
(ਬ੍ਰਿਸਬੇਨ) ਆਸਟ੍ਰੇਲੀਆ ਦੇ ਐਕਟਿੰਗ ਇਮੀਗ੍ਰੇਸ਼ਨ ਅਤੇ ਸਿਟੀਜ਼ਨਸ਼ਿੱਪ ਮੰਤਰੀ ਐਲਨ ਟੱਜ ਵੱਲੋਂ ਇਮੀਗ੍ਰੇਸ਼ਨ ਐਕਟ 1971 ਵਿੱਚ ਸੁਧਾਰ ਕਰਦਿਆਂ ਇਕ ਨਵੇਂ ਕਾਨੂੰਨ ਤਹਿਤ ਪਰਵਾਸੀਆਂ ਨੂੰ ਵਧੇਰੇ ਮੁਫ਼ਤ ਅੰਗਰੇਜ਼ੀ ਕਲਾਸਾਂ ਪ੍ਰਦਾਨ ਕਰਨ ਦੀ ਗੱਲ ਕਹੀ ਹੈ। ਮੰਤਰੀ ਦਾ ਕਹਿਣਾ ਹੈ ਕਿ 2021 ਦੇ ਅੰਤ ਤੱਕ ਨਵੇਂ ਪਾਰਟਨਰ ਵੀਜ਼ਾ ਬਿਨੇਕਾਰਾਂ ਅਤੇ ਨਿਵਾਸੀ ਸਪਾਂਸਰਾਂ ਨੂੰ ਇਹ ਯਕੀਨੀ ਬਨਾਉਣਾ ਹੋਵੇਗਾ ਕਿ ਬਿਨੇਕਾਰਾਂ ਵਾਸਤੇ ਅੰਗਰੇਜ਼ੀ ਸਿੱਖਣ ਦੇ ਉਚਿਤ ਯਤਨ ਕੀਤੇ ਜਾ ਰਹੇ ਹਨ। ਦੱਸਣਯੋਗ ਹੈ ਕਿ 2016 ਦੀ ਜਨਗਨਣਾ ਵਿੱਚ 8 ਲੱਖ 20 ਹਜ਼ਾਰ ਆਸਟ੍ਰੇਲੀਅਨ ਲੋਕਾਂ ਨੇ ਮੰਨਿਆ ਸੀ ਕਿ ਉਹਨਾਂ ਨੂੰ ਅੰਗਰੇਜ਼ੀ ਚੰਗੀ ਤਰਾਂ ਬੋਲਣੀ ਨਹੀਂ ਆਉਂਦੀ ਹੈ। ਉਹਨਾਂ ਇਹ ਵੀ ਕਿਹਾ ਕਿ ਮੌਜੂਦਾ 510 ਘੰਟਿਆਂ ਦਾ ਸਮਾਂ ਲੋਕਾਂ ਦੀ ਅੰਗਰੇਜ਼ੀ ਨੂੰ ਉਭਾਰਨ ਲਈ ਕਾਫੀ ਨਹੀਂ ਹੈਅਤੇ ਇਸ ਲਈ ਜਿਆਦਾ ਸਮਾਂ ਦੇਣਾ ਲੋੜੀਂਦਾ ਹੈ। ਏ ਐਮ ਈ ਐਸ ਸੰਸਥਾ ਜੋ ਕਿ ਪ੍ਰਵਾਸੀਆਂ ਅਤੇ ਸ਼ਰਨਾਰਥੀਆਂ ਨੂੰ ਅੰਗਰੇਜ਼ੀ ਕਲਾਸਾਂ ਪ੍ਰਦਾਨ ਕਰਦੀ ਹੈ ਦੀ ਮੁਖੀ ਕੈਥ ਸਕੈਰਥ ਦਾ ਮੰਨਣਾ ਹੈ ਕਿ ਨਵਾਂ ਕਾਨੂੰਨ ਪਰਵਾਸੀਆਂ ਦੇ ਪੂਰਨ ਹਿੱਤ ‘ਚ ਹੈ। ਉਹਨਾਂ ਹੋਰ ਕਿਹਾ ਕਿ ਸਾਨੂੰ ਉਹਨਾਂ ਲੋਕਾਂ ਲਈ ਵੀ ਯਤਨ ਕਰਨ ਦੀ ਲੋੜ ਹੈ ਜਿਹਨਾਂ ਨੇ ਕਿਸੇ ਵੀ ਭਾਸ਼ਾ ਵਿੱਚ ਕੋਈ ਮੁੱਢਲੀ ਸਿੱਖਿਆ ਵੀ ਨਹੀਂ ਪ੍ਰਾਪਤ ਕੀਤੀ ਹੁੰਦੀ, ਜਿਵੇਂ ਕਈ ਲੋਕਾਂ ਨੇ ਆਪਣੀ ਬਹੁਤੀ ਜਿੰਦਗੀ ਸ਼ਰਨਾਰਥੀ ਕੈਂਪਾਂ ‘ਚ ਹੀ ਗੁਜ਼ਾਰੀ ਹੁੰਦੀ ਹੈ। ਐਥਨਿਕ ਕਮਿਊਨਿਟੀਜ਼ ਕਾਂਊਂਸਲਸ ਆਫ ਆਸਟ੍ਰੇਲੀਆ ਵੱਲੋਂ ਵੀ ਇਸ ਨਵੇਂ ਕਾਨੂੰਨ ਦਾ ਸਵਾਗਤ ਕੀਤਾ ਗਿਆ ਹੈ।