ਸਰਕਾਰੀ ਨੌਕਰੀਆਂ ਲਈ ਯੋਗਤਾ ਟੈਸਟ ਪਰ ਸਰਕਾਰ ਚਲਾਉਣ ਵਾਲਿਆਂ ਲਈ ਕਿਉਂ ਨਹੀਂ??

indexਸਮੁੱਚੇ ਭਾਰਤ ਵਿੱਚ ਸਿੱਖਿਆ ਪ੍ਰਣਾਲੀ ਇਸ ਕਦਰ ਗੁੰਝਲਦਾਰ ਬਣੀ ਤੇ ਬਣਾਈ ਹੋਈ ਹੈ ਕਿ ਕਿਸੇ ਨੌਕਰੀ ਲਈ ਨਿਯਤ ਵਿੱਦਿਅਕ ਯੋਗਤਾ ਨੂੰ ਸਰ ਕਰਨ ਤੋਂ ਬਾਅਦ ਵੀ ਪ੍ਰੀਖਿਆਵਾਂ ਦਾ ਭਵਸਾਗਰ ਪਾਰ ਕਰਨਾ ਲਾਜ਼ਮੀ ਕੀਤਾ ਹੋਇਆ ਹੈ। ਬਹੁਤ ਸਾਰੇ ਨੌਜਵਾਨ ਅਜਿਹੇ ਵੀ ਹੋਣਗੇ ਜੋ ਰੋਜ਼ੀ ਰੋਟੀ ਕਮਾਉਣ ਜੋਕਰੇ ਹੋਣ ਤੋਂ ਪਹਿਲਾਂ ਹੀ ਪ੍ਰੀਖਿਆਵਾਂ ਦੀ ਕੰਡਿਆਲੀ ਤਾਰ ‘ਚ ਉਲਝ ਕੇ ਨੌਕਰੀ ਲਈ ਜਰੂਰੀ ਉਮਰ ਮਿਆਦ ਪੁਗਾ ਬੈਠਦੇ ਹਨ। ਫਿਰ ਪੱਲੇ ਝੁਰਨਾ ਹੀ ਰਹਿ ਜਾਂਦਾ ਹੈ ਕਿ ਕਿਉਂ ਅਜਿਹੀ ਪੜ੍ਹਾਈ ਲਈ ਪੈਸੇ ਤੇ ਕੀਮਤੀ ਸਮੇਂ ਦੀ ਬਰਬਾਦੀ ਕੀਤੀ?
ਦੂਸਰੇ ਪਾਸੇ ਭਾਰਤ ਦੇ ਸਿਆਸਤ ਜਗਤ ਵਿੱਚ ਅਜਿਹੀ ਕੋਈ ਪ੍ਰੀਖਿਆ ਹੀ ਨਹੀਂ? ਕਿਸੇ ਨਾ ਕਿਸੇ ਢੰਗ ਤਰੀਕੇ ਵੋਟਾਂ ਹਾਸਲ ਕਰੋ। ਵਿਧਾਇਕ ਬਣੋ, ਸਾਂਸਦ ਬਣੋ ਤੇ ਉਹਨਾਂ ਲੋਕਾਂ ਲਈ ਕਾਨੂੰਨ ”ਬਨਾਉਣ” ਵਾਲੇ ਬਣ ਜਾਵੋ ਜਿਹਨਾਂ ਦਾ ਲਿਆਕਤ ਪੱਧਰ ਤੁਹਾਡੇ ਨਾਲੋਂ ਕਈ ਗੁਣਾ ਉੱਚਾ ਹੋਵੇ। ਪਰ ਬਦਕਿਸਮਤੀ ਇਸ ਗੱਲ ਦੀ ਕਿ ਕਾਨੂੰਨ ਬਨਾਉਣ ਵਾਲਾ ਬੇਸ਼ੱਕ ਅਨਪੜ੍ਹ ਹੋਵੇ, ਪਰ ਉਹਨਾਂ ਕਾਨੂੰਨਾਂ ਨੂੰ ”ਸੱਤਬਚਨ” ਕਹਿ ਕੇ ਮੰਨਣ ਵਾਲੇ ਥੱਬਾ ਥੱਬਾ ਡਿਗਰੀਆਂ ਵਾਲੇ ਵੀ ਮਿਲ ਜਾਣਗੇ। ਇਹ ਸ਼ਬਦ ਲਿਖਣ ਲਈ ਪੰਜਾਬ ਤੋਂ ਛਪਦੀ ਇੱਕ ”ਪੰਜਾਬ ਦੀ ਆਵਾਜ਼” ਅਖਵਾਉਂਦੀ ਅਖ਼ਬਾਰ ਨੇ ਮਜ਼ਬੂਰ ਕੀਤੈ, ਜਿਸਦੀ 10 ਮਾਰਚ ਦੇ ਅੰਕ ਦੀ ਖਬਰ ਸੀ ਕਿ ”ਸ਼ਹੀਦ ਭਗਤ ਸਿੰਘ ਦੇ ਜਨਮ ਦਿਵਸ ‘ਤੇ ਸ਼ੁਰੂ ਕੀਤੀਆਂ ਜਾਣ ਚੰਡੀਗੜ੍ਹ ਤੋਂ ਕੌਮਾਂਤਰੀ ਉਡਾਣਾਂ-ਚੰਦੂਮਾਜਰਾ”। ਬੇਸ਼ੱਕ ਖ਼ਬਰ ਦੀ ਭਾਵਨਾ ਨਾਲ ਸਾਡਾ ਕੋਈ ਮੱਤਭੇਦ ਨਹੀਂ। ਸ਼੍ਰੋਮਣੀ ਅਕਾਲੀ ਦਲ ਦੇ ਜਨਰਲ ਸਕੱਤਰ ਸ੍ਰ: ਪ੍ਰੋਫੈਸਰ ਪ੍ਰੇਮ ਸਿੰਘ ਚੰਦੂਮਾਜਰਾ ਦੀ ਤਾਰੀਫ਼ ਕਰਨੀ ਬਣਦੀ ਹੈ ਜਿਹਨਾਂ ਨੇ ਭਗਤ ਸਿੰਘ ਨੂੰ ਯਾਦ ਕੀਤਾ, ਚੰਡੀਗੜ੍ਹ ਏਅਰਪੋਰਟ ਜਰੀਏ ਪੰਜਾਬ ਨੂੰ ਹੋਣ ਵਾਲੇ ਭਵਿੱਖੀ ਮੁਨਾਫ਼ੇ ਲਈ ਬਿਆਨ ਦਿੱਤਾ। ਪਰ ਹੈਰਾਨੀ ਇਸ ਗੱਲ ਦੀ ਹੋਈ ਕਿ ਨਾਮ ਨਾਲ ਪ੍ਰੋਫੈਸਰ ਸ਼ਬਦ ਲਗਾਉਣ ਵਾਲੇ ਚੰਦੂਮਾਜਰਾ ਸਾਹਿਬ ਗਲਤੀ ਖਾ ਗਏ? ਜਾਂ ਪੱਤਰਕਾਰ ਅਣਭੋਲ ਸੀ ਜਾਂ ਫਿਰ ਅਖ਼ਬਾਰ ਦਾ ਅਮਲਾ ਇਸ ਗੱਲ ਤੋਂ ਅਣਭਿੱਜ ਹੈ ਕਿ 23 ਮਾਰਚ ਸ਼ਹੀਦ ਭਗਤ ਸਿੰਘ ਦਾ ਸ਼ਹੀਦੀ ਦਿਨ ਹੈ ਨਾ ਕਿ ਜਨਮਦਿਨ। ਜੇ ਪੱਤਰਕਾਰ ਤੇ ਅਖ਼ਬਾਰ ਦਾ ਅਮਲਾ ਇਸ ਇਤਿਹਾਸਕ ਗਲਤੀ ਨੂੰ ਪ੍ਰੋਫੈਸਰ ਚੰਦੂਮਾਜਰਾ ਸਾਹਿਬ ਸਿਰ ਮੜ੍ਹ ਦਿੰਦੇ ਹਨ ਤਾਂ ਗੱਲ ਉੱਥੇ ਆਣ ਖੜ੍ਹਦੀ ਹੈ ਕਿ ਕੀ ਪ੍ਰੋਫੈਸਰ ਸਾਹਿਬ ਇਹ ਵੀ ਨਹੀਂ ਜਾਣਦੇ ਕਿ ਭਗਤ ਸਿੰਘ ਦਾ ਜਨਮਦਿਨ ਕਦੋਂ ਹੈ ਤੇ ਸ਼ਹੀਦੀ ਦਿਨ ਕਦੋਂ? ਦੇਸ਼ ਦੇ ਉੱਚਤਮ ਰਾਜਨੀਤਕ ਅਹੁਦਿਆਂ ਤੋਂ ਲੈ ਕੇ ਪਿੰਡ ਪੱਧਰ ਦੀ ਸਰਪੰਚੀ ਤੱਕ ਨਜ਼ਰ ਮਾਰ ਕੇ ਦੇਖ ਸਕਦੇ ਹੋ ਕਿ ਕੌਣ ਕਿੰਨੇ ਕੁ ਪਾਣੀ ‘ਚ ਹੈ? ਅਜੋਕੇ ਹਾਲਾਤ ਇਹ ਹਨ ਕਿ ਇੱਕ ਚਪੜਾਸੀ ਦੀ ਨੌਕਰੀ ਲਈ ਵੀ ਐੱਮ ਏ, ਐੱਮ ਐੱਡ ਡਿਗਰੀਆਂ ਪ੍ਰਾਪਤ ਨੌਜਵਾਨ ਵੀ ਕਤਾਰ ‘ਚ ਖੜ੍ਹੇ ਮਿਲ ਜਾਣਗੇ ਪਰ ਵਿਧਾਇਕ ਜਾਂ ਸਾਂਸਦ ਦੀ ਚੋਣ ਵੇਲੇ ਉਹੀ ਖੜ੍ਹੇ ਵਧੇਰੀ ਮਾਤਰਾ ‘ਚ ਮਿਲਣਗੇ ਜਿਹੜੇ ਜਾਂ ਤਾਂ ਸੁੱਖ ਨਾਲ ਸਕੂਲ ਵੜੇ ਹੀ ਨਹੀਂ। ਜਾਂ ਉਹ ਮਿਲ ਜਾਣਗੇ ਜਿਹਨਾਂ ਨੇ ਦਸਵੀਂ ਬਾਰ੍ਹਵੀ ਵੀ ਦਮ ਲੈ ਲੈ ਕੇ ਪਾਸ ਕੀਤੀ ਹੋਵੇ। ਅਸੀਂ ਇਹ ਵੀ ਨਹੀਂ ਕਹਿ ਰਹੇ ਕਿ ਦੇਸ਼ ਦੀ ਸਿਆਸਤ ‘ਚ ਉੱਚ ਸਿੱਖਿਆ ਪ੍ਰਾਪਤ ਲੋਕ ਨਹੀਂ ਹਨ। ਬਿਲਕੁਲ ਹਨ, ਸ਼ਾਇਦ ਉਹਨਾਂ ਆਸਰੇ ਹੀ ਦੇਸ਼ ਦੀ ਇੱਜ਼ਤ ਤਾਰ ਤਾਰ ਹੋਣੋਂ ਬਚੀ ਆਉਂਦੀ ਹੋਵੇ। ਨਹੀਂ ਤਾਂ ਗਿਆਨ-ਵਿਹੁਣੇ ਕਾਨੂੰਨ ਨਿਰਮਾਤਾ ਕੀ ਕੀ ਗੁਲ ਖਿਲਾ ਦੇਣ, ਸੁਪਨਾ ਵੀ ਨਹੀਂ ਲਿਆ ਜਾ ਸਕਦਾ। ਸਿਆਸਤਦਾਨ ਲੋਕਾਂ ਦੇ ਪ੍ਰਤੀਨਿਧ ਹੁੰਦੇ ਹਨ। ਜੇ ਉਹ ਤੱਥਾਂ ਤੋਂ ਭਟਕ ਕੇ ਕੋਈ ਅਣਹੋਣਾ ਤੇ ਹਾਸੋਹੀਣਾ ਬਿਆਨ ਦਿੰਦੇ ਹਨ ਤਾਂ ਉਹਨਾਂ ਨੂੰ ਸਿੱਧਾ ਦੋਸ਼ ਦੇਣ ਦੀ ਬਜਾਏ ਉਹਨਾਂ ਬਹੁਗਿਣਤੀ ਲੋਕਾਂ ਨੂੰ ਦੋਸ਼ ਦੇਣਾ ਬਣਦਾ ਹੈ ਜਿਹਨਾਂ ਨੇ ਉਹਨਾਂ ਨੂੰ ਆਪਣਾ ਪ੍ਰਤੀਨਿਧੀ ਚੁਣਿਆ ਹੈ। ਅਸੀਂ ਕਿਸੇ ਵੀ ਰਾਜਨੀਤਕ ਧਿਰ ਦੇ ਆਗੂ ਨੂੰ ਦੋਸ਼ ਦੇਣ ਨਾਲੋਂ ਬੇਨਤੀ ਕਰਨੀ ਚਾਹਾਂਗੇ ਕਿ ਕਦੇ ਕਦੇ ਕੁਝ ਨਾ ਕੁਝ ਪੜ੍ਹ ਵੀ ਲੈਣਾ ਚਾਹੀਦਾ ਹੈ ਤਾਂ ਜੋ ਸਾਡੇ ਗਿਆਨ ਵਿੱਚ ਸਮੇਂ ਸਮੇਂ ‘ਤੇ ਆਉਂਦੀ ਖੜੋਤ ਨੂੰ ਤੋੜਿਆ ਜਾ ਸਕੇ। ਹੈਰਾਨੀ ਹੋਈ ਸੀ ਜਦੋਂ ਅੰਮ੍ਰਿਤਸਰ ਉੱਤਰੀ ਤੋਂ ਭਾਰਤੀ ਜਨਤਾ ਪਾਰਟੀ ਦੇ ਵਿਧਾਇਕ ਸ੍ਰੀ ਅਨਿਲ ਜੋਸ਼ੀ 26 ਜਨਵਰੀ 2016 ਨੂੰ ਇੱਕ ਟੀ ਵੀ ਚੈੱਨਲ ਨਾਲ ਗੱਲਬਾਤ ਕਰਦਿਆਂ ਕਹਿ ਰਹੇ ਸਨ ਕਿ ”26 ਜਨਵਰੀ ਨੂੰ ਗਣਤੰਤਰ ਵਿਵਸ ਐ। ਸਾਡਾ ਮੁਲਕ ਆਜ਼ਾਦ ਹੋਇਆ। ਆਜ਼ਾਦੀ ਦਾ ਇਤਿਹਾਸ ਸਭ ਨੂੰ ਪਤੈ। ਲੱਖਾਂ ਨੌਜਵਾਨਾਂ ਨੇ ਕੁਰਬਾਨੀ ਕੀਤੀ। ਸ਼ਹੀਦ ਭਗਤ ਸਿੰਘ, ਰਾਜਗੁਰੂ, ਸੁਖਦੇਵ, ਲਾਲਾ ਲਾਜਪਤ ਰਾਏ, ਸ਼ਹੀਦ ਊਧਮ ਸਿੰਘ। ਇਹ ਚੰਦ ਨਾਮ ਨੇ, ਲੱਖਾਂ ਹੀ ਲੋਕਾਂ ਨੇ ਦੇਸ਼ ਵਾਸਤੇ ਕੁਰਬਾਨੀ ਦਿੱਤੀ ਤਾਂ ਸਾਨੂੰ ਇਹ ਆਜਾਦੀ ਮਿਲੀ।”
ਇੱਥੇ ਇਸ ਗੱਲ ਦਾ ਨਿਤਾਰਾ ਕਰ ਲੈਣਾ ਜਰੂਰੀ ਬਣ ਜਾਂਦੈ ਕਿ 26 ਜਨਵਰੀ ਕਿਉਂ ਮਨਾਈ ਜਾਂਦੀ ਹੈ ਤੇ 15 ਅਗਸਤ ਕਿਉਂ?ઠ
ਅੱਜਕੱਲ੍ਹ ਹੁਸ਼ਿਆਰਪੁਰ ਤੋਂ ਭਾਰਤੀ ਜਨਤਾ ਪਾਰਟੀ ਦੇ ਮੈਂਬਰ ਪਾਰਲੀਮੈਂਟ ਵਿਜੇ ਸਾਂਪਲਾ ਜੀ ਦੀ ਸ਼ੋਸਲ ਮੀਡੀਆ ਤੇ ਚਰਚਾ ਦਾ ਵਿਸ਼ਾ ਬਣੀ ਵੀਡੀਓ ਦਾ ਜ਼ਿਕਰ ਕਰਨਾ ਕੁਥਾਂ ਨਹੀਂ ਹੋਵੇਗਾ ਜਿਸ ਵਿੱਚ ਉਹਨਾਂ ਆਪਣੇ ਸੰਬੋਧਨ ਦੌਰਾਨ ਇੱਕ ਨਿਵੇਕਲੀ ਖੋਜ਼ ਕਰ ਦਿੱਤੀ। ਕੈਂਸਰ ਦੀ ਬੀਮਾਰੀ ਦੀ ਗ੍ਰਿਫਤ ਵਿੱਚ ਆ ਚੁੱਕੇ ਮੋਗਾ ਜਿਲ੍ਹੇ ਦੇ ਪਿੰਡ ਮਾੜੀ ਮੁਸਤਫ਼ਾ ਵਿਖੇ ਪਿਛਲੇ ਵਰ੍ਹੇ ਉਹਨਾਂ ਆਪਣੇ ਪ੍ਰਵਚਨਾਂ ਦੌਰਾਨ ਕਿਹਾ ਸੀ ਕਿ ”ਕੈਂਸਰ, ਹੈਪੇਟਾਈਟਸ ਬੀ ਤੇ ਸੀ ਦੀ ਸਮੱਸਿਆ ਪਾਣੀ ਨਾਲ ਨਹੀਂ ਹੁੰਦੀ। ਸਮੱਸਿਆ ਤਾਂ ਇਹ ਤਾਂ ਪੈਦਾ ਹੁੰਦੀ ਐ, ਜਾਂ ਤਾਂ ਆਪਾਂ ਹੋਰ ਬਹੁਤ ਸਾਰੇ ਕਾਰਨ ਦੱਸਦੇ ਹਾਂ ਜਿਵੇਂ ਆਪਾਂ ਸਰਿੰਜਾਂ ਐਧਰ ਓਧਰ ਲਾ ਲੈਨੇ ਆਂ। ਜਾਂ ਗਲਤ ਸੰਬੰਧ ਵੀ ਇਹਨਾਂ ਦਾ ਕਾਰਨ ਬਣ ਸਕਦੇ ਹਨ। ਜਿਹੜਾ ਅਸੀਂ ਖਾਦਾਂ ਦਾ ਇਸਤੇਮਾਲ ਬਹੁਤ ਜਿਆਦਾ ਕਰ ਰਹੇ ਹਾਂ, ਇਹ ਵੀ ਕਾਰਨ ਹੈ। ਪਾਣੀ ਖਰਾਬ ਹੋਣ ਨਾਲ ਡਾਇਰੀਆ ਹੋ ਸਕਦੈ, ਪਰ ਇਹਨਾਂ ਸਮੱਸਿਆਵਾਂ ਦਾ ਕਾਰਨ ਪਾਣੀ ਦਾ ਪ੍ਰਦੂਸ਼ਿਤ ਹੋਣਾ ਨਹੀਂ।” ਉਹਨਾਂ ਦੇ ਭਾਸ਼ਣੀ ਸ਼ਬਦ ਸੁਣ ਕੇ ਇਸ ਦੁਭਿਧਾ ਨੇ ਘੇਰ ਲਿਆ ਹੈ ਕਿ ਉਹ ਕੈਂਸਰ ਅਤੇ ਕਾਲੇ ਪੀਲੀਏ ਦੀ ਮਾਰ ਝੱਲ ਰਹੇ ਮਾੜੀ ਮੁਸਤਫਾ ਪਿੰਡ ਦੇ ਲੋਕਾਂ ਨੂੰ ਕੋਈ ਧਰਵਾਸ ਦੇ ਰਹੇ ਹਨ ਜਾਂ ਫਿਰ ਪਿੰਡ ਦੇ ਔਰਤਾਂ ਮਰਦਾਂ ਨੂੰ ਗਲਤ ਸੰਬੰਧ ਬਨਾਉਣ ਵਾਲੇ ਹੋਣ ਦਾ ਸਰਟੀਫਿਕੇਟ ਦੇ ਰਹੇ ਹਨ? ਇਹ ਤਾਂ ਕੁੱਝ ਕੁ ਉਦਾਹਰਣਾਂ ਹਨ, ਸਭ ਨੂੰ ਯਾਦ ਹੋਵੇਗਾ ਕਿ ਅਕਸਰ ਹੀ ਸਕੂਲਾਂ ਵਿੱਚ ਲਿਖਿਆ ਹੁੰਦਾ ਹੈ ਕਿ ”ਅੱਜ ਦੇ ਬੱਚੇ, ਕੱਲ੍ਹ ਦੇ ਨੇਤਾ।” ਪਰ ਗੰਗਾ ਐਨੀ ਉਲਟੀ ਕਿਵੇਂ ਵਗਣ ਲੱਗ ਪਈ ਕਿ ਸਕੂਲਾਂ ਦੇ ਬੱਚੇ ਜਰੂਰ ਜਾਣਦੇ ਹੋਣਗੇ ਕਿ 26 ਜਨਵਰੀ ਕਿਉਂ ਮਨਾਈ ਜਾਂਦੀ ਐ? ਸ਼ਹੀਦ ਭਗਤ ਸਿੰਘ ਦਾ ਜਨਮਦਿਨ ਕਿਸ ਤਰੀਕ ਨੂੰ ਹੁੰਦੈ? ਤੇ ਕੈਂਸਰ, ਏਡਜ਼ ਜਾਂ ਕਾਲਾ ਪੀਲੀਆ ਹੋਣ ਦੇ ਵੱਖ ਵੱਖ ਕਾਰਨ ਕੀ ਹੁੰਦੇ ਹਨ? ਪਰ ਇਹਨਾਂ ਸਭ ਬਾਰੇ ਸਾਡੇ ਚੁਣੇ ਹੋਏ ਲੋਕ ਨੁਮਾਇੰਦੇ ਕਿਉਂ ਅਣਭਿੱਜ ਹਨ? ਘੁੰਮਣ ਵਾਲੀ ਕੁਰਸੀ, ਧੁਤੂ ਧੁਤੂ ਕਰਦੀ ਸਰਕਾਰੀ ਗੱਡੀ, ਸੁਰੱਖਿਆ ਕਰਮੀਆਂ ਦੀ ਫੋਜ਼, ਸਰਕਾਰੀ ਸੁੱਖ ਸਹੂਲਤਾਂ ਦੇ ਗੱਫੇ, ਸਲੂਟ ਮਾਰਦੇ ਲੋਕਾਂ ਦਾ ਹੜ੍ਹ ਜਾਂ ਗੱਲ ਗੱਲ ‘ਤੇ ਤਾੜੀਆਂ ਤੇ ਨਾਅਰੇ ਮਿਲਣੇ ਹੀ ਜਰੂਰੀ ਨਹੀਂ ਹੁੰਦਾ ਸਗੋਂ ਹਰ ਪਲ ਸਿੱਖਦੇ ਤੇ ਪੜ੍ਹਦੇ ਵੀ ਰਹਿਣਾ ਚਾਹੀਦਾ ਹੈ ਤਾਂ ਜੋ ਨਾਮੋਸ਼ੀ ਦਾ ਸਾਹਮਣਾ ਨਾ ਕਰਨਾ ਪਵੇ। ਯਾਦ ਰੱਖਿਆ ਜਾਵੇ ਕਿ ਜੇਕਰ ਕੋਈ ਲੋਕਾਂ ਦਾ ਚੁਣਿਆ ਹੋਇਆ ਸਿਆਸੀ ਨੇਤਾ ਆਪਣੀ ਜਾਣਕਾਰੀ ਤੋਂ ਬਾਹਰੀ ਬਿਆਨ ਦਾਗ ਕੇ ਮਜ਼ਾਕ ਦਾ ਪਾਤਰ ਬਣਦਾ ਹੈ ਤਾਂ ਇਹ ਮਜਾਕ ਉਸਦਾ ਨਹੀਂ ਬਲਕਿ ਉਸਦੀ ਪਿੱਠ ਪਿੱਛੇ ਖੜ੍ਹੀ ਜਨਤਾ ਦਾ ਉੱਡਦਾ ਹੈ। ਮੁੱਕਦੀ ਗੱਲ ਕਿ ਜੇ ਨਿੱਕੀ ਤੋਂ ਨਿੱਕੀ ਸਰਕਾਰੀ ਨੌਕਰੀ ਲਈ ਕਦਮ ਦਰ ਕਦਮ ਪ੍ਰੀਖਿਆਵਾਂ ਨਿਯਤ ਕੀਤੀਆਂ ਗਈਆਂ ਹਨ ਤਾਂ ਸਮੁੱਚੇ ਦੇਸ਼ ਦੇ ਤਾਣੇ ਬਾਣੇ ਦੇ ਦਾਰੋਮਦਾਰ ਨੂੰ ”ਚਲਾਉਣ” ਵਾਲੇ ਪੰਚਾਂ-ਸਰਪੰਚਾਂ, ਮੇਅਰਾਂ-ਕੌਂਸਲਰਾਂ, ਵਿਧਾਇਕਾਂ, ਸਾਂਸਦਾਂ, ਰਾਜ ਸਭਾ ਮੈਂਬਰਾਂ ਲਈ ਕਿਉਂ ਨਹੀਂ ਕਿਸੇ ਯੋਗਤਾ ਪ੍ਰੀਖਿਆ ਟੈਸਟ ਦਾ ਪ੍ਰਬੰਧ ਕੀਤਾ ਜਾਂਦਾ?