
ਵਾਤਾਵਰਣ ਮੰਤਰੀ ਸ੍ਰੀ ਮੈਟ ਕੀਨ ਨੇ ਖੁਲਾਸਾ ਕਰਦਿਆਂ ਕਿਹਾ ਹੈ ਕਿ ਨਿਊ ਸਾਊਥ ਵੇਲਜ਼ ਸਰਕਾਰ ਨੇ ਨੈਸ਼ਨਲ ਪਾਰਕਾਂ ਅਤੇ ਵਾਈਲਡ ਲਾਈਫ ਸੇਵਾਵਾਂ (ਐਨ.ਪੀ.ਡਬਲਿਊ.ਐਸ.) ਨੂੰ ਜੰਗਲੀ ਅੱਗ ਨਾਲ ਜੂਝਣ ਵਾਸਤੇ ਹੋਰ ਸੌਮਿਆਂ ਦੀ ਉਪਲਭਧਤਾ ਵਾਸਤੇ 29 ਮਿਲੀਅਨ ਡਾਲਰਾਂ ਦਾ ਫੰਡ ਜਾਰੀ ਕੀਤਾ ਹੈ ਜਿਸ ਦੀ ਤਰਤੀਬ ਇਸ ਪ੍ਰਕਾਰ ਹੈ: ਅਗਲੇ 12 ਮਹੀਨਿਆਂ ਲਈ 125 ਫਰੰਟਲਾਈਨ ਫਾਇਰਫਾਈਟਰਾਂ ਦੀ ਭਰਤੀ ਲਈ 21.3 ਮਿਲੀਅਨ ਡਾਲਰ; ਅਗਲੇ ਪੰਜ ਸਾਲਾਂ ਵਿੱਚ, ਨਵੇਂ ਫਾਇਰ ਮੈਨੇਜਮੈਂਟ ਜੋਖਮ ਵਾਲੇ ਦਾਇਰੇ ਅੰਦਰ ਰੂਰਲ ਫਾਇਰ ਸੇਵਾਵਾਂ ਲਈ ਇੱਕ ਵਧੀਆ ਅਤੇ ਵਚਨਬੱਧ ਟੀਮ ਨੂੰ ਤਿਆਰ ਕਰਨ ਲਈ 5.9 ਮਿਲੀਅਨ ਡਾਲਰ; ਐਨ.ਪੀ.ਡਬਲਿਊ.ਐਸ. ਲਈ ਨਵੀਂ ਟੈਂਕਰ ਬ੍ਰਿਗੇਡ, ਹੀਟ ਕਰਟੈਨ ਅਤੇ ਸਿੰਗਲ ਪੁਆਇੰਟ ਸਪਰੇਅ ਸਿਸਟਮ ਨਾਲ ਲੈਸ ਟੀਮ ਲਈ 1 ਮਿਲੀਅਨ ਡਾਲਰ; ਅਤੇ ਅਗਲੇ ਚਾਰ ਸਾਲਾਂ ਲਈ, ਅਜਿਹੇ ਜੰਗਲੀ ਜੀਵ ਜੋ ਕਿ ਬੁਸ਼ਫਾਇਰ ਕਾਰਨ ਜ਼ਖ਼ਮੀ ਹੋ ਜਾਂਦੇ ਹਨ, ਦੇ ਇਲਾਜ ਅਤੇ ਮੁੜ ਵਸੇਵੇਂ ਲਈ 1 ਮਿਲੀਅਨ ਡਾਲਰ, ਦਿੱਤੇ ਗਏ ਹਨ। ਮੰਤਰੀ ਜੀ ਨੇ ਨਿਊ ਸਾਊਥ ਵੇਲਜ਼ ਸਰਕਾਰ ਦਾ ਧੰਨਵਾਦ ਕਰਦਿਆਂ ਕਿਹਾ ਕਿ ਸਰਕਾਰ ਜਨਤਕ ਤੌਰ ਤੇ ਵਧੀਆ ਕਾਰਗੁਜ਼ਾਰੀ ਕਰ ਰਹੀ ਹੈ ਅਤੇ ਇਸ ਦੀਆਂ ਮਿਸਾਲਾਂ ਦਿਨ ਪ੍ਰਤੀਦਿਨ ਲੋਕਾਂ ਦੇ ਸਾਹਮਣੇ ਆ ਰਹੀਆਂ ਹਨ ਅਤੇ ਇਨ੍ਹਾਂ ਦੇ ਨਤੀਜੇ ਵੀ ਬਹੁਤ ਜ਼ਿਆਦਾ ਲਾਹੇਵੰਦ ਹੋਣਗੇ। ਜ਼ਿਕਰਯੋਗ ਇਹ ਵੀ ਹੈ ਕਿ ਉਕਤ ਫੰਡ ਰਾਜ ਸਰਕਾਰ ਦੀ ਪਹਿਲਾਂ ਤੋਂ ਹੀ ਚਲੀ ਆ ਰਹੀ 192 ਮਿਲੀਅਨ ਡਾਲਰ ਜੋ ਕਿ ਬੁਸ਼ਫਾਇਰ ਤੋਂ ਬਚਾਉ ਕਾਰਜਾਂ ਲਈ ਸਕੀਮਾਂ ਵਾਸਤੇ ਐਲਾਨੇ ਸਨ, ਉਸੇ ਦਾ ਹਿੱਸਾ ਹੈ।