ਰਮੇਸ਼ ਸੰਘਾ ਵੱਲੋਂ ਕੈਨੇਡੀਅਨ ਪਾਰਲੀਮੈਂਟ ਵਿੱਚ ਸਿੱਖ ਸਾਂਸਦਾਂ ਤੇ ਫਿਰ ਲਾਏ ਖਾਲਿਸਤਾਨੀ ਹਮਾਇਤੀ ਹੋਣ‌ ਦੇ ਦੋਸ਼

ਨਿਊਯਾਰਕ/ ਬਰੈਂਪਟਨ— ਲਿਬਰਲ ਪਾਰਟੀ ਵਿੱਚੋਂ ਬਾਹਰ ਕੱਢੇ ਗਏ ਬਰੈਂਪਟਨ ਸੈਂਟਰ ਤੋਂ ਸਾਂਸਦ ਰਮੇਸ਼ ਸੰਘਾ ਨੇ ਕੈਨੇਡੀਅਨ ਪਾਰਲੀਮੈਂਟ ਦੇ ਹਾਊਸ ਆਫ ਕਾਮਨਜ਼ ਵਿਖੇ ਕੁੱਝ ਦਿਨ ਪਹਿਲਾਂ ਕੈਨੇਡੀਅਨ ਸਿੱਖ ਸਾਂਸਦਾਂ ਖਾਸਕਰ ਲਿਬਰਲ ਪਾਰਟੀ ਨਾਲ ਸਬੰਧਤ ਸਾਂਸਦਾਂ ਉੱਤੇ ਖਾਲਿਸਤਾਨੀ ਹੋਣ ਦਾ ਦੋਸ਼ ਲਗਾਇਆ ਹੈ, ਇਹੋ ਜਿਹੇ ਹੀ ਆਪ ਹੁਦਰੇ ਬਿਆਨਾਂ ਕਾਰਨ ਉਨਾਂ ਨੂੰ ਪਾਰਟੀ ਚੋਂ ਕੱਢਿਆ ਗਿਆ ਸੀ । ਰਮੇਸ਼ ਸੰਘਾ ਵੱਲੋਂ ਇਹੋ ਜਿਹੇ ਬਿਆਨ ਪਹਿਲਾਂ ਟਰਾਂਟੋ ਦੇ ਕੁੱਝ ਪੰਜਾਬੀ ਟੀਵੀ ਰੇਡੀਓ ਤੇ ਦਿੱਤੇ ਗਏ ਸਨ ਅਤੇ ਹੁਣ ਇਹੀ ਗੱਲ ਉਨ੍ਹਾਂ ਵੱਲੋਂ ਕੈਨੇਡੀਅਨ ਪਾਰਲੀਮੈਂਟ ਵਿੱਚ ਕਹੀ ਗਈ ਹੈ। ਲੋਕਲ ਭਾਈਚਾਰੇ ਵੱਲੋਂ ਵੀ ਰਮੇਸ਼ ਸੰਘਾ ਦੇ ਇਹੋ ਜਿਹੇ ਗੈਰ ਜ਼ਿੰਮੇਵਾਰੀ ਵਾਲੇ ਬਿਆਨਾਂ ਦੀ ਨਿਖੇਧੀ ਕੀਤੀ ਜਾ ਚੁੱਕੀ ਹੈ। ਇਸਤੋਂ ਇਲਾਵਾ ਕੁੱਝ ਦਰਜ਼ਨ ਦੇ ਕਰੀਬ ਭਾਜਪਾ ਹਮਾਇਤੀਆਂ ਵੱਲੋਂ ਐਨਡੀਪੀ ਪਾਰਟੀ ਦੇ ਆਗੂ ਜਗਮੀਤ ਸਿੰਘ ਦੇ ਬ੍ਰਿਟਿਸ਼ ਕੋਲੰਬੀਆ ਸਥਿਤ ਬਰਨਬੀ ਦਫ਼ਤਰ ਦੇ ਬਾਹਰ ਮੁਜ਼ਾਹਰਾ ਵੀ ਕੀਤਾ ਗਿਆ ਹੈ। ਭਾਜਪਾ ਤੇ ਖੇਤੀਬਾੜੀ ਬਿਲਾਂ ਦੇ ਹਮਾਇਤੀਆਂ ਵੱਲੋਂ ਇਹੋ ਜਿਹੇ ਦੋਸ਼ ਲਗਾਏ ਜਾ ਰਹੇ ਹਨ ਕਿ ਕੈਨੇਡਾ ਵਿੱਚ ਬੈਠੇ ਕਿਸਾਨੀ ਸੰਘਰਸ਼ ਦੇ ਹਮਾਇਤੀਆਂ ਵੱਲੋਂ ਉਨਾਂ ਨੂੰ ਧਮਕੀਆਂ ਦਿੱਤੀਆਂ ਜਾ ਰਹੀਆਂ ਹਨ ਜਿਸਦਾ ਭਾਰਤ ਸਰਕਾਰ ਨੇ ਸਖ਼ਤ ਨੋਟਿਸ ਵੀ ਲਿਆ ਸੀ। ਖੇਤੀਬਾੜੀ ਬਿਲਾਂ ਦੇ ਹਮਾਇਤੀਆਂ ਵੱਲੋਂ ਕੈਨੇਡਾ ਵਿਖੇ ਲਗਾਤਾਰ ਧਮਕੀਆਂ ਦੀਆਂ ਗੱਲਾਂ ਕੀਤੀਆਂ ਜਾ ਰਹੀਆਂ ਹਨ ਭਾਵੇਂ ਕਿ ਜ਼ਮੀਨੀ ਪੱਧਰ ਤੇ ਕਿਸਾਨੀ ਜੱਥੇਬੰਦੀਆਂ ਦੇ ਹੱਕ ਵਿੱਚ ਕੀਤੇ ਸਾਰੇ ਹੀ ਮੁਜ਼ਾਹਰੇ ਸ਼ਾਂਤੀਪੂਰਨ ਰਹੇ ਹਨ।

Install Punjabi Akhbar App

Install
×