ਹਾਦਸਾ ਬਹੁਤ ਹੀ ਭਿਆਨਕ ਸੀ… ਗ਼ਨੀਮਤ ਹੈ ਕਿ ਬਹੁਤ ਸਾਰੇ ਲੋਕ ਇਸ ਹਾਦਸੇ ਵਿੱਚ ਬੱਚ ਗਏ -ਚੀਫ਼ ਕਮਿਸ਼ਨਰ

ਗੋਲਡ ਕੋਸਟ ਦੇ ਇੱਚ ਬੀਚ ਉਪਰ ਵਾਪਰੇ ਭਿਆਨਕ ਹੈਲੀਕਾਪਟਰ ਹਾਦਸੇ ਬਾਰੇ ਬੋਲਦਿਆਂ ਏ.ਟੀ.ਐਸ.ਬੀ. (Australia’s national transport safety) ਦੇ ਮੁੱਖ ਕਮਿਸ਼ਨਰ -ਐਂਗਸ ਮਿਸ਼ੈਲ, ਨੇ ਕਿਹਾ ਕਿ ਹਾਦਸਾ ਬਹੁਤ ਹੀ ਭਿਆਨਕ ਸੀ… ਗ਼ਨੀਮਤ ਹੈ ਕਿ ਬਹੁਤ ਸਾਰੇ ਲੋਕ ਇਸ ਹਾਦਸੇ ਵਿੱਚ ਬੱਚ ਗਏ ਹਨ ਨਹੀਂ ਤਾਂ ਬਹੁਤ ਸਾਰੇ ਲੋਕਾਂ ਦੀ ਜਾਨ ਜਾ ਸਕਦੀ ਸੀ।
ਗੋਲਡ ਕੋਸਟ ਉਪਰ ਹੋਏ ਉਕਤ ਹਾਦਸੇ ਦੌਰਾਨ ‘ਸੀ ਵਰਲਡ ਹੈਲੀਕਾਪਟਰਜ਼’ ਕੰਪਨੀ ਦੇ ਦੋ ਹੈਲੀਕਾਪਟਰ ਆਪਸ ਵਿੱਚ ਹੀ ਟਕਰਾ ਗਏ ਅਤੇ ਹਾਦਸਾ ਗ੍ਰਸਤ ਹੋ ਗਏ। ਇੱਕ ਹੈਲੀਕਾਪਟਰ ਜਿਸ ਵਿੱਚ ਕਿ 6 ਲੋਕ ਸਵਾਰ ਸਨ, ਚੰਗੀ ਕਿਸਮਤ ਅਤੇ ਪਾਇਲਟ ਦੀ ਸੂਝਬੂਝ ਕਾਰਨ ਲੈਂਡ ਕਰਵਾ ਲਿਆ ਗਿਆ ਅਤੇ ਇਸਦੇ ਸਾਰੇ ਹੀ ਮੁਸਾਫ਼ਿਰ ਸੁਰੱਖਿਅਤ ਰਹੇ ਜਦੋਂ ਕਿ ਦੂਸਰਾ ਹੈਲੀਕਾਪਟਰ ਜਿਸ ਵਿੱਚ 7 ਲੋਕ ਸਵਾਰ ਸਨ, ਹਾਦਸੇ ਦਾ ਸ਼ਿਕਾਰ ਹੋ ਗਿਆ। ਇਸ ਵਿੱਚ ਸਵਾਰ 4 ਲੋਕ ਮਾਰੇ ਗਏ ਅਤੇ ਹਾਦਸੇ ਵਿੱਚ ਜ਼ਖ਼ਮੀ ਹੋਏ 3 ਵਿਅਕਤੀ ਹਸਪਤਾਲ ਵਿੱਚ ਜ਼ੇਰੇ ਇਲਾਜ ਹਨ ਅਤੇ ਜ਼ਿੰਦਗੀ ਅਤੇ ਮੌਤ ਦੀ ਲੜਾਈ ਲੜ੍ਹ ਰਹੇ ਹਨ।
ਐਂਗਸ ਨੇ ਹਾਦਸੇ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਜਦੋਂ ਇੱਕ ਹੈਲੀਕਾਪਟਰ ਲੈਂਡ ਕਰ ਰਿਹਾ ਸੀ ਅਤੇ ਦੂਸਰਾ ਉਡਾਣ ਭਰ ਰਿਹਾ ਸੀ ਤਾਂ ਦੋਹਾਂ ਉਡਾਣ ਭਰਨ ਵਾਲੇ ਹੈਲੀਕਾਪਟਰ ਦਾ ਪੱਖਾ ਦੂਸਰੇ ਲੈਂਡ ਕਰ ਰਹੇ ਹੈਲੀਕਾਪਟਰ ਦੇ ਕਾਕਪਿਟ ਨਾਲ ਭਿੜ ਗਿਆ ਅਤੇ ਹਾਦਸਾ ਵਾਪਰ ਗਿਆ। ਇਸ ਦੇ ਅਗਲੇ ਹੀ ਪਲ਼ ਵਿੱਚ ਉਡਾਣ ਭਰ ਰਹੇ ਹੈਲੀਕਾਪਟਰ ਦਾ ਪੱਖਾ, ਗਿਅਰਬਾਕਸ ਨਾਲੋਂ ਟੁੱਟ ਹੀ ਗਿਆ ਅਤੇ ਹੈਲੀਕਾਪਟਰ ਧਰਤੀ ਤੇ ਆਣ ਡਿੱਗਾ।
ਅਧਿਕਾਰੀ ਹੁਣ ਇਸ ਹਾਦਸੇ ਦੀ ਜਾਂਚ ਪੜਤਾਲ ਵਿੱਚ ਰੁੱਝੇ ਹਨ।