
(ਐਸ.ਬੀ.ਐਸ. ਦੀ ਖ਼ਬਰ ਮੁਤਾਬਿਕ) ਅੱਜ, ਖ਼ਜ਼ਾਨਾ ਮੰਤਰੀ ਸ੍ਰੀ ਜੋਸ਼ ਫਰੈਡਨਬਰਗ ਵੱਲੋਂ ਜਿਹੜੇ ਪ੍ਰਸਤਾਵ ਪਾਰਲੀਮੈਂਟ ਅੰਦਰ ਰੱਖੇ ਜਾ ਰਹੇ ਹਨ ਉਨ੍ਹਾਂ ਵਿੱਚ ਇੱਕ ਸੁਝਾਅ ਇਹ ਵੀ ਹੈ ਕਿ ਆਸਟ੍ਰੇਲੀਆ ਦੇ ਮੀਡੀਆ ਵੱਲੋਂ ਜਿਹੜਾ ਖ਼ਬਰਾਂ ਗੂਗਲ ਅਤੇ ਫੇਸਬੁੱਕ ਨੂੰ ਮੁਹੱਈਆ ਕਰਵਾਈਆਂ ਜਾਂਦੀਆਂ ਹਨ, ਉਸ ਵਾਸਤੇ ਦੋਹਾਂ ਪਲੈਟਫਾਰਮਾਂ ਨੂੰ ਕੁੱਝ ਨਾ ਕੁੱਝ ਉਚਿਤ ਕੀਮਤ ਅਦਾ ਕਰਨੀ ਚਾਹੀਦੀ ਹੈ। ਇਸ ਵਾਸਤੇ ਦੋਹਾਂ ਵੱਡੀਆਂ ਕੰਪਨੀਆਂ ਨਾਲ ਗੱਲਬਾਤ ਜਾਰੀ ਹੈ ਅਤੇ ਜੇਕਰ ਆਉਣ ਵਾਲੇ ਤਿੰਨ ਮਹੀਨਿਆਂ ਵਿੱਚ ਕੋਈ ਸਮਝੌਤਾ ਨਹੀਂ ਹੁੰਦਾ ਤਾਂ ਫੇਰ ਇੱਕ ਪੈਨਲ ਗਠਿਤ ਕੀਤਾ ਜਾਵੇਗਾ ਜੋ ਕਿ ਅਜਿਹੇ ਮਾਮਲਿਆਂ ਵਿੱਚ ਕੀਮਤਾਂ ਦੇ ਉਚਿਤ ਮਾਪਦੰਢ ਤੈਅ ਕਰੇਗਾ ਅਤੇ ਦੋਹਾਂ ਕੰਪਨੀਆਂ ਨੂੰ ਉਸੇ ਹਿਸਾਬ ਨਾਲ ਆਸਟ੍ਰੇਲੀਆਈ ਮੀਡੀਆ ਨੂੰ ਕੀਮਤ ਚੁਕਾਉਣੀ ਹੋਵੇਗੀ। ਗੂਗਲ ਦੇ ਪ੍ਰਵੱਕਤਾ ਨੇ ਗੱਲਬਾਤ ਦੌਰਾਨ ਦੱਸਿਆ ਕਿ ਹਾਲੇ ਉਨ੍ਹਾਂ ਨੇ ਇਸ ਤਰ੍ਹਾਂ ਦਾ ਕੋਈ ਵੀ ਸੁਝਾਅ ਜਾਂ ਖਰੜਾ ਨਹੀਂ ਦੇਖਿਆ ਹੈ -ਜਦੋਂ ਮਿਲੇਗਾ ਤਾਂ ਫੇਰ ਗੌਰ ਕੀਤਾ ਜਾਵੇਗਾ। ਜ਼ਿਕਰਯੋਗ ਹੈ ਕਿ ਫਰੈਡਨਬਰਗ ਦੇ ਇਸ ਸੁਝਾਅ ਵਿੱਚ ਲੇਬਰ ਅਤੇ ਗਰੀਨ ਪਾਰਟੀਆਂ ਵੀ ਆਪਣਾ ਸਹਿਯੋਗ ਦੇਣ ਨੂੰ ਤਿਆਰ ਹਨ ਪਰੰਤੂ ਉਹ ਵੀ ਪੂਰੀ ਰੂਪ ਰੇਖਾ ਨੂੰ ਦੇਖਣਾ ਅਤੇ ਵਾਚਣਾ ਚਾਹੁੰਦੇ ਹਨ। ਸ਼ੈਡੋ ਖ਼ਜ਼ਾਨਚੀ ਜਿਮ ਚਾਮਰਜ਼ ਨੇ ਕਿਹਾ ਕਿ ਬਿਲਕੁਲ ਗੂਗਲ ਅਤੇ ਫੇਸਬੁੱਕ ਨੂੰ ਸਹੀ ਮਾਪਦੰਢਾਂ ਉਪਰ ਕੀਮਤਾਂ ਚੁਕਾਉਣੀਆਂ ਚਾਹੀਦੀਆਂ ਹਨ ਪਰੰਤੂ ਫੈਡਰਲ ਸਰਕਾਰ ਇਸ ਦਾ ਪੂਰਾ ਖਰੜਾ ਹਾਲੇ ਮੁਹੱਈਆ ਹੀ ਨਹੀਂ ਕਰ ਰਹੀ ਹੈ ਇਸ ਵਾਸਤੇ ਉਹ ਫੈਡਰਲ ਸਰਕਾਰ ਕੋਲੋਂ ਉਕਤ ਪੁਲੰਦੇ ਦੀ ਕਾਪੀ ਦੀ ਮੰਗ ਕਰਦੇ ਹਨ।