ਪਰਥ ਵਿੱਚ ਰਹਿਣ ਵਾਲੀ ਚੀਨੀ ਮਹਿਲਾ, ਕਬੂਤਰਬਾਜੀ ਦੇ ਕੇਸ ਵਿੱਚ ਗਈ ਜੇਲ੍ਹ ਵਿੱਚ

(ਐਸ.ਬੀ.ਐਸ. ਦੀ ਖ਼ਬਰ ਮੁਤਾਬਿਕ) ਪਰਥ ਵਿੱਚ ਰਹਿਣ ਵਾਲੀ ਇੱਕ 38 ਸਾਲਾਂ ਦੀ ਚੀਨੀ ਮਹਿਲਾ ਨੂੰ ਗਲਤ ਅਤੇ ਗੈਰ ਕਾਨੂੰਨੀ ਤਰੀਕਿਆਂ ਨਾਲ ਕਬੂਤਰਬਾਜੀ ਕਰਨ ਦੇ ਦੋਸ਼ ਹੇਠ ਸਾਢੇ ਛੇ ਸਾਲ ਦੀ ਜੇਲ੍ਹ ਦੀ ਸਜ਼ਾ ਸੁਣਾਈ ਗਈ ਹੈ। ਉਸ ਉਪਰ ਲਗਾਏ ਗਏ ਇਲਜ਼ਾਮਾਂ ਵਿੱਚ ਕਿਹਾ ਗਿਆ ਹੈ ਕਿ ਉਹ ਆਪਣੇ ਗ੍ਰਾਹਕਾਂ ਕੋਲੋਂ ਆਸਟ੍ਰੇਲੀਆ ਦੇ ਵੀਜ਼ੇ ਲਈ 300,000 ਡਾਲਰ ਤੱਕ ਲੈ ਲੈਂਦੀ ਸੀ ਪਰੰਤੂ ਉਹ ਕਦੇ ਵੀ ਉਨ੍ਹਾਂ ਦੀ ਅਰਜ਼ੀ ਆਸਟ੍ਰੇਲੀਆਈ ਵਿਭਾਗ ਅੰਦਰ ਦਾਖਿਲ ਵੀ ਨਹੀਂ ਕਰਦੀ ਸੀ ਅਤੇ ਲੋਕ ਗੈਰ-ਕਾਨੂੰਨੀ ਤਰੀਕਿਆਂ ਨਾਲ ਨਾਨ-ਸਿਟੀਜ਼ਨ ਘੋਸ਼ਿਤ ਕਰ ਦਿੱਤੇ ਜਾਂਦੇ ਸਨ ਅਤੇ ਜਾਂ ਫੇਰ ਆਸਟ੍ਰੇਲੀਆ ਅੰਦਰ ਦਾਖਿਲ ਹੀ ਨਹੀਂ ਹੋ ਸਕਦੇ ਸਨ। ਆਸਟ੍ਰੇਲੀਆਈ ਬਾਰਡਰ ਫੋਰਸ ਨੇ ਦੱਸਿਆ ਕਿ ਉਸਦੇ ਜ਼ਿਆਦਾਤਰ ਗ੍ਰਾਹਕ ਅੰਗ੍ਰੇਜ਼ੀ ਦਾ ਬਹੁਤ ਜ਼ਿਆਦਾ ਸੀਮਿਤ ਗਿਆਨ ਰੱਖਦੇ ਸਨ ਅਤੇ ਆਸਟ੍ਰੇਲੀਆਈ ਕਾਨੂੰਨਾਂ ਤੋਂ ਵੀ ਵਾਕਿਫ਼ ਨਹੀਂ ਹੁੰਦੇ ਸਨ ਇਸ ਲਈ ਉਹ ਕੀ ਕਰ ਰਹੀ ਹੈ, ਕਿਸੇ ਨੂੰ ਪਤਾ ਹੀ ਨਹੀਂ ਸੀ ਚਲਦਾ। ਉਕਤ ਮਹਿਲਾ ਦੇਸ਼ ਦੇ ਘਰੇਲੂ ਮਾਮਲਿਆਂ ਦੇ ਵਿਭਾਗ ਦੇ ਦਸਤਾਵੇਜ਼ ਵੀ ਨਕਲੀ ਤੌਰ ਤੇ ਤਿਆਰ ਕਰ ਲੈਂਦੀ ਸੀ ਅਤੇ ਅਜਿਹੇ ਨਕਲੀ ਦਸਤਾਵੇਜ਼ ਦੇ ਕੇ ਆਪਣੇ ਗ੍ਰਾਹਕਾਂ ਨੂੰ ਕਹਿੰਦੀ ਸੀ ਕਿ ਉਨ੍ਹਾਂ ਦਾ ਵੀਜ਼ਾ ਲੱਗ ਗਿਆ ਹੈ। ਅਦਾਲਤ ਨੇ ਹੁਣ ਉਕਤ ਮਹਿਲਾ ਨੂੰ 4 ਸਾਲ ਅਤੇ 6 ਮਹੀਨੇ ਦੀ ਬਿਨ੍ਹਾਂ ਜ਼ਮਾਨਤ ਤੋਂ ਸਜ਼ਾ ਸੁਣਾਈ ਹੈ ਅਤੇ ਉਸ ਖ਼ਿਲਾਫ਼ ਸ਼ਿਕਾਇਤ ਕਰਤਾ ਨੂੰ 188,235 ਡਾਲਰ ਮੋੜਨ ਦੀ ਹਦਾਇਤ ਵੀ ਕੀਤੀ ਹੈ ਪਰੰਤੂ ਉਸਨੂੰ ਮਿਲੀ ਕੁੱਲ ਸਜ਼ਾ 6 ਸਾਲੇ ਅਤੇ 6 ਮਹੀਨੇ ਹੀ ਹੈ। ਏ.ਬੀ.ਐਫ. ਨੇ ਕਿਹਾ ਕਿ ਉਸਦੇ ਬਹੁਤ ਸਾਰੇ ਗਾਹਕਾਂ ਦਾ ਪਤਾ ਨਹੀਂ ਲਗਾਇਆ ਜਾ ਸਕਦਾ ਕਿਉਂਕਿ ਉਹ ਬਾਹਰਲੇ ਦੇਸ਼ਾਂ ਤੋਂ ਹਨ। ਉਨ੍ਹਾਂ ਜਨਤਕ ਸੂਚਨਾ ਦਾ ਐਲਾਨ ਕਰਦਿਆਂ ਕਿਹਾ ਹੈ ਕਿ ਜੇਕਰ ਕਿਸੇ ਦੀ ਨਿਗ੍ਹਾ ਵਿੱਚ ਅਜਿਹਾ ਕੋਈ ਚਾਲਬਾਜ਼ ਆਉਂਦਾ ਹੈ ਤਾਂ ਇਸ ਦੀ ਸੂਚਨਾ ਏ.ਬੀ.ਐਫ਼ ਨੂੰ http://www.border.gov.au/borderwatch ਉਪਰ ਦਿੱਤੀ ਜਾ ਸਕਦੀ ਹੈ।

Install Punjabi Akhbar App

Install
×