ਵਾਤਾਵਰਣ ਚੇਤਨਾ ਸਮਾਗਮ ਸਬੰਧੀ ਵੱਖ ਵੱਖ ਰਾਜਨੀਤਿਕ ਪਾਰਟੀਆਂ ਦੇ ਆਗੂਆਂ ਨੂੰ ਦਿੱਤਾ ਸੱਦਾ

ਸਿਆਸੀ ਆਗੂਆਂ ਨੇ ਵਾਤਾਵਰਣ ਨੂੰ ਮੁੱਦਾ ਬਣਾਉਣ ਪ੍ਰਤੀ ਖੁਦ ਜਤਾਈ ਸਹਿਮਤੀ

ਫਰੀਦਕੋਟ :- ਚੋਣਾਂ 2022 ਦੌਰਾਨ ਪੰਜਾਬ ਦੇ ਜਹਿਰੀਲੇ ਹੋ ਰਹੇ ਵਾਤਾਵਰਣ (ਧਰਤੀ ਹਵਾ ਤੇ ਪਾਣੀ) ਨੂੰ ਬਚਾਉਣ ਹਿੱਤ ਰਾਜਨੀਤਿਕ ਪਾਰਟੀਆਂ ਦੇ ਚੋਣ ਮਨੋਰਥ ਪੱਤਰ ‘ਚ ਵਾਤਾਵਰਣ ਦੀ ਸੰਭਾਲ ਨੂੰ ਸ਼ਾਮਲ ਕਰਵਾਉਣ ਸਬੰਧੀ ਸੰਤ ਬਲਵੀਰ ਸਿੰਘ ਸੀਚੇਵਾਲ, ਬੀਬੀ ਇੰਦਰਜੀਤ ਕੌਰ ਪਿੰਗਲਵਾੜਾ, ਸੰਤ ਬਾਬਾ ਸੇਵਾ ਸਿੰਘ ਜੀ ਖਡੂਰ ਸਾਹਿਬ, ਗਿਆਨੀ ਕੇਵਲ ਸਿੰਘ ਸਾਬਕਾ ਜਥੇਦਾਰ ਤਖਤ ਦਮਦਮਾ ਸਾਹਿਬ, ਕਾਹਨ ਸਿੰਘ ਪੰਨੂੰ ਆਈਏਐੱਸ, ਗੁਰਪ੍ਰੀਤ ਸਿੰਘ ਚੰਦਬਾਜਾ, ਓਮੇਂਦਰ ਦੱਤ, ਇੰਜੀ. ਜਸਕੀਰਤ ਸਿੰਘ ਲੁਧਿਆਣਾ, ਡਾ. ਗੁਰਚਰਨ ਸਿੰਘ ਨੂਰਪੁਰ, ਐਡਵੋਕੇਟ ਜਸਵਿੰਦਰ ਸਿੰਘ ਅੰਮ੍ਰਿਤਸਰ ਆਦਿ ਦੀ ਅਗਵਾਈ ‘ਚ ਪੰਜਾਬ ਚੇਤਨਾ ਲਹਿਰ ਵਲੋਂ ਵਾਤਾਵਰਣ ਦੇ ਸੁਧਾਰ ਲਈ ਬਾਬਾ ਫਰੀਦ ਨਰਸਿੰਗ ਕਾਲਜ ਕੋਟਕਪੂਰਾ ਵਿਖੇ 2 ਜਨਵਰੀ ਦਿਨ ਐਤਵਾਰ ਨੂੰ ਸਮਾਗਮ ਰੱਖਿਆ ਗਿਆ ਹੈ, ਜਿਸ ‘ਚ ਨਾਮਵਰ ਪੱਤਰਕਾਰ, ਸਾਹਿਤਕਾਰ ਅਤੇ ਵਾਤਾਵਰਣ ਪ੍ਰੇਮੀ, ਸਮਾਜਿਕ ਤੇ ਧਾਰਮਿਕ ਜਥੇਬੰਦੀਆਂ ਦੇ ਚਿੰਤਕ ਨੁਮਾਇੰਦੇ ਭਾਗ ਲੈਣਗੇ। ਗੁਰਮੀਤ ਸਿੰਘ ਸੰਧੂ ਅਤੇ ਮੱਘਰ ਸਿੰਘ ਮੁਤਾਬਿਕ ਉਕਤ ਸਮਾਗਮ ‘ਚ ਫਰੀਦਕੋਟ, ਕੋਟਕਪੂਰਾ ਅਤੇ ਜੈਤੋ ਵਿਧਾਨ ਸਭਾ ਹਲਕਿਆਂ ਤੋਂ ਚੋਣ ਲੜ ਰਹੇ ਵੱਖ-ਵੱਖ ਰਾਜਨੀਤਿਕ ਪਾਰਟੀਆਂ ਦੇ ਉਮੀਦਵਾਰਾਂ ਨੂੰ ਸੱਦਾ ਦਿੱਤਾ ਗਿਆ ਹੈ। ਉਹਨਾਂ ਦੀ ਪਾਰਟੀ ਦਾ ਵਾਤਾਵਰਣ ਸੰਭਾਲ ਸਬੰਧੀ ਪਹਿਲਾਂ ਅਤੇ ਭਵਿੱਖ ਦੀ ਰਣਨੀਤੀ ਬਾਰੇ ਏਜੰਡੇ ‘ਤੇ ਵਿਚਾਰ ਚਰਚਾ ਕੀਤੀ ਜਾਵੇਗੀ। ਇਸ ਤੋਂ ਇਲਾਵਾ ਫਰੀਦਕੋਟ ਜਿਲ੍ਹੇ ਦੀਆਂ ਸਾਰੀਆਂ ਸਮਾਜਸੇਵੀ ਸੰਸਥਾਵਾਂ, ਵਾਤਾਵਰਣ ਪ੍ਰੇਮੀ, ਸਾਹਿਤਕਾਰ, ਮੁਲਾਜ਼ਮ, ਅਧਿਆਪਕ, ਕਿਸਾਨ-ਮਜ਼ਦੂਰ ਜਥੇਬੰਦੀਆਂ ਅਤੇ ਪੰਜਾਬ ਦਰਦੀਆਂ ਨੂੰ ਸਮਾਗਮ ‘ਚ ਸ਼ਾਮਲ ਹੋਣ ਦੀ ਬੇਨਤੀ ਕੀਤੀ ਗਈ ਹੈ। ਇਸ ਮੌਕੇ ਉਪਰੋਕਤ ਤੋਂ ਇਲਾਵਾ ਸੰਦੀਪ ਅਰੋੜਾ ਸੰਸਥਾਪਕ ਸੀਰ ਸੁਸਾਇਟੀ, ਸ਼ੰਕਰ ਸ਼ਰਮਾ ਪ੍ਰਧਾਨ ਮਾਸੂਮ ਪ੍ਰਵਾਜ ਵੈਲਫੇਅਰ ਸੁਸਾਇਟੀ, ਜਗਪਾਲ ਸਿੰਘ ਬਰਾੜ, ਕਰਮਜੀਤ ਸਿੰਘ ਸਰਾਂ, ਰਾਜਿੰਦਰ ਸਿੰਘ ਬਰਾੜ ਆਦਿ ਵੀ ਹਾਜਰ ਸਨ।

Install Punjabi Akhbar App

Install
×