਅਸਲੀ ਹੀਰਿਆਂ ਵਾਲੀ ਹੀ ਹੈ ਸਗੋਂ ਕਈ ਵਾਰ ਬੇਹਤਰ ਹੀ ਹੁੰਦੀ ਹੈ। ਦੋਵਾਂ ਦਾ ਮੂਲ ਵੀ ਇੱਕ ਹੀ ਹੈ, ਸੌ ਫੀਸਦੀ ਸ਼ੁੱਧ ਕਾਰਬਨ। ਫਰਕ ਸਿਰਫ ਐਨਾ ਹੈ ਕਿ ਅਸਲੀ ਹੀਰਿਆਂ ਦੀ ਰਚਨਾਂ ਕੁਦਰਤ ਆਪਣੀ ਗੋਦ ਵਿੱਚ ਲੱਖਾਂ ਸਾਲਾਂ ਦੌਰਾਨ ਕਰਦੀ ਹੈ ਤੇ ਸਿੰਥੈਟਿਕ ਹੀਰਾ ਕਿਸੇ ਫੈਕਟਰੀ ਵਿੱਚ ਕੁਝ ਹੀ ਦਿਨਾਂ ਵਿੱਚ ਤਿਆਰ ਹੋ ਜਾਂਦਾ ਹੈ। ਗਾਹਕ ਕੋਲੋਂ ਦੋਵਾਂ ਦਾ ਮੁੱਲ ਬਰਾਬਰ ਹੀ ਵਸੂਲਿਆ ਜਾਂਦਾ ਹੈ।
ਇਨਸਾਨ ਵਿੱਚ ਹਮੇਸ਼ਾਂ ਤੋਂ ਹੀ ਪ੍ਰਯੋਗਸ਼ਾਲਾ ਵਿੱਚ ਸੋਨਾ ਅਤੇ ਹੀਰੇ ਤਿਆਰ ਕਰਨ ਦਾ ਖਬਤ ਰਿਹਾ ਹੈ। ਹਜ਼ਾਰਾਂ ਸਾਲਾਂ ਤੋਂ ਵਿਗਿਆਨੀ ਇਸ ਦਿਸ਼ਾ ਵਿੱਚ ਪ੍ਰਯੋਗ ਕਰਦੇ ਰਹੇ ਹਨ। ਸੋਨਾ ਤਾਂ ਕੋਈ ਤਿਆਰ ਨਹੀਂ ਕਰ ਸਕਿਆ, ਪਰ ਹੀਰੇ ਤਿਆਰ ਕਰਨ ਵਿੱਚ ਸੌ ਪ੍ਰਤੀਸ਼ਤ ਕਾਮਯਾਬੀ ਹਾਸਲ ਹੋ ਚੁੱਕੀ ਹੈ। ਹੀਰੇ ਨੂੰ ਤਿਆਰ ਕਰਨ ਲਈ ਮੁੱਖ ਤੌਰ ‘ਤੇ ਦੋ ਵਿਧੀਆਂ ਵਰਤੀਆਂ ਜਾਂਦੀਆਂ ਹਨ। ਪਹਿਲੀ ਹੈ ਅਤਿਅੰਤ ਦਬਾਅ ਅਤੇ ਉੱਚਤਮ ਤਾਪਮਾਨ ਪ੍ਰਕਿਰਿਆ ਅਤੇ ਦੂਸਰੀ ਹੈ ਹੀਰੇ ਦੇ ਸੀਡ (ਬੀਜ) ‘ਤੇ ਕਾਰਬਨ ਦਾ ਰਸਾਇਣਕ ਵਾਸ਼ਪੀਕਰਣ ਰਾਹੀਂ ਜਮਾਉ ਕਰ ਕੇ ਹੀਰਾ ਤਿਆਰ ਕਰਨਾ। ਦੋਵੇਂ ਕਿਰਿਆਵਾਂ ਹਵਾ ਦੀ ਅਣਹੋਂਦ (ਵੈਕਿਊਮ) ਵਿੱਚ ਕੀਤੀਆਂ ਜਾਂਦੀਆਂ ਹਨ। ਹੁਣ ਤੱਕ ਇਹ ਦੋ ਵਿਧੀਆਂ ਹੀ ਸਫਲਤਾ ਪੂਰਵਕ ਵਰਤੀਆਂ ਜਾ ਰਹੀਆਂ ਹਨ। ਆਪਣੀ ਕਠੋਰਤਾ ਕਾਰਨ ਹੀਰੇ ਦੀ ਉਦਯੋਗਾਂ ਵਿੱਚ ਬਹੁਤ ਜਿਆਦਾ ਮੰਗ ਹੈ। ਕੱਟਣ ਅਤੇ ਪਾਲਸ਼ ਕਰਨ ਵਾਲੇ ਸੰਦਾਂ ਵਿੱਚ ਤਾਂ ਹੀਰੇ ਤੋਂ ਇਲਾਵਾ ਹੋਰ ਕਿਸੇ ਪਦਾਰਥ ਦੀ ਵਰਤੋਂ ਅਸੰਭਵ ਹੈ। ਇਸ ਤੋਂ ਇਲਾਵਾ ਹਾਈ ਪਾਵਰ ਬਿਜਲੀ ਗਰਿੱਡਾਂ ਦੇ ਸਵਿੱਚ, ਹਾਈ ਫਰੀਕੁਐਂਸੀ ਟਰਾਂਸਮੀਟਰ, ਅਤਿ ਸੂਖਮ ਪ੍ਰਯੋਗਸ਼ਾਲਾਵਾਂ, ਰੱਖਿਆ ਉਪਕਰਣਾਂ, ਸਪੇਸ ਸਟੇਸ਼ਨਾਂ ਅਤੇ ਸਪੇਸ ਰਾਕਟਾਂ ਆਦਿ ਵਿੱਚ ਹੀਰੇ ਦੀ ਬਹੁਤ ਵਰਤੋਂ ਹੁੰਦੀ ਹੈ। ਇਸ ਵੇਲੇ ਸਿੰਥੈਟਿਕ ਹੀਰਾ ਸੰਸਾਰ ਦੀਆਂ 98% ਉਦਯੋਗਿਕ ਜਰੂਰਤਾਂ ਪੂਰੀਆਂ ਕਰ ਰਿਹਾ ਹੈ। ਇਸ ਹੀਰੇ ਨੂੰ ਮਨਮਰਜ਼ੀ ਮੁਤਾਬਕ ਪਾਰਦਰਸ਼ੀ, ਸਫੈਦ, ਪੀਲੇ, ਭੂਰੇ, ਨੀਲੇ, ਹਰੇ ਅਤੇ ਸੰਤਰੀ ਰੰਗ ਵਿੱਚ ਤਿਆਰ ਕੀਤਾ ਜਾ ਸਕਦਾ ਹੈ। ਜਿਸ ਤਰਾਂ ਇਸ ਦਾ ਪ੍ਰਚਲਨ ਵਧ ਰਿਹਾ ਹੈ, ਲੱਗਦਾ ਹੈ ਕਿ ਹੌਲੀ ਹੌਲੀ ਸਿੰਥੈਟਿਕ ਹੀਰਾ ਪੂਰੀ ਤਰਾਂ ਨਾਲ ਕੁਦਰਤੀ ਹੀਰੇ ਦਾ ਸਥਾਨ ਗ੍ਰਹਿਣ ਕਰ ਲਵੇਗਾ।
