ਪੰਜਾਬ ਵਾਤਾਵਰਣ ਚੇਤਨਾ ਲਹਿਰ ਦੇ ਲੋਕ ਸੰਮੇਲਨ ‘ਚੋਂ ਸਿਆਸਤਦਾਨ ਕਿਉਂ ਰਹੇ ਗੈਰ ਹਾਜਰ?

ਲੀਡਰਾਂ ਨੂੰ ਆਉਣ ਵਾਲੀਆਂ ਪੀੜ੍ਹੀਆਂ ਨਹੀਂ, ਸਿਰਫ ਕੁਰਸੀ ਪਿਆਰੀ: ਸੀਚੇਵਾਲ

ਫਰੀਦਕੋਟ :-ਪੰਜਾਬ ਵਾਤਾਵਰਨ ਚੇਤਨਾ ਲਹਿਰ ਵਲੋਂ ਪਿਛਲੇ ਦਿਨੀਂ ਕਰਵਾਏ ਗਏ ਪੰਜਾਬ ਵਾਤਾਵਰਨ ਲੋਕ ਸੰਮੇਲਨ ਦਾ ਮਨੋਰਥ ਪੰਜਾਬ ਦੇ ਨਿੱਘਰਦੇ ਜਾ ਰਹੇ ਪਾਣੀ, ਹਵਾ, ਧਰਤੀ ਤੇ ਜੰਗਲਾਂ ਦੇ ਮੁੱਦਿਆਂ ਨੂੰ ਸਿਆਸੀ ਧਿਰਾਂ ਵਲੋਂ ਬਣ ਰਹੇ ਚੋਣ ਮਨੋਰਥ ਪੱਤਰਾਂ ‘ਚ ਪ੍ਰਮੁੱਖਤਾ ਦਿਵਾਉਣਾ ਸੀ। ਇਸ ਲੋਕ ਸੰਮੇਲਨ ਦੀ ਅਗਵਾਈ ਪੰਜਾਬ ਦੀਆਂ ਵਾਤਾਵਰਨ ਨਾਲ ਲੰਮੇ ਸਮੇ ਤੋਂ ਜੁੜੀਆਂ ਸ਼ਖਸੀਅਤਾਂ ਬਾਬਾ ਬਲਬੀਰ ਸਿੰਘ ਸੀਚੇਵਾਲ, ਬੀਬੀ ਇੰਦਰਜੀਤ ਕੌਰ ਪਿੰਗਲਵਾੜਾ, ਬਾਬਾ ਸੇਵਾ ਸਿੰਘ ਖਡੂਰ ਸਾਹਿਬ, ਗਿਆਨੀ ਕੇਵਲ ਸਿੰਘ ਸਾਬਕਾ ਜਥੇਦਾਰ ਤਖ਼ਤ ਦਮਦਮਾ ਸਾਹਿਬ ਅਤੇ ਕਾਹਨ ਸਿੰਘ ਪੰਨੂ ਸਾਬਕਾ ਆਈਏਐੱਸ ਵਲੋਂ ਕੀਤੀ ਗਈ। ਵਾਤਾਵਰਨ ਚੇਤਨਾ ਲਹਿਰ ਦੇ ਮੈਂਬਰ ਗੁਰਪ੍ਰੀਤ ਸਿੰਘ ਚੰਦਬਾਜਾ ਪ੍ਰਧਾਨ ਭਾਈ ਘਨੱਈਆ ਕੈਂਸਰ ਰੋਕੋ ਸੇਵਾ ਸੁਸਾਇਟੀ ਫਰੀਦਕੋਟ ਅਤੇ ਕਨਵੀਨਰ ਨਰੋਆ ਪੰਜਾਬ ਮੰਚ ਨੇ ਦੱਸਿਆ ਕਿ ਬਾਬਾ ਸੀਚੇਵਾਲ ਸਮੇਤ ਲਹਿਰ ਦੇ ਹੋਰ ਆਗੂਆਂ ਵਲੋਂ ਲਿਖਤੀ ਸੱਦੇ ਪੱਤਰ ਭੇਜੇ ਜਾਣ ਦੇ ਬਾਵਜੂਦ ਇਸ ‘ਚ ਪੰਜਾਬ ਦੀਆਂ ਸਾਰੀਆਂ ਹੀ ਸਿਆਸੀ ਪਾਰਟੀਆਂ ਦੇ ਪ੍ਰਧਾਨ ਗੈਰ ਹਾਜ਼ਰ ਰਹੇ। ਉਹਨਾਂ ਆਪਣੇ ਨੁਮਾਇੰਦੇ ਵੀ ਨਹੀਂ ਭੇਜੇ, ਜਿਸ ਤੋਂ ਸਾਫ ਹੋ ਜਾਂਦਾ ਹੈ ਕਿ ਸਿਆਸੀ ਧਿਰਾਂ ਲੋਕਾਂ ਦੇ ਇਸ ਅਹਿਮ ਮੁੱਦੇ ਬਾਰੇ ਕਿੰਨੀਆਂ ਕੁ ਸੁਹਿਰਦ ਹਨ। ਇਹਨਾਂ ਨੂੰ ਆਉਣ ਵਾਲੀਆਂ ਪੀੜ੍ਹੀਆਂ ਦੀ ਨਹੀਂ ਬਲਕਿ ਸਿਰਫ ਕੁਰਸੀ ਦੀ ਚਿੰਤਾ ਹੈ। ਪੀਏਸੀ ਸਤਲੁਜ ਤੇ ਮੱਤੇਵਾੜਾ ਜੰਗਲ ਦੇ ਜਸਕੀਰਤ ਸਿੰਘ ਨੇ ਕਿਹਾ ਕਿ ਪੰਜਾਬ ਦੀਆਂ ਅਤਿ ਸਤਿਕਾਰਤ ਸ਼ਖਸ਼ੀਅਤਾਂ ਦੇ ਸੱਦੇ ਦੇ ਬਾਵਜੂਦ ਵਾਤਾਵਰਨ ਦੇ ਗੰਭੀਰ ਮੁੱਦੇ ਨੂੰ ਸਿਆਸੀ ਪਾਰਟੀਆਂ ਦੇ ਪ੍ਰਧਾਨਾਂ ਵਲੋਂ ਅਣਗੌਲਿਆਂ ਕਰਨਾ ਬਹੁਤ ਮੰਦਭਾਗਾ ਹੈ। ਉਨਾ ਕਿਹਾ ਕਿ ਵਾਤਾਵਰਨ ਦਾ ਨਿਘਾਰ ਪੰਜਾਬੀਆਂ ਦੀ ਸਿਹਤ ਅਤੇ ਆਰਥਿਕਤਾ ਦੋਹਾਂ ਨੂੰ ਵੱਡਾ ਨੁਕਸਾਨ ਪਹੁੰਚਾ ਰਿਹਾ ਹੈ। ਵਾਤਾਵਰਨ ਚੇਤਨਾ ਲਹਿਰ ਦੀ ਇਸ ਮੁਹਿੰਮ ਤਹਿਤ ਅਸੀਂ ਅੱਗੇ ਦੇ ਹੋਰ ਪ੍ਰੋਗਰਾਮ ਉਲੀਕ ਰਹੇ ਹਾਂ। ਸਿਆਸੀ ਧਿਰਾਂ ਨੂੰ ਇੱਕ ਹੋਰ ਮੌਕਾ ਦੇਣ ਬਾਰੇ ਵੀ ਵਿਚਾਰ ਕੀਤਾ ਜਾ ਰਿਹਾ ਹੈ।

Install Punjabi Akhbar App

Install
×