ਗ੍ਰੇਟਰ ਸਿਡਨੀ ਅੰਦਰ ਫੇਸ ਮਾਸਕ ਲਾਜ਼ਮੀ -ਅਧਿਕਾਰੀ ਬੇਰਾਲਾ ਬੀ.ਡਬਲਿਊ.ਐਸ. ਕਲਸਟਰ ਤੇ ਕਾਬੂ ਪਾਉਣ ਦੀ ਕੋਸ਼ਿਸ਼ ਵਿੱਚ

(ਐਸ.ਬੀ.ਐਸ. ਦੀ ਖ਼ਬਰ ਮੁਤਾਬਿਕ) ਨਿਊ ਸਾਊਥ ਵੇਲਜ਼ ਦੇ ਸਿਹਤ ਮੰਤਰੀ ਬਰੈਡ ਹੈਜ਼ਰਡ ਨੇ ਜਾਣਕਾਰੀ ਦਿੰਦਿਆਂ ਦੱਸਿਆ ਹੈ ਕਿ, ਸਿਡਨੀ ਖੇਤਰ ਅੰਦਰ ਫੇਸ ਮਾਸਕ ਪਾਉਣਾ ਲਾਜ਼ਮੀ ਕਰ ਦਿੱਤਾ ਗਿਆ ਹੈ ਅਤੇ ਸਿਹਤ ਅਧਿਕਾਰੀਆਂ ਦੀ ਟੀਮ ਲਗਾਤਾਰ ਬੇਰਾਲਾ ਖੇਤਰ ਵਿੱਚ ਫੈਲੇ ਕਲਸਟਰ ਉਪਰ ਕਾਬੂ ਪਾਉਣ ਦੀ ਕੋਸ਼ਿਸ਼ ਵਿੱਚ ਕਾਰਜਰਤ ਹੈ ਅਤੇ ਅਧਿਕਾਰੀਆਂ ਦਾ ਇਹ ਵੀ ਮੰਨਣਾ ਹੈ ਕਿ ਜੇਕਰ ਕਰੋਨਾ ਦੇ ਮਰੀਜ਼ਾਂ ਦਾ ਇਸ ਖੇਤਰ ਵਿੱਚ ਵੱਧਣਾ ਜਾਰੀ ਰਿਹਾ ਤਾਂ ਲਾਕਡਾਊਨ ਵੀ ਲਗਾਇਆ ਜਾ ਸਕਦਾ ਹੈ। ਉਨ੍ਹਾਂ ਇਹ ਵੀ ਕਿਹਾ ਕਿ ਜਿਹੜੇ ਲੋਕ ਫੇਸ ਮਾਸਕ ਵਾਲੇ ਨਿਯਮ ਦੀ ਉਲੰਘਣਾ ਕਰਦੇ ਹਨ ਉਨ੍ਹਾਂ ਨੂੰ ਭਾਰੀ ਜੁਰਮਾਨੇ ਲਗਾਏ ਜਾਣਗੇ ਅਤੇ ਲੋਕ ਇਸ ਨੂੰ ਅਣਗੌਲਿਆ ਨਾ ਕਰਨ। ਸ਼ਾਪਿੰਗ ਸੈਂਟਰਾਂ, ਜਨਤਕ ਵਾਹਨਾਂ, ਪੂਜਾ-ਅਰਚਨਾ ਵਾਲੀਆਂ ਥਾਵਾਂ, ਸੈਲੂਨਾਂ ਅਤੇ ਬਿਊਟੀ ਪਾਰਲਰਾਂ, ਮਨੋਰੰਜਨ ਦੇ ਕੇਂਦਰਾਂ ਜਿਵੇਂ ਕਿ ਸਿਨੇਮਾ ਜਾਂ ਹੋਰ ਸਟੇਜ ਪ੍ਰੋਗਰਾਮਾਂ ਵਾਲੇ ਖੇਤਰਾਂ ਵਿੱਚ, ਪੋਸਟ ਆਫ਼ਿਸ ਅਤੇ ਬੈਂਕਾਂ ਆਦਿ ਹਰ ਜਗ੍ਹਾ ਉਪਰ ਹੀ ਫੇਸ ਮਾਸਕ ਪਾਉਣਾ ਲਾਜ਼ਮੀ ਹੈ ਅਤੇ ਅਜਿਹੇ ਖੇਤਰਾਂ ਵਿੱਚ ਜਿੱਥੇ ਕਿ ਹਾਸਪਿਟੈਲਿਟੀ (ਹੋਟਲਾਂ, ਰੈਸਟੌਰੈਂਟਾਂ) ਵਗਾਰਾ ਦੀ ਸੇਵਾ ਪ੍ਰਦਾਨ ਕੀਤੀ ਜਾਂਦੀ ਹੈ -ਸਮੁੱਚੇ ਸਟਾਫ ਅਤੇ ਵਰਕਰਾਂ ਨੂੰ ਵੀ ਫੇਸ ਮਾਸਕ ਪਾਉਣਾ ਲਾਜ਼ਮੀ ਕੀਤਾ ਗਿਆ ਹੈ। ਬੇਰਾਲਾ ਬੀ.ਡਬਲਿਊ.ਐਸ. ਖੇਤਰ ਵਿੱਚ 22 ਦਿਸੰਬਰ ਤੋਂ ਲੈ ਕੇ ਨਵੇਂ ਸਾਲ ਵਾਲੀ ਸ਼ਾਮ (31 ਦਿਸੰਬਰ) ਤੱਕ ਦੇ ਦਿਨਾਂ ਵਿੱਚ ਜਿਸ ਕਿਸੇ ਨੇ ਵੀ ਸ਼ਿਰਕਤ ਕੀਤੀ ਹੋਵੇ -ਆਪਣੀ ਸਿਹਤ ਦਾ ਧਿਆਨ ਰੱਖੇ ਅਤੇ ਲੋੜ ਪੈਣ ਤੇ ਆਪਣੇ ਆਪ ਨੂੰ ਤੁਰੰਤ ਆਈਸੋਲੇਟ ਕਰੇ ਅਤੇ ਸਿਹਤ ਅਧਿਕਾਰੀਆਂ ਨੂੰ ਇਸ ਦੀ ਸੂਚਨਾ ਦੇਵੇ। ਇਨ੍ਹਾਂ ਖੇਤਰਾਂ ਵਿੱਚ ਹਜ਼ਾਰਾਂ ਲੋਕਾਂ ਦੇ ਕਰੋਨਾ ਵਾਇਰਸ ਤੋਂ ਪ੍ਰਭਾਵਿਤ ਹੋਣ ਦੀ ਸੰਭਾਵਨਾ ਬਣਦੀ ਦਿਖਾਈ ਦੇ ਰਹੀ ਹੈ।

Install Punjabi Akhbar App

Install
×