ਸਿਥੈਟਿਕ ਹੀਰੇ ਨੂੰ ਤਿਆਰ ਕਰਨ ਦੇ ਗੰਭੀਰ ਯਤਨ 1797 ਈਸਵੀ ਤੋਂ ਬਾਅਦ ਸ਼ੁਰੂ ਹੋਏ ਸਨ ਜਦੋਂ ਵਿਗਿਆਨੀਆਂ ਨੇ ਇਹ ਪਤਾ ਲਗਾ ਲਿਆ ਕਿ ਹੀਰਾ ਤਾਂ ਸਿਰਫ ਕਾਰਬਨ ਦਾ ਬਦਲਿਆ ਹੋਇਆ ਇੱਕ ਰੂਪ ਹੈ। ਲੋਕਾਂ ਨੇ ਕਾਰਬਨ ਦੇ ਗਰੇਫਾਈਟ ਅਤੇ ਪੱਥਰ ਦੇ ਕੋਲੇ ਸਮੇਤ ਅਨੇਕਾਂ ਰੂਪਾਂ, ਇਥੋਂ ਤੱਕ ਕਿ ਲੱਕੜ ਦੇ ਸਧਾਰਨ ਕੋਲੇ ਨੂੰ ਵੀ ਹੀਰੇ ਦੇ ਰੂਪ ਵਿੱਚ ਬਦਲਣ ਲਈ ਪ੍ਰਯੋਗ ਕਰਨੇ ਸ਼ੁਰੂ ਕਰ ਦਿੱਤੇ। ਸਕਾਟਲੈਂਡ ਦੇ ਵਿਗਿਆਨੀ ਜੇਮਜ਼ ਬੈਲਨਟਾਈਨ ਹੈਨੇ ਅਤੇ ਫਰਾਂਸ ਦੇ ਨੋਬਲ ਇਨਾਮ ਜੇਤੂ ਰਸਾਇਣ ਵਿਗਿਆਨੀ ਫਰਡੀਨੈਂਡ ਫਰੈਡਰਿਕ ਹੈਨਰੀ ਮੋਈਸਨ ਨੂੰ ਕ੍ਰਮਵਾਰ 1879 ਅਤੇ 1893 ਈਸਵੀ ਵਿੱਚ ਕੁਝ ਸਫਲਤਾ ਹਾਸਲ ਹੋਈ, ਪਰ ਉਹ ਪੂਰੀ ਤਰਾਂ ਨਾਲ ਕਾਮਯਾਬ ਨਾ ਹੋ ਸਕੇ। ਇਸ ਤੋਂ ਬਾਅਦ ਕਈ ਹੋਰ ਵਿਗਿਆਨੀਆਂ ਨੇ ਅਜਿਹੇ ਦਾਅਵੇ ਕੀਤੇ ਪਰ ਅਸਲ ਸਫਲਤਾ 16 ਫਰਵਰੀ 1953 ਨੂੰ ਸਵੀਡਨ ਦੀ ਬਿਜਲੀ ਉਤਪਾਦਨ ਕੰਪਨੀ ਅਲਮਾਨਾ ਸਵੈਂਸਕਾ ਇਲੈਕਟਰਿਸਕਾ ਐਕਟੀਬੋਲੈਗਟ ਦੇ ਹੱਥ ਲੱਗੀ ਜਿਸ ਨੇ 1942 ਵਿੱਚ ਪੰਜ ਵਿਗਿਆਨੀਆਂ ਦੀ ਇੱਕ ਟੀਮ ਨੂੰ ਇਹ ਕੰਮ ਸੌਂਪਿਆ ਸੀ। ਉਸ ਟੀਮ ਨੇ ਹਾਈ ਪ੍ਰੈਸ਼ਰ ૶ ਹਾਈ ਟੈਂਪਰੇਚਰ ਵਾਲੀ ਤਕਨੀਤ ਨੂੰ ਅਪਣਾਇਆ ਤੇ ਕਾਰਬਨ ਦੇ ਇੱਕ ਰੂਪ ਗਰੇਫਾਈਟ ਨੂੰ ਵੈਕਿਊਮ ਵਿੱਚ 12 ਲੱਖ 20 ਹਜ਼ਾਰ ਪਾਊਂਡ ਪ੍ਰੈਸ਼ਰ ਥੱਲੇ 2400 ਡਿਗਰੀ ਸੈਂਟੀਡਰੇਡ ਤੱਕ ਗਰਮ ਕਰ ਕੇ ਇੱਕ ਘੰਟੇ ਤੱਕ ਰੱਖਿਆ। ਇਸ ਪ੍ਰਯੋਗ ਦੇ ਫਲਸਵਰੂਪ ਕੁਝ ਛੋਟੇ ਅਕਾਰ ਦੇ ਹੀਰੇ ਤਾਂ ਬਣ ਗਏ ਪਰ ਵੱਡੇ ਕਮਰਸ਼ੀਅਲ ਹੀਰੇ ਬਣਾਉਣ ਵਿੱਚ ਸਫਲਤਾ ਹਾਸਲ ਨਾ ਹੋ ਸਕੀ। ਪਰ ਇਸ ਕੰਪਨੀ ਦੇ ਕਾਰਨਾਮੇ ਨੇ ਵਿਸ਼ਵ ਨੂੰ ਇਹ ਵਿਸ਼ਵਾਸ਼ ਜਰੂਰ ਦਿਵਾ ਦਿੱਤਾ ਕਿ ਸਿੰਥੈਟਿਕ ਹੀਰੇ ਬਣਾਉਣੇ ਸੰਭਵ ਹਨ।
ਕਮਰਸ਼ੀਅਲ ਹੀਰੇ ਬਣਾਉਣ ਵਿੱਚ ਮੁਕੰਮਲ ਸਫਲਤਾ ਦੁਨੀਆਂ ਦੀ ਪ੍ਰਸਿੱਧ ਬਿਜਲੀ ਕੰਪਨੀ ਜਨਰਲ ਇਲੈੱਕਟਰਿਕ (ਜੀ ਈ) ਨੂੰ ਹਾਸਲ ਹੋਈ ਸੀ। ਜੀ ਈ ਨੇ ਸਵੈਂਸਕਾ ਕੰਪਨੀ ਦੇ ਕੰਮ ਨੂੰ ਅੱਗੇ ਵਧਾਇਆ ਤੇ 1951 ਈਸਵੀ ਵਿੱਚ ਪ੍ਰਸਿੱਧ ਭੌਤਿਕ ਵਿਗਿਆਨੀਆਂ ਫਰਾਂਸਿਸ ਪੀ ਬੰਡੀ, ਐਚ ਐਮ ਸਟਰਾਂਗ ਅਤੇ ਟਰੇਸੀ ਹਾਲ ‘ਤੇ ਅਧਾਰਿਤ ਇੱਕ ਟੀਮ ਤਿਆਰ ਕੀਤੀ। ਇਸ ਕੰਪਨੀ ਨੇ ਵੀ ਉੱਚ ਪ੍ਰੈਸ਼ਰ ਅਤੇ ਉੱਚ ਤਾਪਮਾਨ ਦੇ ਫਾਰਮੂਲੇ ਦੀ ਵਰਤੋਂ ਕਰ ਕੇ ਪੰਜ ਸਾਲ ਦੀ ਮਿਹਨਤ ਤੋਂ ਬਾਅਦ 16 ਦਸੰਬਰ 1954 ਨੂੰ ਕਮਰਸ਼ੀਅਲ ਪੱਧਰ ਦਾ ਸਿੰਥੈਟਿਕ ਹੀਰਾ ਬਣਾਉਣ ਵਿੱਚ ਸਫਲਤਾ ਹਾਸਲ ਕਰ ਲਈ ਜਿਸ ਦਾ ਐਲਾਨ 19 ਫਰਵਰੀ 1955 ਨੂੰ ਕੀਤਾ ਗਿਆ। ਜੀ ਈ ਦੀ ਸਫਲਤਾ ਤੋਂ ਪ੍ਰਭਾਵਿਤ ਹੋ ਕੇ ਅਮਰੀਕਾ, ਸੋਵੀਅਤ ਸੰਘ ਅਤੇ ਹੋਰ ਪੱਛਮੀ ਦੇਸ਼ ਗੰਭੀਰਤਾ ਨਾਲ ਇਸ ਮੈਦਾਨ ਵਿੱਚ ਕੁੱਦ ਪਏ ਜਿਸ ਕਾਰਨ ਇਸ ਕੰਮ ਵਿੱਚ ਲਗਾਤਾਰ ਸੁਧਾਰ ਹੁੰਦਾ ਗਿਆ ਤੇ ਸਿੰਥੈਟਿਕ ਹੀਰੇ ਮੌਜੂਦਾ ਰੂਪ ਵਿੱਚ ਸਾਡੇ ਸਾਹਮਣੇ ਆਏ। ਅੱਜ ਕਲ੍ਹ ਗਹਿਣਿਆਂ ਵਿੱਚ ਵਰਤੇ ਜਾਣ ਵਾਲੇ ਸਿੰਥੈਟਿਕ ਹੀਰੇ ਪ੍ਰੈਸ਼ਰ ૶ ਤਾਪਮਾਨ ਤਕਨੀਕ ਅਤੇ ਉਦਯੋਗਿਕ ਵਰਤੋਂ ਵਾਲੇ ਹੀਰੇ ਵਾਸ਼ਪੀਕਰਣ ਤਕਨੀਕ ਰਾਹੀਂ ਤਿਆਰ ਕੀਤੇ ਜਾਂਦੇ ਹਨ। ਇਸ ਦਾ ਕਾਰਨ ਇਹ ਹੈ ਕਿ ਪ੍ਰੈਸ਼ਰ ਰਾਹੀਂ ਤਿਆਰ ਕੀਤੇ ਗਏ ਹੀਰੇ ਬੇਹੱਦ ਸ਼ੁੱਧ ਅਤੇ ਸੁੰਦਰ ਤੇ ਵਾਸ਼ਪੀਕਰਣ ਰਾਹੀਂ ਤਿਆਰ ਕੀਤੇ ਗਏ ਹੀਰੇ ਵੇਖਣ ਵਿੱਚ ਕੁਝ ਭੱਦੇ ਹੁੰਦੇ ਹਨ। ਵੈਸੇ ਦੋਵਾਂ ਦੀ ਗੁਣਵਤਾ ਵਿੱਚ ਕੋਈ ਫਰਕ ਨਹੀਂ ਹੁੰਦਾ।
ਗਹਿਣਿਆਂ ਵਿੱਚ ਸਿੰਥੈਟਿਕ ਹੀਰਿਆਂ ਕਾਰਨ ਹੋ ਰਹੀ ਧੋਖੇਬਾਜ਼ੀ ਨੂੰ ਰੋਕਣ ਲਈ ਜੁਲਾਈ 2018 ਵਿੱਚ ਵਰਲਡ ਟਰੇਡ ਕਮਿਸ਼ਨ ਨੇ ਇਹ ਲਾਜ਼ਮੀ ਕਰ ਦਿੱਤਾ ਸੀ ਕਿ ਖਰੀਦ ਵੇਲੇ ਜੌਹਰੀ ਗਾਹਕ ਨੂੰ ਇਹ ਸਰਟੀਫਿਕੇਟ ਦੇਵੇਗਾ ਕਿ ਉਸ ਵੱਲੋਂ ਖਰੀਦਿਆ ਗਿਆ ਹੀਰਾ ਕੁਦਰਤੀ ਹੈ ਜਾਂ ਸਿੰਥੈਟਿਕ। ਇਸ ਦਾ ਕਾਰਨ ਇਹ ਹੈ ਕਿ ਸਿੰਥੈਟਿਕ ਹੀਰਾ ਜੌਹਰੀਆਂ ਨੂੰ ਕੁਦਰਤੀ ਹੀਰੇ ਨਾਲੋਂ 30 ਤੋਂ 35% ਘੱਟ ਕੀਮਤ ‘ਤੇ ਮਿਲਦਾ ਹੈ। ਪਰ ਭਾਰਤ ਵਿੱਚ ਸ਼ਾਇਦ ਹੀ ਕੋਈ ਜੌਹਰੀ ਇਸ ਨਿਯਮ ਦੀ ਪਾਲਣਾ ਕਰਦਾ ਹੋਵੇਗਾ। ਸੰਸਾਰ ਵਿੱਚ ਇਸ ਵੇਲੇ 40 ਤੋਂ 45% ਗਹਿਣਿਆਂ ਵਿੱਚ ਸਿਥੈਟਿਕ ਹੀਰਿਆਂ ਦੀ ਵਰਤੋਂ ਹੁੰਦੀ ਹੈ। ਨੰਗੀ ਅੱਖ ਨਾਲ ਕੁਦਰਤੀ ਅਤੇ ਸਿੰਥੈਟਿਕ ਹੀਰਿਆਂ ਦਾ ਅੰਤਰ ਪਤਾ ਨਹੀਂ ਕੀਤਾ ਜਾ ਸਕਦਾ, ਸਿਰਫ ਖੁਰਦਬੀਨ ਰਾਹੀਂ ਵੇਖ ਕੇ ਹੀ ਕੋਈ ਮਾਹਰ ਜੌਹਰੀ ਇਸ ਬਾਰੇ ਦੱਸ ਸਕਦਾ ਹੈ। ਚੀਨ, ਅਮਰੀਕਾ, ਰੂਸ, ਜਪਾਨ ਅਤੇ ਸਵੀਡਨ ਆਦਿ ਇਸ ਵੇਲੇ ਸਿੰਥੈਟਿਕ ਹੀਰਿਆਂ ਦੇ ਸਭ ਤੋਂ ਵੱਡੇ ਉਤਪਾਦਕ ਹਨ। ਭਾਰਤ ਵੀ ਇਹਨਾਂ ਹੀਰਿਆਂ ਦਾ ਵੱਡਾ ਉਤਪਾਦਕ ਬਣਨ ਵੱਲ ਵਧ ਰਿਹਾ ਹੈ ਕਿਉਂਕਿ ਸੂਰਤ ਅਤੇ ਹੋਰ ਸ਼ਹਿਰਾਂ ਵਿੱਚ ਇਸ ਕੰਮ ਦੀਆਂ ਕਈ ਫੈਕਟਰੀਆਂ ਲੱਗੀਆਂ ਹੋਇਆਂ ਹਨ ਤੇ ਹੋਰ ਵੀ ਲੱਗ ਰਹੀਆਂ ਹਨ। ਯਾਦ ਰਹੇ ਸੂਰਤ ਵਿੱਚ ਵਿਸ਼ਵ ਦੇ 90% ਹੀਰੇ ਪਾਲਸ਼ ਕੀਤੇ ਜਾਂਦੇ ਹਨ। ਇਹਨਾਂ ਹੀਰਿਆਂ ਅਤੇ ਕੁਦਰਤੀ ਹੀਰਿਆਂ ਵਿੱਚ ਸਿਰਫ ਐਨਾ ਫਰਕ ਹੈ ਕਿ ਇਹਨਾਂ ਦੀ ਰੀਸੇਲ ਵੈਲਿਊ ਜ਼ੀਰੋ ਹੈ। ਜਦੋਂ ਕਦੇ ਜਰੂਰਤ ਪੈਣ ‘ਤੇ ਤੁਸੀਂ ਸਿੰਥੈਟਿਕ ਹੀਰਿਆਂ ਦੇ ਜੜਾਊ ਗਹਿਣੇ ਕਿਸੇ ਜੌਹਰੀ ਕੋਲ ਵੇਚਣ ਲਈ ਜਾਉਗੇ ਤਾਂ ਤੁਹਾਨੂੰ ਮਿੱਟੀ ਦੇ ਭਾਅ ਵੇਚਣੇ ਪੈਣਗੇ।