ਪਿੰਡਾਂ ਵਿੱਚ ਵਧ ਰਹੀ ਧੜੇਬੰਦੀ ਚਿੰਤਾ ਦਾ ਵਿਸ਼ਾ

ਪਿੰਡਾਂ-ਕਸਬਿਆਂ ਵਿੱਚ ਵਧ ਰਹੀ ਧੜੇਬੰਦੀ ਇੱਕ ਵੱਡੀ ਚਿੰਤਾ ਵਾਲੀ ਗੱਲ ਬਣਦੀ ਜਾ ਰਹੀ ਹੈ। ਇਹ ਇੱਕ ਐਸੀ ਲਾ-ਇਲਾਜ ਬਿਮਾਰੀ ਹੈ, ਜਿਹੜੀ ਘਟਣ ਦੀ ਬਜਾਏ ਦਿਨ-ਬ-ਦਿਨ ਵਧਦੀ ਹੀ ਜਾ ਰਹੀ ਹੈ ਤੇ ਇਸ ਬਿਮਾਰੀ ਦੀ ਅਸਲ ਜੜ ਅਜੋਕੀ ਘਟੀਆ ਰਾਜਨੀਤੀ ਅਤੇ ਸਿਆਸੀ ਲੋਕਾਂ ਦੇ ਗਰਭ ਵਿੱਚੋਂ ਹੀ ਪੁੰਗਰਦੀ ਹੈ ਤੇ ਫਿਰ ਇਸ ਬਿਮਾਰੀ ਦੀ ਲਪੇਟ ਵਿੱਚ ਆਉਂਦੇ ਹਨ ਪਿੰਡਾਂ ਦੇ ਅਣਭੋਲ ਤੇ ਬੇਕਸੂਰ ਵੋਟਰ। ਸਿਆਸਤ ਦੀ ਪੌੜੀ ਦਾ ਪਹਿਲਾ ਡੰਡਾ ਹੈ ਪਿੰਡ ਦੀ ਪੰਚਾਇਤ। ਪੰਚਾਇਤ ਇੱਕ ਸਮਾਜ ਦੀ ਅਜਿਹੀ ਸਨਮਾਨਯੋਗ ਸੰਸਥਾ ਹੈ, ਜਿਸ ਦੇ ਕੀਤੇ ਫੈਸਲੇ ਨੂੰ ਸਮਾਜ ਦਾ ਹਰੇਕ ਨਾਗਰਿਕ ਸਿਰ ਝੁਕਾ ਕੇ ਪ੍ਰਵਾਨ ਕਰਦਾ ਹੈ। ਇਹ ਵੀ ਕਿਹਾ ਜਾਂਦਾ ਹੈ ਕਿ ਪੰਚਾਇਤ ਰੱਬ ਦਾ ਰੂਪ ਹੁੰਦੀ ਹੈ। ਪੰਚਾਇਤੀ ਫੈਸਲੇ ਨੂੰ ਨਾ ਮੰਨਣਾ ਰੱਬੀ ਹੁਕਮ-ਅਦੂਲੀ ਬਰਾਬਰ ਹੋ ਜਾਂਦਾ ਹੈ। ਲੱਗਦੀ ਵਾਹ ਪੰਚਾਇਤੀ ਫੈਸਲੇ ਹਮੇਸ਼ਾ ਮਾਪ-ਤੋਲ ਕੇ ਹੀ ਕੀਤੇ ਜਾਂਦੇ ਹਨ ਕਿਉਂਕਿ ਇਕ-ਤਰਫ਼ਾ ਜਾਂ ਕਿਸੇ ਸਿਆਸੀ ਦਬਾਅ ‘ਚ ਲਏ ਫੈਸਲੇ ਜਿੱਥੇ ਪੰਚਾਇਤ ਦੇ ਅਕਸ ਨੂੰ ਤਾਂ ਖ਼ਰਾਬ ਕਰਦੇ ਹੀ ਹਨ, ਨਾਲ ਦੀ ਨਾਲ ਉਸਦੀ ਮੁੱਢਲੀ ਸ਼ਾਖ਼ ਨੂੰ ਵੀ ਖ਼ੋਰਾ ਲਾ ਜਾਂਦੇ ਹਨ। ਹੁਣ ਦੇਖਣਾ ਇਹ ਹੋਵੇਗਾ ਕਿ ਇਸ ਸਨਮਾਨਯੋਗ ਸੰਸਥਾ ਨੂੰ ਚਲਾਉਣ ਵਾਲੇ ਲੋਕਾਂ ਦੀ ਕੀ-ਕੀ ਜ਼ਿੰਮੇਵਾਰੀ ਬਣਦੀ ਹੈ, ਜਿਸ ਨਾਲ ਇਸ ਉੱਚ-ਪੱਧਰੀ ਰੁਤਬੇ ਵਾਲੀ ਸੰਸਥਾ ਨੂੰ ਸਦੀਵੀ ਬੇਦਾਗ ਰੱਖਿਆ ਜਾ ਸਕੇ। ਪੰਚਾਇਤ ਸਮਾਂਤਰ ਦੋ ਰੂਪਾਂ ਵਿੱਚ ਉਤਪੰਨ ਹੋ ਕੇ ਪਿੰਡ ਦੇ ਕਾਰਜ-ਭਾਰ ਨੂੰ ਸੰਭਾਲਦੀ ਹੈ। ਪਹਿਲਾ ਸਰਬ ਸੰਮਤੀ ਤੇ ਦੂਸਰਾ ਵੋਟਾਂ ਨਾਲ ਜਿੱਤ ਪ੍ਰਾਪਤ ਕਰਕੇ। ਸਰਬ ਸੰਮਤੀ ਨਾਲ ਬਣੀ ਪੰਚਾਇਤ ਅਤੇ ਵੋਟਾਂ ਨਾਲ ਜਿੱਤ ਕੇ ਬਣੀ ਪੰਚਾਇਤ ਵਿੱਚ ਆਖ਼ਿਰ ਫ਼ਰਕ ਕੀ? ਨਫ਼ਾ ਕੀ?? ਅਤੇ ਨੁਕਸਾਨ ਕੀ??? ਸਰਬ ਸੰਮਤੀ ਨਾਲ ਹੋਂਦ ਵਿੱਚ ਆਈ ਪੰਚਾਇਤ ਸਾਰੇ ਨਗਰ ਲਈ ਸਰਬ-ਵਿਆਪਕ ਸਿੱਧ ਹੁੰਦੀ ਹੈ। ਚਾਰੇ ਪਾਸਿਉਂ ਸੁਤੰਤਰ। ਪਿੰਡ ਦੇ ਵਿਕਾਸ ਕਾਰਜ ਬਿਨਾਂ ਕਿਸੇ ਭੇਦ-ਭਾਵ ਨਿਰਪੱਖ ਹੋ ਕੇ ਬੜੀ ਤੇਜ਼ੀ ਨਾਲ ਚਲਦੇ ਹਨ। ਸਰਕਾਰ ਵੱਲੋਂ ਮਿਲਦੀ ਵਿਕਾਸ ਰੂਪੀ ਗਰਾਂਟ ਬਿਨਾਂ ਰੁਕਾਵਟ ਪ੍ਰਾਪਤ ਕਰ ਲਈ ਜਾਂਦੀ ਹੈ। ਕਈ ਪਿੰਡਾਂ ਵਿੱਚ ਪੰਚਾਇਤੀ ਆਮਦਨ ਦੇ ਹੋਰ ਬਹੁਤ ਵਸੀਲੇ ਹੁੰਦੇ ਹਨ। ਜਿਵੇਂ ਪੰਚਾਇਤੀ ਜ਼ਮੀਨ, ਉਸ ਵਿੱਚ ਲੱਗੇ ਦਰੱਖ਼ਤ ਜਾਂ ਫਿਰ ਪੰਚਾਇਤ ਦੇ ਨਾਂ ‘ਤੇ ਬਣੀਆਂ ਦੁਕਾਨਾਂ ਆਦਿ। ਬਹੁਤ ਹੀ ਸੰਤੋਖ-ਜਨਕ ਪਿੰਡਾਂ ਵਿੱਚ ਤਾਂ ਦੇਖਿਆ ਗਿਆ ਹੈ ਕਿ ਸੂਬੇ ਵਿੱਚ ਜਿਸ ਪਾਰਟੀ ਦੀ ਸਰਕਾਰ ਹੋਵੇ, ਪੰਚਾਇਤ ਵੀ ਉਸੇ ਪਾਰਟੀ ਨਾਲ ਸਬੰਧਿਤ ਲੋਕਾਂ ਦੀ ਬਣਾ ਦਿੱਤੀ ਜਾਂਦੀ ਹੈ, ਜਿਹੜੀ ਪਿੰਡ ਦੇ ਵਿਕਾਸ ਨੂੰ ਹੱਦ ਦਰਜੇ ਤੋਂ ਵੀ ਉੱਪਰ ਲੈ ਜਾਂਦੀ ਹੈ। ਇਹ ਉਸ ਪਿੰਡ ਲਈ ਬੜੇ ਮਾਣ ਵਾਲੀ ਗੱਲ ਹੁੰਦੀ ਹੈ। ਧੜੇਬੰਦੀ ਵਿੱਚ ਵੋਟਾਂ ਨਾਲ ਜਿੱਤ ਕੇ ਬਣੀ ਪੰਚਾਇਤ ਲਈ ਹਰੇਕ ਨਵੇਂ ਦਿਨ ਨਵੇਂ ਸਿਆਪੇ ਖੜ੍ਹੇ ਹੁੰਦੇ ਹਨ। ਵਿਰੋਧੀ ਪਾਰਟੀ ਵੱਲੋਂ ਪੰਚਾਇਤ ਦੇ ਕੰਮ ਵਿੱਚ ਖਾਹ-ਮਖਾਹ ਦੀ ਦਖ਼ਲ-ਅੰਦਾਜ਼ੀ, ਟੋਕ-ਟੋਕਾਈ, ਪਿੰਡ ਦੀ ਕਿਸੇ ਮਾਮੂਲੀ ਘਟਨਾ ਨੂੰ ਤੂਲ ਦੇ ਕੇ ਪਹਿਲਾਂ ਥਾਣੇ, ਫਿਰ ਕਚਹਿਰੀ ਤੱਕ ਪਹੁੰਚਦੀ ਕਰਨਾ, ਪੰਚਾਇਤ ਦੇ ਅਕਸ ਨੂੰ ਨੀਵਾਂ ਦਿਖਾਉਣਾ ਉਹ ਆਪਣਾ ਮੁੱਢਲਾ ਫ਼ਰਜ਼ ਸਮਝਦੇ ਹਨ। ਪਿੰਡ ਦੇ ਵਿਕਾਸ ਕਾਰਜ ਪੈਣ ਖੂਹ ‘ਚ, ਕੋਈ ਮਤਲਬ ਨਹੀਂ। ਲੋਕ ਮਰਨ-ਖਪਣ, ਢੱਠੇ ਖੂਹ ‘ਚ ਪੈਣ, ਬੱਸ ਵਿਰੋਧੀਆਂ ਦੀ ਧੜਿਆਂ ਦੇ ਸਿੰਗ ਫਸਾ ਕੇ ਪਿੰਡ ਨੂੰ ਪਾਟੋ-ਧਾੜ ਕਰਨਾ ਉਨ੍ਹਾਂ ਦੀ ਨੀਤੀ ਹੁੰਦੀ ਹੈ। ਫਿਰ ਸਿੱਟਾ ਇਹ ਨਿਕਲਦਾ ਹੈ ਕਿ ਪਿੰਡ ਦੋ ਧੜਿਆਂ ਵਿੱਚ ਵੰਡਿਆ ਜਾਂਦਾ ਹੈ। ਪਾਰਟੀ ਵਰਕਰ ਇੱਕ-ਦੂਸਰੇ ਨਾਲ ਖਹਿ-ਖਹਿ ਮਰਦੇ ਹਨ। ਲੜਾਈ-ਝਗੜਾ ਤੇ ਅਜਾਈਂ ਜਾਨਾਂ ਜਾਣ ਦਾ ਖ਼ਤਰਾ ਬਣਿਆ ਰਹਿੰਦਾ ਹੈ। ਸਰਕਾਰੀ ਸ਼ਹਿ ‘ਤੇ ਝੂਠੇ ਤੇ ਨਾਜਾਇਜ਼ ਪਰਚੇ ਕਰਵਾਏ ਜਾਂਦੇ ਹਨ। ਨਫ਼ਰਤ ਦੀ ਅੱਗ ਫਿਰ ਆਪਣਾ ਨਾਚ ਨੱਚਦੀ ਹੈ, ਜਿਸ ਅੱਗ ਵਿੱਚ ਹਸਦੇ-ਵਸਦੇ ਪਰਿਵਾਰ ਨਾ ਮਰਦੇ, ਨਾ ਜਿਉਂਦੇ, ਸਿਰਫ਼ ਝੁਲਸਦੇ ਰਹਿੰਦੇ ਹਨ। ਜਿਸ ਦਾ ਅੰਤ ਸਿਰਫ਼ ਤਬਾਹੀ ਹੀ ਹੋ ਨਿੱਬੜਦਾ ਹੈ। ਪਰ ਵਿਰੋਧੀ ਧੜੇ ਨੂੰ ਏਨਾ ਗਿਆਨ ਹੋਣਾ ਜ਼ਰੂਰੀ ਹੈ ਕਿ ਹਾਰਨ ਤੋਂ ਬਾਅਦ ਜਿੱਤਾਂ ਵੀ ਨਸੀਬ ਹੁੰਦੀਆਂ ਹਨ। ਇਹ ਵੀ ਹੋ ਸਕਦਾ ਹੈ ਕਿ ਅਗਲੀ ਵਾਰੀ ਇਹ ਜ਼ਿੰਮੇਵਾਰੀ ਤੁਹਾਡੇ ਸਿਰ ਵੀ ਪੈ ਸਕਦੀ ਹੈ। ਉੱਥੇ ਜਵਾਬਦੇਹੀ ਵੀ ਤੁਹਾਡੀ ਹੀ ਹੋਵੇਗੀ। ਸੋ ਅੰਤ ‘ਚ ਇਹ ਹੀ ਕਹਾਂਗੇ ਕਿ ਨਫ਼ਰਤ ਅਤੇ ਧੜੇਬੰਦੀ ਤੋਂ ਜਿੰਨਾ ਦੂਰ ਰਿਹਾ ਜਾਵੇ, ਠੀਕ ਰਹੇਗਾ। ਪਾਰਟੀ ਨਾਲ ਜੁੜੋ, ਕੰਮ ਕਰੋ ਪਰ ਹਰ ਕਦਮ ਫੂਕ ਕੇ ਰੱਖੋ….! ਕਿਤੇ ਅਜਿਹਾ ਨਾ ਹੋਵੇ ਕਿ ‘ਅੱਗਾ ਦੌੜ ਤੇ ਪਿੱਛਾ ਚੌੜ’ ਵਾਲੀ ਗੱਲ ਬਣੇ। ਵਕਤ ਪਏ ਤੋਂ ਕਿਸੇ ਨੇ ਬਾਤ ਨਹੀਂ ਪੁੱਛਣੀ।

(ਰਣਜੀਤ ‘ਚੱਕ ਤਾਰੇ ਵਾਲਾ’)

Install Punjabi Akhbar App

Install
×