ਐਨ.ਆਰ.ਐਲ. ਦੇ ਸਾਬਕਾ ਖਿਡਾਰੀ ਜਮੀਲ ਹੋਪਾਟੇ ਨੂੰ ਕੋਕੀਨ ਦੀ ਸਪਲਾਈ ਕਾਰਨ ਹੋਈ ਜੇਲ੍ਹ

27 ਸਾਲਾਂ ਦੇ ਐਨ.ਆਰ.ਐਲ. ਦੇ ਸਾਬਕਾ ਖਿਡਾਰੀ ਜਮੀਲ ਹੋਪਾਟੇ ਨੂੰ ਕੋਕੀਨ ਦੀ ਸਪਲਾਈ ਕਰਨ ਦੇ ਦੋਸ਼ਾਂ ਹੇਠ ਦੋਸ਼ੀ ਪਾਇਆ ਗਿਆ ਹੈ ਅਤੇ ਸਿਡਨੀ ਦੀ ਅਦਾਲਤ ਦੇ ਮਾਣਯੋਗ ਜੱਜ ਸਾਹਿਬਾਨ -ਸ਼ੈਰਨ ਨੋਰਟਨ ਨੇ ਉਕਤ ਦੋਸ਼ੀ ਨੂੰ ਘੱਟੋ ਘੱਟ 2 ਸਾਲ ਅਤੇ ਤਿੰਨ ਮਹੀਨਿਆਂ ਦੀ ਜੇਲ੍ਹ ਦੀ ਸਜ਼ਾ ਸੁਣਾਈ ਹੈ। ਦੋਸ਼ੀ ਨੂੰ ਜੁਲਾਈ 25, 2024 ਨੂੰ ਪੈਰੋਲ ਦਿੱਤੀ ਜਾ ਸਕਦੀ ਹੈ।
ਜਮੀਲ ਨੂੰ ਪੁਲਿਸ ਨੇ ਮਈ 2021 ਵਿੱਚ ਉਦੋਂ ਰੰਗੇ ਹੱਥੀਂ ਗ੍ਰਿਫ਼ਤਾਰ ਕਰ ਲਿਆ ਸੀ ਜਦੋਂ ਉਹ 8 ਕਿਲੋਗ੍ਰਾਮ ਕੋਕੀਨ ਦੀ ਡਲਿਵਰੀ ਦੇਣ ਜਾ ਰਿਹਾ ਸੀ ਅਤੇ ਪੁਲਿਸ ਨੇ ਬਾਕਾਇਦਾ ਟ੍ਰੈਪ ਲਗਾ ਕੇ, ਬੰਦੂਕ ਦੀ ਨੋਕ ਤੇ ਉਕਤ ਦੋਸ਼ੀ ਨੂੰ ਗਿਫ਼ਤਾਰ ਕੀਤਾ ਸੀ। ਇਹ ਨਸ਼ੀਲਾ ਪਦਾਰਥ ਸਿਡਨੀ ਅਤੇ ਇਸਦੇ ਆਲ਼ੇ-ਦੁਆਲ਼ੇ ਦੇ ਖੇਤਰਾਂ ਵਿੱਚ ਵੇਚਿਆ ਜਾਣਾ ਸੀ।
ਜ਼ਿਕਰਯੋਗ ਹੈ ਕਿ ਉਕਤ ਦੋਸ਼ੀ ਇਸ ਤੋਂ ਪਹਿਲਾਂ ਵੀ ਮਾਰਕੁਟਾਈ ਅਤੇ ਦੰਗਾਈ ਦੇ ਜੁਰਮ ਤਹਿਤ ਜੇਲ੍ਹ ਦੀ ਹਵਾ ਖਾ ਚੁਕਿਆ ਹੈ।
ਸਾਲ 2019 ਵਿੱਚ ਵੀ ਉਕਤ ਦੋਸ਼ੀ ਨਸ਼ਿਆਂ ਦੇ ਅਪਰਾਧਿਕ ਮਾਮਲੇ ਤਹਿਤ ਹੀ 2 ਮਹੀਨੇ ਦਾ ਪੁਲਿਸ ਰਿਮਾਂਡ ਵਿੱਚ ਵੀ ਰਿਹਾ ਸੀ ਪਰੰਤੂ ਬਾਅਦ ਵਿੱਚ ਉਸਦੀ ਜ਼ਮਾਨਤ ਹੋ ਗਈ ਸੀ।